IND v WI : ਵਿੰਡੀਜ਼ ਨੂੰ 4 ਵਿਕਟਾਂ ਨਾਲ ਹਰਾ ਭਾਰਤ ਨੇ 2-1 ਨਾਲ ਜਿੱਤੀ ਸੀਰੀਜ਼

Sunday, Dec 22, 2019 - 09:40 PM (IST)

ਕਟਕ- ਕਪਤਾਨ ਵਿਰਾਟ ਕੋਹਲੀ (85), ਓਪਨਰ ਲੋਕੇਸ਼ ਰਾਹੁਲ (77) ਤੇ ਉਪ ਕਪਤਾਨ ਰੋਹਿਤ ਸ਼ਰਮਾ (63) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੇ ਹੇਠਲੇ ਕ੍ਰਮ ਵਿਚ ਰਵਿੰਦਰ ਜਡੇਜਾ ਤੇ ਸ਼ਾਰਦੁਲ ਠਾਕੁਰ ਦੇ ਉਪਯੋਗੀ ਯੋਗਦਾਨ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ ਵੱਡੇ ਸਕੋਰ ਵਾਲੇ ਤੀਜੇ ਤੇ ਆਖਰੀ ਵਨ ਡੇ ਵਿਚ ਐਤਵਾਰ ਨੂੰ 4 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਮੁਕਾਬਲਾ ਕਾਫੀ ਸਖਤ ਸੀ ਪਰ ਜਡੇਜਾ ਨੇ ਅਜੇਤੂ 39 ਤੇ ਠਾਕੁਰ ਨੇ ਅਜੇਤੂ 17 ਦੌੜਾਂ ਬਣਾ ਕੇ ਜਿੱਤ ਭਾਰਤ ਦੀ ਝੋਲੀ ਵਿਚ ਪਾ ਦਿੱਤੀ।

PunjabKesari
ਵੈਸਟਇੰਡੀਜ਼ ਨੇ ਨਿਕੋਲਸ ਪੂਰਨ (89) ਤੇ ਕਪਤਾਨ ਕੀਰੋਨ ਪੋਲਾਰਡ (ਅਜੇਤੂ 74) ਦੀਆਂ ਧਮਾਕੇਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਤੇ ਉਨ੍ਹਾਂ ਵਿਚਾਲੇ ਪੰਜਵੀਂ ਵਿਕਟ ਲਈ 135 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਦੀ ਬਦੌਲਤ ਨਿਰਧਾਰਤ 50 ਓਵਰਾਂ ਵਿਚ 5 ਵਿਕਟਾਂ 'ਤੇ 315 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ, ਜਦਕਿ ਭਾਰਤ ਨੇ 48.4 ਓਵਰਾਂ ਵਿਚ 6 ਵਿਕਟਾਂ 'ਤੇ 316 ਦੌੜਾਂ ਬਣਾ ਕੇ ਜਿੱਤ ਤੇ ਸੀਰੀਜ਼ ਆਪਣੇ ਨਾਂ ਕਰ ਲਈ। ਭਾਰਤ ਨੇ ਇਸ ਜਿੱਤ ਦੇ ਨਾਲ ਹੀ ਇਸ ਸਾਲ ਐਤਵਾਰ ਨੂੰ ਮੈਚ ਹਾਰ ਜਾਣ ਦਾ ਅੜਿੱਕਾ ਵੀ ਤੋੜ ਦਿੱਤਾ। ਮੁਸ਼ਕਿਲ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤੀ ਓਪਨਰਾਂ ਲੋਕੇਸ਼ ਰਾਹੁਲ ਤੇ ਰੋਹਿਤ ਸ਼ਰਮਾ ਨੇ ਆਪਣੀ ਸ਼ਾਦਨਾਰ ਫਾਰਮ ਜਾਰੀ ਰੱਖਦੇ ਹੋਏ ਅਰਧ ਸੈਂਕੜੇ ਬਣਾਏ ਤੇ ਓਪਨਿੰਗ ਸਾਂਝੇਦਾਰੀ ਵਿਚ 122 ਦੌੜਾਂ ਜੋੜੀਆਂ। ਰਾਹੁਲ ਤੇ ਰੋਹਿਤ ਨੇ ਦੂਜੇ ਵਨ ਡੇ ਵਿਚ ਭਾਰਤ ਦੀ ਜਿੱਤ ਵਿਚ ਸੈਂਕੜੇ ਬਣਾਏ ਸਨ। ਰਾਹੁਲ ਨੇ ਆਪਣਾ 12ਵਾਂ ਅਰਧ ਸੈਂਕੜਾ ਬਣਇਆ, ਜਦਕਿ ਰੋਹਿਤ ਨੇ 43ਵਾਂ ਅਰਧ ਸੈਂਕੜਾ ਬਣਾਇਆ। ਵਿਰਾਟ ਨੇ 55ਵਾਂ ਅਰਧ ਸੈਂਕੜਾ ਬਣਾਇਆ। ਰਾਹੁਲ ਤੇ ਰੋਹਿਤ ਦੇ ਆਊਟ ਹੋਣ ਤੋਂ ਬਾਅਦ ਤੇਜ਼ ਗੇਂਦਬਾਜ਼ ਕੀਮੋ ਪੌਲ ਨੇ ਸ਼੍ਰੇਅਸ ਅਈਅਰ ਤੇ ਰਿਸ਼ਭ ਪੰਤ ਨੂੰ ਵੀ ਜਲਦੀ-ਜਲਦੀ ਆਊਟ ਕਰ ਕੇ ਭਾਰਤੀ ਟੀਮ ਨੂੰ ਪ੍ਰੇਸ਼ਾਨੀ ਵਿਚ ਪਾ ਦਿੱਤਾ। ਪਿਛਲੇ ਮੈਚ ਵਿਚ ਤੂਫਾਨੀ ਬੱਲੇਬਾਜ਼ੀ ਕਰਨ ਵਾਲੇ ਅਈਅਰ ਤੇ ਪੰਤ ਇਸ ਵਾਰ ਸਿਰਫ 7-7 ਦੌੜਾਂ ਹੀ ਬਣਾ ਸਕੇ। ਸ਼ੈਲਡਨ ਕੋਟਰੈੱਲ ਨੇ ਕੇਦਾਰ ਜਾਧਵ (9) ਨੂੰ ਬੋਲਡ ਕਰਕੇ ਭਾਰਤ ਦਾ ਸੰਕਟ ਵਧਾ ਦਿੱਤਾ ਸੀ।

PunjabKesari
ਇਨ੍ਹਾਂ ਤਿੰਨੇ ਬੱਲੇਬਾਜ਼ਾਂ ਨੇ ਦੂਜੇ ਪਾਸੇ ਕਪਤਾਨ ਵਿਰਾਟ ਕੋਹਲੀ ਦੇ ਮੌਜੂਦ ਹੋਣ ਦੇ ਬਾਵਜੂਦ ਵਿਕਟ 'ਤੇ ਟਿਕਣ ਦੀ ਜ਼ਿੰਮੇਵਾਰੀ ਨਹੀਂ ਦਿਖਾਈ। ਭਾਰਤ ਦੀਆਂ ਸਾਰੀਆਂ ਉਮੀਦਾਂ ਹੁਣ ਵਿਰਾਟ 'ਤੇ ਟਿਕੀਆਂ ਹੋਈਆਂ ਸਨ ਤੇ ਉਸ ਨੂੰ ਦੂਜੇ ਪਾਸੇ ਰਵਿੰਦਰ ਜਡੇਜਾ ਦਾ ਚੰਗਾ ਸਾਥ ਮਿਲਿਆ। ਮੈਚ ਲਗਾਤਾਰ ਰੋਮਾਂਚਕ ਹੁੰਦਾ ਜਾ ਰਿਹਾ ਸੀ। 45 ਓਵਰਾਂ ਵਿਚ ਭਾਰਤ ਦਾ ਸਕੋਰ 278 ਦੌੜਾਂ 'ਤੇ ਪਹੁੰਚ ਚੱੁੱਕਾ ਸੀ ਤੇ ਆਖਰੀ 30 ਗੇਂਦਾਂ 'ਤੇ ਉਸ ਨੂੰ 38 ਦੌੜਾਂ ਦੀ ਲੋੜ ਸੀ। ਆਖਰੀ 4 ਓਵਰਾਂ ਵਿਚ ਇਹ ਅੰਕੜਾ 30 ਦੌੜਾਂ ਰਹਿ ਗਿਆ ਪਰ 47ਵੇਂ ਓਵਰ ਦੀ ਪਹਿਲੀ ਗੇਂਦ 'ਤੇ ਭਾਰਤ ਨੂੰ ਸਭ ਤੋਂ ਵੱਡਾ ਝਟਕਾ ਲੱਗ ਗਿਆ, ਜਦੋਂ ਕੀਮੋ ਪੌਲ ਨੇ ਵਿਰਾਟ ਦੀ ਬੇਸ਼ਕੀਮਤੀ ਵਿਕਟ ਲੈ ਲਈ। ਵਿਰਾਟ ਤੇ ਜਡੇਜਾ ਨੇ ਛੇਵੀਂ ਵਿਕਟ ਲਈ 58 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ।
ਨਵੇਂ ਬੱਲੇਬਾਜ਼ ਸ਼ਾਰਦੁਲ ਠਾਕੁਰ ਨੇ ਆਉਣ ਦੇ ਨਾਲ ਹੀ ਪੌਲ 'ਤੇ ਚੌਕਾ ਲਾਇਆ। 47ਵਾਂ ਓਵਰ ਖਤਮ ਹੋਣ ਤੋਂ ਬਾਅਦ ਭਾਰਤ ਲਈ 18 ਗੇਂਦਾਂ 'ਤੇ 22 ਦੌੜਾਂ ਦਾ ਅੰਕੜਾ ਰਹਿ ਗਿਆ। ਠਾਕੁਰ ਨੇ ਅਗਲੇ ਓਵਰ ਸ਼ੈਲਡਨ ਕੋਟਰੈੱਲ 'ਤੇ ਸ਼ਾਨਦਾਕ ਛੱਕਾ ਮਾਰਿਆ ਤੇ ਇਸਦੇ ਨਾਲ ਹੀ ਭਾਰਤ ਦੀਆਂ 300 ਦੌੜਾਂ ਵੀ ਪੂਰੀਆਂ ਹੋ ਗਈਆਂ। ਠਾਕੁਰ ਨੇ ਅਗਲੀ ਗੇਂਦ 'ਤੇ ਚੌਕਾ ਮਾਰ ਕੇ ਭਾਰਤ ਨੂੰ ਜਿੱਤ ਦੇ ਨੇੜੇ ਲਿਆ ਦਿੱਤਾ। ਹੁਣ ਭਾਰਤ ਨੂੰ 12 ਗੇਂਦਾਂ 'ਤੇ 7 ਦੌੜਾਂ ਦੀ ਲੋੜ ਸੀ ਤੇ ਸਟੇਡੀਅਮ ਵਿਚ ਜਸ਼ਨ ਮਨਾਉਣਾ ਸ਼ੁਰੂ ਹੋ ਗਿਆ ਸੀ। ਭਾਰਤ ਨੇ 49ਵੇਂ ਓਵਰ ਦੀ ਚੌਥੀ ਗੇਂਦ 'ਤੇ ਨੋ ਬਾਲ ਪੈਂਦੇ ਹੀ ਜਿੱਤ ਹਾਸਲ ਕਰ ਲਈ।

ਵੈਸਟਇੰਡੀਜ਼ (ਪਲੇਇੰਗ ਇਲੈਵਨ) : ਏਵਿਨ ਲੇਵਿਸ, ਸ਼ਾਈ ਹੋਪ (ਡਬਲਯੂ), ਸਿਮਰੋਨ ਹੇਟਮਾਇਰ, ਰੋਸਟਨ ਚੇਜ਼, ਨਿਕੋਲਸ ਪੂਰਨ, ਕੀਰੋਨ ਪੋਲਾਰਡ (ਕਪਤਾਨ), ਜੇਸਨ ਹੋਲਡਰ, ਕੀਮੋ ਪਾਲ, ਅਲਜ਼ਾਰੀ ਜੋਸਫ, ਖੈਰੀ ਪਿਅਰੇ, ਸ਼ੈਲਡਨ ਕੋਟਰੇਲ

ਭਾਰਤ (ਪਲੇਇੰਗ ਇਲੈਵਨ) : ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਕੇਦਾਰ ਜਾਧਵ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਨਵਦੀਪ ਸੈਣੀ


Related News