ਰਾਸ਼ਟਰਮੰਡਲ ਖੇਡਾਂ ''ਚ ਉਤਰੇਗਾ ਭਾਰਤ ਦਾ 227 ਮੈਂਬਰੀ ਦਲ

02/27/2018 3:40:26 AM

ਨਵੀਂ ਦਿੱਲੀ— ਭਾਰਤ ਦਾ 227 ਮੈਂਬਰੀ ਵੱਡਾ ਭਾਰਤੀ ਦਲ ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ 4 ਤੋਂ 15 ਅਪ੍ਰੈਲ ਤਕ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਚ ਉਤਰੇਗਾ। ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਡਾ. ਨਰਿੰਦਰ ਬੱਤਰਾ ਨੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਤੇ ਖਿਡਾਰੀਆਂ ਦੀ ਮੌਜੂਦਗੀ ਵਿਚ ਸੋਮਵਾਰ ਇਥੇ ਇਕ ਪ੍ਰੋਗਰਾਮ 'ਚ ਇਹ ਐਲਾਨ ਕੀਤਾ। 
ਇਸ ਪ੍ਰੋਗਰਾਮ 'ਚ ਰੇਮੰਡ ਨੂੰ ਭਾਰਤੀ ਦਲ ਦਾ ਅਧਿਕਾਰਤ ਸਟਾਈਲ ਪਾਰਟਨਰ ਤੇ ਸ਼ਿਵ ਨਰੇਸ਼ ਸਪੋਰਟਸ ਨੂੰ ਅਧਿਕਾਰਤ ਕਿੱਟ ਪਾਰਟਨਰ ਐਲਾਨ ਕੀਤਾ ਗਿਆ। ਇਸ ਮੌਕੇ ਰਾਠੌਰ ਤੇ ਬੱਤਰਾ ਨੇ ਭਾਰਤੀ ਦਲ ਦੇ ਉਦਘਾਟਨੀ ਤੇ ਸਮਾਪਤੀ ਸਮਾਰੋਹ ਦੀ ਡ੍ਰੈੱਸ ਅਤੇ ਖੇਡਣ ਦੀ ਕਿੱਟ ਦੀ ਘੁੰਡ ਚੁਕਾਈ ਕੀਤੀ। ਬੱਤਰਾ ਨੇ ਕਿਹਾ, ''ਭਾਰਤ ਦਾ 227 ਮੈਂਬਰੀ ਦਲ ਗੋਲਡ ਕੋਸਟ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ 'ਚ ਉਤਰੇਗਾ। ਇਸ ਦਲ 'ਚ 123 ਪੁਰਸ਼ ਤੇ 104 ਮਹਿਲਾ ਖਿਡਾਰੀ ਸ਼ਾਮਲ ਹਨ। ਇਹ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿਚ ਭਾਰਤ ਦਾ ਦੂਜਾ ਸਭ ਤੋਂ ਵੱਡਾ ਦਲ ਹੋਵੇਗਾ।''
ਭਾਰਤੀ ਦਲ 'ਚ ਐਥਲੈਟਿਕਸ ਵਿਚ ਸਭ ਤੋਂ ਵੱਧ 37 ਤੇ ਹਾਕੀ 'ਚ 36 ਖਿਡਾਰੀ ਹੋਣਗੇ। ਆਈ. ਓ. ਏ. ਮੁਖੀ ਨੇ ਕਿਹਾ, ''2014 'ਚ ਪਿਛਲੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿਚ ਅਸੀਂ 64 ਤਮਗੇ ਜਿੱਤੇ ਸਨ ਪਰ ਇਸ ਵਾਰ ਪੂਰੀ ਉਮੀਦ ਹੈ ਕਿ ਗੋਲਡ ਕੋਸਟ 'ਚ ਤਮਗਿਆਂ ਦੀ ਗਿਣਤੀ ਗਲਾਸਗੋ ਤੋਂ ਵੱਧ ਹੋਵੇਗੀ।''
ਬੱਤਰਾ ਨੇ ਕਿਹਾ ਕਿ ਆਈ. ਓ. ਏ. ਨੇ ਰਾਸ਼ਟਰਮੰਡਲ ਖੇਡਾਂ, ਇਸੇ ਸਾਲ ਹੋਣ ਵਾਲੀਆਂ ਏਸ਼ੀਆਈ ਖੇਡਾਂ ਤੇ 2020 ਦੀਆਂ ਓਲੰਪਿਕ ਖੇਡਾਂ ਲਈ ਐਡੇਲਵੇਸ ਗਰੁੱਪ ਦੇ ਨਾਲ ਲੰਬੇ ਸਮੇਂ ਲਈ ਕਰਾਰ ਕੀਤਾ ਹੈ। ਇਸ ਕਰਾਰ ਦੇ ਤਹਿਤ ਐਡੇਲਵੇਸ ਟੋਕੀਓ ਲਾਈਫ ਇੰਸ਼ੋਰੈਂਸ ਰਾਸ਼ਟਰਮੰਡਲ ਖੇਡਾਂ 'ਚ ਉਤਰਨ ਵਾਲੇ ਹਰੇਕ ਭਾਰਤੀ ਐਥਲੀਟ ਨੂੰ 50-50 ਲੱਖ ਰੁਪਏ ਦਾ ਬੀਮਾ ਕਵਰ ਦੇਵੇਗਾ। ਐਡੇਲਵੇਸ ਨੇ 2016 'ਚ ਰੀਓ ਓਲੰਪਿਕ ਵਿਚ ਭਾਰਤੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦਾ ਬੀਮਾ ਕਵਰ ਦਿੱਤਾ ਸੀ।
ਪ੍ਰੋਗਰਾਮ 'ਚ ਬੈਡਮਿੰਟਨ ਸਟਾਰ ਐੱਚ. ਐੱਸ. ਪ੍ਰਣਯ, ਹਾਕੀ ਕਪਤਾਨ ਮਨਪ੍ਰੀਤ ਸਿੰਘ ਤੇ ਰਾਣੀ ਰਾਮਪਾਲ, ਡ੍ਰੈਗ ਫਲਿੱਕਰ ਰੁਪਿੰਦਰਪਾਲ ਸਿੰਘ, ਮਹਿਲਾ ਗੋਲਕੀਪਰ ਸਵਿਤਾ ਪੂਨੀਆ, ਨਿਸ਼ਾਨੇਬਾਜ਼ ਜੀਤੂ ਰਾਏ, ਮਨੂ ਭਾਕਰ, ਅਨੁਰਾਜ ਸਿੰਘ ਤੇ ਅਨੀਸ਼ ਭਨਵਾਲਾ ਅਤੇ ਸਟਾਰ ਜਿਮਨਾਸਟ ਦੀਪਾ ਕਰਮਾਕਰ, ਪ੍ਰਣਨੀਤੀ ਦਾਸ, ਮੁਹੰਮਦ ਬੌਬੀ ਤੇ ਗੌਰਵ ਕੁਮਾਰ ਮੌਜੂਦ ਸਨ। ਇਨ੍ਹਾਂ ਸਾਰੇ ਖਿਡਾਰੀਆਂ ਨੂੰ ਕਿੱਟ ਪ੍ਰਦਾਨ ਕੀਤੀ ਗਈ। ਹਾਲਾਂਕਿ ਦੀਪਾ ਆਪਣੀ ਸੱਟ ਤੋਂ ਉੱਭਰ ਨਾ ਸਕਣ ਕਾਰਨ ਇਨ੍ਹਾਂ ਖੇਡਾਂ 'ਚ ਹਿੱਸਾ ਨਹੀਂ ਲੈ ਸਕੇਗੀ।
ਨਿਸ਼ਾਨੇਬਾਜ਼ੀ ਨੂੰ ਬਹਾਲ ਕਰਵਾਉਣ ਦੀ ਕੋਸ਼ਿਸ਼ ਜਾਰੀ ਹੈ : ਰਾਠੌਰ
ਕੇਂਦਰੀ ਖੇਡ ਮੰਤਰੀ ਤੇ 2004 ਏਥਨਜ਼ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਨਿਸ਼ਾਨੇਬਾਜ਼ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ ਹੈ ਕਿ ਨਿਸ਼ਾਨੇਬਾਜ਼ੀ ਨੂੰ ਰਾਸ਼ਟਰਮੰਡਲ ਖੇਡਾਂ ਵਿਚ ਫਿਰ ਤੋਂ ਬਹਾਲ ਕਰਨ ਦੀ ਕੋਸ਼ਿਸ਼ ਗੰਭੀਰਤਾ ਨਾਲ ਜਾਰੀ ਹੈ। ਜ਼ਿਕਰਯੋਗ ਹੈ ਕਿ ਅਪ੍ਰੈਲ 'ਚ ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਨਿਸ਼ਾਨੇਬਾਜ਼ੀ ਰਹੇਗੀ ਪਰ 2022 ਦੀਆਂ ਰਾਸ਼ਟਰਮੰਡਲ ਖੇਡਾਂ ਤੋਂ ਨਿਸ਼ਾਨੇਬਾਜ਼ੀ ਨੂੰ ਹਟਾ ਦਿੱਤਾ ਗਿਆ ਹੈ।


Related News