IND vs WI : ਜੇਤੂ ਸ਼ੁਰੂਆਤ ਲਈ ਉਤਰੇਗੀ ਭਾਰਤੀ ਟੀਮ

12/15/2019 2:30:30 AM

ਚੇਨਈ- ਰਨ ਮਸ਼ੀਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਐਤਵਾਰ ਇਥੇ ਵੈਸਟਇੰਡੀਜ਼ ਵਿਰੁੱਧ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਵਿਚ ਮਹਿਮਾਨ ਟੀਮ ਵਿਰੁੱਧ ਲਗਾਤਾਰ 10ਵੀਂ ਦੋ-ਪੱਖੀ ਸੀਰੀਜ਼ ਜਿੱਤਣ ਦੇ ਮਜ਼ਬੂਤ ਇਰਾਦੇ ਨਾਲ ਉਤਰੇਗੀ। ਸੀਰੀਜ਼ ਦਾ ਪਹਿਲਾ ਮੈਚ ਇਥੇ ਐੱਮ. ਏ. ਚਿਦਾਂਬਰਮ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤੀ ਟੀਮ ਵਿੰਡੀਜ਼ ਤੋਂ ਟੀ-20 ਸੀਰੀਜ਼ 2-1 ਨਾਲ ਜਿੱਤ ਕੇ ਇਸ ਮੁਕਾਬਲੇ ਵਿਚ ਉਤਰ ਰਹੀ ਹੈ। ਹਾਲਾਂਕਿ ਇਸ ਮੁਕਾਬਲੇ 'ਤੇ ਮੀਂਹ ਦਾ ਖਤਰਾ ਮੰਡਰਾਅ ਰਿਹਾ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਇਥੇ ਭਾਰੀ ਮੀਂਹ ਪੈ ਰਿਹਾ ਹੈ। ਵਿਰਾਟ ਦੀ ਟੀਮ ਨੂੰ ਵਿੰਡੀਜ਼ ਦੇ ਪਲਟਵਾਰ ਤੋਂ ਚੌਕਸ ਰਹਿਣਾ ਪਵੇਗਾ, ਜਿਸ ਨੇ ਟੀ-20 ਸੀਰੀਜ਼ ਦਾ ਦੂਜਾ ਮੈਚ ਆਸਾਨੀ ਨਾਲ 8 ਵਿਕਟਾਂ ਨਾਲ ਜਿੱਤਿਆ ਸੀ। ਭਾਰਤੀ ਟੀਮ ਸੀਰੀਜ਼ ਵਿਚ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ, ਜਦਕਿ ਮਹਿਮਾਨ ਟੀਮ ਟੀ-20 ਸੀਰੀਜ਼ ਦੇ ਦੂਜੇ ਮੈਚ ਵਿਚ ਮਿਲੀ ਜਿੱਤ ਤੋਂ ਪ੍ਰੇਰਣਾ ਲੈ ਕੇ ਭਾਰਤ ਸਾਹਮਣੇ ਚੁਣੌਤੀ ਪੇਸ਼ ਕਰਨਾ ਚਾਹੇਗੀ।  ਭਾਰਤ  ਨੂੰ ਸੀਰੀਜ਼ ਦੀ ਪੂਰਬਲੀ ਸ਼ਾਮ 'ਤੇ ਸਵਿੰਗ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਸੱਟ ਕਾਰਣ ਸੀਰੀਜ਼ ਵਿਚੋਂ ਬਾਹਰ ਹੋਣ ਨਾਲ ਝਟਕਾ ਲੱਗਾ ਹੈ। ਭੁਵਨੇਸ਼ਵਰ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।
ਟੀਮ ਇੰਡੀਆ ਦੀ ਬੱਲੇਬਾਜ਼ੀ ਇਸ ਸਮੇਂ ਸ਼ਾਨਦਾਰ ਫਾਰਮ 'ਚ
ਟੀਮ ਇੰਡੀਆ ਇਸ ਸਮੇਂ ਬੱਲੇਬਾਜ਼ੀ ਦੇ ਲਿਹਾਜ਼ ਨਾਲ ਸ਼ਾਨਦਾਰ ਫਾਰਮ ਵਿਚ ਹੈ। ਕਪਤਾਨ ਵਿਰਾਟ ਕੋਹਲੀ ਜੰਮ ਕੇ ਦੌੜਾਂ ਬਣਾ ਰਿਹਾ ਹੈ, ਜਦਕਿ ਓਪਨਿੰਗ ਵਿਚ ਲੋਕੇਸ਼ ਰਾਹੁਲ ਦਾ ਦੌੜਾਂ ਬਣਾਉਣਾ ਭਾਰਤ ਲਈ ਸੁਖਦਾਇਕ ਸੰਕੇਤ ਹੈ। ਮੁੰਬਈ ਵਿਚ ਆਖਰੀ ਟੀ-20 ਵਿਚ ਰੋਹਿਤ ਸ਼ਰਮਾ, ਲੋਕੇਸ਼ ਰਾਹੁਲ ਤੇ ਕਪਤਾਨ ਵਿਰਾਟ ਕੋਹਲੀ ਦੀ ਤਿਕੜੀ ਨੇ ਅਨੋਖਾ ਰਿਕਾਰਡ ਬਣਾਇਆ ਸੀ। ਇਸ ਮੁਕਾਬਲੇ ਵਿਚ ਰੋਹਿਤ ਨੇ 71, ਰਾਹੁਲ ਨੇ 91 ਤੇ ਵਿਰਾਟ ਨੇ ਅਜੇਤੂ 70 ਦੌੜਾਂ ਬਣਾਈਆਂ ਸਨ ਤੇ ਹਰ ਤਰ੍ਹਾਂ ਦੇ ਟੀ-20 ਮੁਕਾਬਲਿਆਂ ਵਿਚ ਇਹ ਪਹਿਲਾ ਮੌਕਾ ਸੀ, ਜਦੋਂ ਤਿੰਨ ਬੱਲੇਬਾਜ਼ਾਂ ਨੇ ਮੈਚ ਵਿਚ 70 ਤੋਂ ਵੱਧ ਦਾ ਸਕੋਰ ਬਣਾਇਆ ਸੀ। ਰਾਹੁਲ ਦੀ ਫਾਰਮ ਨਾਲ ਭਾਰਤ ਨੂੰ ਸ਼ਿਖਰ ਧਵਨ ਦੀ ਕਮੀ ਮਹਿਸੂਸ ਨਹੀਂ ਹੋ ਰਹੀ ਹੈ, ਜਿਹੜਾ ਗੋਡੇ ਦੀ ਸੱਟ ਕਾਰਣ ਇਸ ਸੀਰੀਜ਼ 'ਚੋਂ ਬਾਹਰ ਹੋ ਗਿਆ ਹੈ। ਰੋਹਿਤ ਤੇ ਰਾਹੁਲ ਪਾਰੀ ਦੀ ਸ਼ੁਰੂਆਤ ਕਰਨਗੇ, ਜਿਸ ਤੋਂ ਬਾਅਦ ਵਿਰਾਟ ਤੇ ਚੌਥੇ ਮਹੱਤਵਪੂਰਨ ਨੰਬਰ 'ਤੇ ਸ਼੍ਰੇਅਸ ਅਈਅਰ ਉਤਰੇਗਾ। ਇਸ ਤੋਂ ਬਾਅਦ ਆਲਰਾਊਂਡਰ ਸ਼ਿਵਮ ਤੇ ਆਲੋਚਨਾ ਝੱਲ ਰਿਹਾ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਉਤਰੇਗਾ।
ਟੀਮਾਂ ਇਸ ਤਰ੍ਹਾਂ ਹਨ—
ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਮਯੰਕ ਅਗਰਵਾਲ, ਕੇ. ਐੱਲ. ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਸ਼ਿਵਮ ਦੂਬੇ, ਕੇਦਾਰ ਜਾਧਵ, ਰਵਿੰਦਰ ਜਡੇਜਾ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਦੀਪਕ ਚਾਹਰ, ਮੁਹੰਮਦ ਸ਼ੰਮੀ ਤੇ ਸ਼ਾਰਦੁਲ ਠਾਕੁਰ।
ਵੈਸਟਇੰਡੀਜ਼ : ਕੀਰੋਨ ਪੋਲਾਰਡ (ਕਪਤਾਨ), ਸੁਨੀਲ ਅੰਬਰੀਸ਼, ਸ਼ਾਈ ਹੋਪ, ਖੈਰੀ ਪਿਯਰੇ, ਰੋਸਟਨ ਚੇਜ਼,ਅਲਜਾਰੀ ਜੋਸਫ, ਸ਼ੈਲਡਨ ਕੋਟਰੈੱਲ, ਬ੍ਰੈਂਡਨ ਕਿੰਗ, ਨਿਕੋਲਸ ਪੂਰਨ, ਸ਼ਿਮਰੋਨ ਹੈੱਟਮਾਇਰ, ਐਵਿਨ ਲੂਈਸ, ਰੋਮਾਰੀਓ ਸ਼ੇਫਰਡ, ਜੈਸਨ ਹੋਲਡਰ, ਕੀਮੋ ਪਾਲ ਤੇ ਹੇਡਨ ਵਾਲਸ਼ ਜੂਨੀਅਰ।


Gurdeep Singh

Content Editor

Related News