IND vs SA : ਟੀਮ ਇੰਡੀਆ T-20 WC ਤੋਂ ਪਹਿਲਾਂ ਡੈਥ ਓਵਰਾਂ 'ਚ ਆਪਣੀ ਗੇਂਦਬਾਜ਼ੀ ਬਿਹਤਰ ਕਰਨਾ ਚਾਹੇਗੀ

Wednesday, Sep 28, 2022 - 12:28 PM (IST)

IND vs SA : ਟੀਮ ਇੰਡੀਆ T-20 WC ਤੋਂ ਪਹਿਲਾਂ ਡੈਥ ਓਵਰਾਂ 'ਚ ਆਪਣੀ ਗੇਂਦਬਾਜ਼ੀ ਬਿਹਤਰ ਕਰਨਾ ਚਾਹੇਗੀ

ਤਿਰੂਅਨੰਤਪੁਰਮ : ਦੱਖਣੀ ਅਫਰੀਕਾ ਦੇ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ਦੇ ਜ਼ਰੀਏ ਭਾਰਤੀ ਟੀਮ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਡੈਥ ਓਵਰਾਂ ਦੀ ਗੇਂਦਬਾਜ਼ੀ ਨੂੰ ਬਿਹਤਰ ਬਣਾਉਣ ਅਤੇ ਬੱਲੇਬਾਜ਼ਾਂ ਨੂੰ ਵਧੀਆ ਅਭਿਆਸ ਦੇਣ ਦੇ ਇਰਾਦੇ ਨਾਲ ਉਤਰੇਗੀ। 

ਆਸਟ੍ਰੇਲੀਆ ਖਿਲਾਫ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਡੈਥ ਗੇਂਦਬਾਜ਼ੀ 'ਚ ਸੁਧਾਰ ਦੀ ਲੋੜ ਹੈ। ਭਾਰਤੀ ਟੀਮ ਨੂੰ ਆਪਣੇ ਦੋ ਮੁੱਖ ਗੇਂਦਬਾਜ਼ਾਂ ਹਾਰਦਿਕ ਪੰਡਯਾ ਅਤੇ ਭੁਵਨੇਸ਼ਵਰ ਕੁਮਾਰ ਦੀ ਕਮੀ ਮਹਿਸੂਸ ਹੋਵੇਗੀ, ਜਿਨ੍ਹਾਂ ਨੂੰ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਰਾਮ ਦਿੱਤਾ ਗਿਆ ਹੈ। ਮੁਹੰਮਦ ਸ਼ੰਮੀ ਅਜੇ ਤੱਕ ਕੋਰੋਨਾ ਇਨਫੈਕਸ਼ਨ ਤੋਂ ਠੀਕ ਨਹੀਂ ਹੋਏ ਹਨ ਅਤੇ ਉਹ ਤਿੰਨੋਂ ਮੈਚ ਨਹੀਂ ਖੇਡ ਸਕਣਗੇ।

ਹਰਸ਼ਲ ਪਟੇਲ ਨੇ ਸੱਟ ਤੋਂ ਉਭਰਨ ਤੋਂ ਬਾਅਦ ਆਸਟ੍ਰੇਲੀਆ ਦੇ ਖਿਲਾਫ ਸੀਰੀਜ਼ 'ਚ ਵਾਪਸੀ ਕੀਤੀ ਪਰ ਉਸ ਨੇ 12 ਦੀ ਔਸਤ ਨਾਲ ਦੌੜਾਂ ਦੇ ਦਿੱਤੀਆਂ ਅਤੇ ਉਸ ਦਾ ਇਕਾਨਮੀ ਰੇਟ ਨੌਂ ਤੋਂ ਉੱਪਰ ਸੀ। ਵਿਸ਼ਵ ਕੱਪ ਸਟੈਂਡਬਾਏ ਦੀਪਕ ਚਾਹਰ ਨੂੰ ਪਿਛਲੀ ਸੀਰੀਜ਼ 'ਚ ਮੌਕਾ ਨਹੀਂ ਮਿਲਿਆ ਸੀ ਅਤੇ ਹੁਣ ਤਿੰਨ ਮੈਚਾਂ 'ਚ ਗੇਂਦਬਾਜ਼ਾਂ ਨੂੰ ਰੋਟੇਟ ਕੀਤੇ ਜਾਣ 'ਤੇ ਉਹ ਖੇਡ ਖੇਡ ਸਕਦਾ ਹੈ। ਅਰਸ਼ਦੀਪ ਸਿੰਘ ਤੋਂ ਸਲੋਗ ਓਵਰਾਂ ਵਿੱਚ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾਵੇਗੀ, ਜੋ ਜਸਪ੍ਰੀਤ ਬੁਮਰਾਹ ਨਾਲ ਸਾਂਝੇਦਾਰੀ ਕਰੇਗਾ। ਆਸਟ੍ਰੇਲੀਆ ਖਿਲਾਫ ਪਹਿਲੇ ਦੋ ਮੈਚਾਂ 'ਚ ਪਿੱਚ ਸਪਾਟ ਰਹਿਣ ਤੋਂ ਬਾਅਦ ਤੀਜੇ ਮੈਚ 'ਚ ਟਰਨਿੰਗ ਪਿੱਚ 'ਤੇ ਯੁਜਵੇਂਦਰ ਚਾਹਲ ਨੇ ਚੰਗੀ ਗੇਂਦਬਾਜ਼ੀ ਕੀਤੀ।

ਚਾਹਲ ਆਸਟ੍ਰੇਲੀਆ ਦੀਆਂ ਪਿੱਚਾਂ ਨੂੰ ਦੇਖਦੇ ਹੋਏ ਆਪਣੇ ਪ੍ਰਦਰਸ਼ਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਗੇ। ਰੋਹਿਤ ਸ਼ਰਮਾ ਵਿਸ਼ਵ ਕੱਪ ਤੋਂ ਪਹਿਲਾਂ ਹੀ ਸਾਰੇ ਖਿਡਾਰੀਆਂ ਨੂੰ ਮੌਕਾ ਦੇਣ ਦੀ ਗੱਲ ਕਰ ਚੁੱਕੇ ਹਨ, ਇਸ ਲਈ ਆਰ. ਅਸ਼ਵਿਨ ਨੂੰ ਅੰਤਿਮ ਗਿਆਰਾਂ 'ਚ ਉਤਾਰਿਆ ਜਾ ਸਕਦਾ ਹੈ। ਬੱਲੇਬਾਜ਼ੀ 'ਚ ਕੇ. ਐੱਲ. ਰਾਹੁਲ ਆਸਟ੍ਰੇਲੀਆ ਦੇ ਖਿਲਾਫ ਨਹੀਂ ਚੱਲ ਸਕੇ ਅਤੇ ਉਹ ਇਸ ਸੀਰੀਜ਼ 'ਚ ਇਸ ਦੀ ਭਰਪਾਈ ਕਰਨਾ ਚਾਹੁਣਗੇ। ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਫਾਰਮ 'ਚ ਹਨ ਅਤੇ ਰਾਹੁਲ ਨੂੰ ਵੀ ਤੇਜ਼ ਰਫਤਾਰ ਨਾਲ ਦੌੜਾਂ ਬਣਾਉਣੀਆਂ ਪੈਣਗੀਆਂ।

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ 'ਚ ਹਾਰਦਿਕ ਪੰਡਯਾ ਨੂੰ ਆਰਾਮ, ਸ਼ੰਮੀ ਦੀ ਉਪਲੱਬਧਤਾ 'ਤੇ...

ਦਿਨੇਸ਼ ਕਾਰਤਿਕ ਨੂੰ ਆਸਟ੍ਰੇਲੀਆ ਖਿਲਾਫ ਸਿਰਫ ਅੱਠ ਗੇਂਦਾਂ ਹੀ ਖੇਡਣ ਨੂੰ ਮਿਲੀਆਂ ਅਤੇ ਰੋਹਿਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਕ੍ਰੀਜ਼ 'ਤੇ ਹੋਰ ਸਮਾਂ ਦੇਣ ਦੀ ਲੋੜ ਹੈ। ਵਿਸ਼ਵ ਕੱਪ ਟੀਮ ਦਾ ਹਿੱਸਾ ਦੀਪਕ ਹੁੱਡਾ ਪਿੱਠ ਦੀ ਸੱਟ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਨਹੀਂ ਖੇਡ ਸਕਣਗੇ। ਉਨ੍ਹਾਂ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਉਤਾਰਿਆ ਜਾ ਸਕਦਾ ਹੈ। ਭਾਰਤ ਨੇ ਘਰੇਲੂ ਦੁਵੱਲੀ ਸੀਰੀਜ਼ 'ਚ ਦੱਖਣੀ ਅਫਰੀਕਾ ਨੂੰ ਨਹੀਂ ਹਰਾਇਆ ਹੈ।

ਆਸਟ੍ਰੇਲੀਆ ਵਿਚ ਹੋਣ ਵਾਲੇ ਵਿਸ਼ਵ ਕੱਪ ਦੇ ਗਰੁੱਪ ਗੇੜ ਵਿਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਪਰ ਉਦੋਂ ਹਾਲਾਤ ਵੱਖਰੇ ਹੋਣਗੇ। ਇਨ੍ਹਾਂ ਤਿੰਨਾਂ ਮੈਚਾਂ 'ਚ ਦੋਵੇਂ ਟੀਮਾਂ ਆਪਣੀਆਂ ਕਮਜ਼ੋਰੀਆਂ ਦਾ ਪਤਾ ਲਗਾ ਸਕਦੀਆਂ ਹਨ ਅਤੇ ਉਨ੍ਹਾਂ 'ਤੇ ਕੰਮ ਕਰ ਸਕਦੀਆਂ ਹਨ। ਦੱਖਣੀ ਅਫਰੀਕਾ ਦੇ ਤਬਰੇਜ਼ ਸ਼ਮਸੀ ਨੇ ਕਿਹਾ, 'ਆਸਟ੍ਰੇਲੀਆ ਵਿੱਚ ਪਿੱਚਾਂ ਵੱਖਰੀਆਂ ਹੋਣਗੀਆਂ ਅਤੇ ਮੈਦਾਨ ਵੱਡਾ ਹੋਵੇਗਾ, ਪਰ ਗੇਂਦਬਾਜ਼ ਨੂੰ ਹਮੇਸ਼ਾ ਆਪਣੇ ਪ੍ਰਦਰਸ਼ਨ 'ਤੇ ਕੰਮ ਕਰਨਾ ਚਾਹੀਦਾ ਹੈ। ਭਾਰਤੀ ਬੱਲੇਬਾਜ਼ਾਂ ਨੂੰ ਪਰਖਣ ਦਾ ਇਹ ਸੁਨਹਿਰੀ ਮੌਕਾ ਹੋਵੇਗਾ।

ਟੀਮਾਂ :

ਭਾਰਤ : ਰੋਹਿਤ ਸ਼ਰਮਾ (ਕਪਤਾਨ), ਕੇ. ਐਲ. ਰਾਹੁਲ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਆਰ ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਹਰਸ਼ਲ ਪਟੇਲ, ਦੀਪਕ ਚਾਹਰ, ਜਸਪ੍ਰੀਤ ਬੁਮਰਾਹ।

ਦੱਖਣੀ ਅਫਰੀਕਾ : ਟੇਂਬਾ ਬਾਵੁਮਾ (ਕਪਤਾਨ), ਕੁਇੰਟਨ ਡੀ ਕਾਕ, ਬਿਓਰਨ ਫਾਰਚਿਊਨ, ਰੀਜ਼ਾ ਹੈਂਡਰਿਕਸ, ਹੇਨਰਿਕ ਕਲਾਸਨ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਏਡਨ ਮਾਰਕਰਮ, ਡੇਵਿਡ ਮਿਲਰ, ਲੁੰਗੀ ਐਨਗਿਡੀ, ਐਨਰਿਚ ਨੋਰਕੀਆ, ਵੇਨ ਪਰਨੇਲ, ਐਂਡੀਲੇ ਫੇਲੁਕਵਾਯੋ, ਡਵੇਨ ਪ੍ਰਿਟੋਰੀਅਸ, ਕੈਗਿਸੋ ਰਬਾਡਾ, ਰਿਲੀ ਰੋਸੋਯੂ, ਤਬਰੇਜ਼ ਸ਼ਮਸੀ, ਟ੍ਰਿਸਟਨ ਸਟੱਬਸ।

ਮੈਚ ਦਾ ਸਮਾਂ: ਸ਼ਾਮ 7 ਵਜੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News