IND vs SA : ਅੱਜ ਲੜੀ ਜਿੱਤਣ ਉਤਰੇਗਾ ਭਾਰਤ, ਸੂਰਯਕੁਮਾਰ ਦੇ ਪ੍ਰਦਰਸ਼ਨ ’ਤੇ ਰਹਿਣਗੀਆਂ ਨਜ਼ਰਾਂ

Friday, Dec 19, 2025 - 01:58 PM (IST)

IND vs SA : ਅੱਜ ਲੜੀ ਜਿੱਤਣ ਉਤਰੇਗਾ ਭਾਰਤ, ਸੂਰਯਕੁਮਾਰ ਦੇ ਪ੍ਰਦਰਸ਼ਨ ’ਤੇ ਰਹਿਣਗੀਆਂ ਨਜ਼ਰਾਂ

ਅਹਿਮਦਾਬਾਦ, (ਭਾਸ਼ਾ): ਚੋਣ ਨੂੰ ਲੈ ਕੇ ਉੱਠੇ ਸਵਾਲਾਂ ਤੇ ਕੁਝ ਕਮਜ਼ੋਰੀਆਂ ਦੇ ਉਜਾਗਰ ਹੋਣ ਵਿਚਾਲੇ ਭਾਰਤ ਸ਼ੁੱਕਰਵਾਰ ਨੂੰ ਇੱਥੇ ਹੋਣ ਵਾਲੇ 5ਵੇਂ ਤੇ ਆਖਰੀ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿਚ ਜਿੱਤ ਦਰਜ ਕਰ ਕੇ ਦੱਖਣੀ ਅਫਰੀਕਾ ਵਿਰੁੱਧ ਚੁਣੌਤੀਪੂਰਨ ਲੜੀ ਦਾ ਹਾਂ-ਪੱਖੀ ਅੰਤ ਕਰਨ ਦੀ ਕੋਸ਼ਿਸ਼ ਕਰੇਗਾ।

ਟੈਸਟ ਲੜੀ ਵਿਚ 0-2 ਨਾਲ ਹਾਰ ਜਾਣ ਤੋਂ ਬਾਅਦ ਭਾਰਤ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਵਨ ਡੇ ਲੜੀ ਜਿੱਤੀ। ਹੁਣ ਉਸ ਨੇ ਟੀ-20 ਲੜੀ ਵਿਚ 2-1 ਦੀ ਅਜੇਤੂ ਬੜ੍ਹਤ ਬਣਾ ਲਈ ਹੈ ਕਿਉਂਕਿ ਬੁੱਧਵਾਰ ਨੂੰ ਲਖਨਊ ਵਿਚ ਖਰਾਬ ਮੌਸਮ ਕਾਰਨ ਚੌਥਾ ਮੈਚ ਰੱਦ ਕਰ ਦਿੱਤਾ ਗਿਆ ਸੀ। ਇਹ ਤੈਅ ਹੈ ਕਿ ਭਾਰਤ ਹੁਣ ਇਸ ਲੜੀ ਨੂੰ ਹਾਰ ਨਹੀਂ ਸਕਦਾ ਜਿਹੜੀ ਮੁੱਖ ਕੋਚ ਗੌਤਮ ਗੰਭੀਰ ਲਈ ਰਾਹਤ ਦੀ ਗੱਲ ਹੋਣੀ ਚਾਹੀਦੀ ਹੈ ਕਿਉਂਕਿ ਟੀਮ ਦੇ ਦੋ ਪ੍ਰਮੁੱਖ ਖਿਡਾਰੀ ਸੂਰਯਕੁਮਾਰ ਯਾਦਵ ਤੇ ਟੈਸਟ ਤੇ ਵਨ ਡੇ ਕਪਤਾਨ ਸ਼ੁਭਮਨ ਗਿੱਲ ਪਿਛਲੇ ਕੁਝ ਸਮੇਂ ਤੋਂ ਦੌੜਾਂ ਬਣਾਉਣ ਲਈ ਜੂਝ ਰਹੇ ਹਨ।

ਕੁਝ ਸਮੇਂ ਪਹਿਲਾਂ ਤੱਕ ਵਿਸ਼ਵ ਦੇ ਨੰਬਰ ਇਕ ਖਿਡਾਰੀ ਰਹੇ ਸੂਰਯਕੁਮਾਰ ਦੀ ਫਾਰਮ ਭਾਰਤ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਉਸ ਨੇ ਟੀ-20 ਵਿਚ ਇਸ ਸਾਲ 20 ਮੈਚਾਂ ਵਿਚ 18 ਪਾਰੀਆਂ ਵਿਚੋਂ ਇਕ ਵੀ ਅਰਧ ਸੈਂਕੜਾ ਨਹੀਂ ਬਣਾਇਆ ਹੈ। ਇਸ ਦੌਰਾਨ ਉਸ ਨੇ 14.20 ਦੀ ਔਸਤ ਨਾਲ 213 ਦੌੜਾਂ ਬਣਾਈਆਂ। ਗਿੱਲ ਦਾ ਛੋਟੇ ਰੂਪ ਵਿਚ ਨਾ ਚੱਲ ਸਕਣਾ ਵੀ ਭਾਰਤ ਲਈ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਚਿੰਤਾ ਦਾ ਵਿਸ਼ਾ ਹੋਵੇਗਾ। ਉਹ ਪਿਛਲੇ ਮੈਚ ਵਿਚ ਅਭਿਆਸ ਦੌਰਾਨ ਜ਼ਖ਼ਮੀ ਹੋ ਗਿਆ ਸੀ, ਜਿਸ ਨਾਲ ਉਸਦਾ ਆਖਰੀ ਮੈਚ ਖੇਡਣਾ ਸ਼ੱਕੀ ਹੈ। ਭਾਰਤੀ ਟੀਮ ਕਿਸੇ ਤਰ੍ਹਾਂ ਦਾ ਜੋਖਮ ਲੈਣਾ ਸਹੀ ਨਹੀਂ ਸਮਝੇਗੀ ਕਿਉਂਕਿ ਉਸਦੇ ਕੋਲ ਚੋਟੀਕ੍ਰਮ ਵਿਚ ਸੰਜੂ ਸੈਮਸਨ ਦੇ ਰੂਪ ਵਿਚ ਇਕ ਚੰਗਾ ਬਦਲ ਮੌਜੂਦ ਹੈ।

ਸੈਮਸਨ ਹੇਠਲੇ ਕ੍ਰਮ ਵਿਚ ਬੱਲੇਬਾਜ਼ੀ ਲਈ ਕਦੇ ਵੀ ਸਹੀ ਬਦਲ ਨਹੀਂ ਸੀ। ਉਸ ਨੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ ਜਦਕਿ ਮੱਧਕ੍ਰਮ ਵਿਚ ਉਹ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ। ਉਸ ਨੇ ਆਪਣੇ ਤਿੰਨੇ ਟੀ-20 ਕੌਮਾਂਤਰੀ ਸੈਂਕੜੇ ਚੋਟੀਕ੍ਰਮ ਵਿਚ ਖੇਡਦੇ ਹੋਏ ਬਣਾਏ ਹਨ। ਆਖਰੀ ਮੈਚ ਵਿਚ ਗਿੱਲ ਦੀ ਅਣਉਪਲੱਬਧਤਾ ਦੀ ਸਥਿਤੀ ਵਿਚ ਮੌਕਾ ਮਿਲਣ ’ਤੇ ਕੇਰਲ ਦਾ ਇਹ ਵਿਕਟਕੀਪਰ-ਬੱਲੇਬਾਜ਼ ਇਸਦਾ ਪੂਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਇਲਾਵਾ ਭਾਰਤੀ ਟੀਮ ਸੰਤੁਲਿਤ ਨਜ਼ਰ ਆਉਂਦੀ ਹੈ ਕਿਉਂਕਿ ਦੋਵੇਂ ਆਲਰਾਊਂਡਰ ਹਾਰਦਿਕ ਪੰਡਯਾ ਤੇ ਸ਼ਿਵਮ ਦੂਬੇ ਹੁਣ ਤੱਕ ਖੇਡੇ ਗਏ ਤਿੰਨੇ ਮੈਚਾਂ ਵਿਚ ਆਖਰੀ-11 ਵਿਚ ਸ਼ਾਮਲ ਰਹੇ ਹਨ। ਤੇਜ਼ ਗੇਂਦਬਾਜ਼ੀ ਹਮਲੇ ਵਿਚ ਅਰਸ਼ਦੀਪ ਸਿੰਘ ਆਪਣੀ ਲੈਅ ਵਿਚ ਆ ਰਿਹਾ ਹੈ ਜਦਕਿ ਹਰਸ਼ਿਤ ਰਾਣਾ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਵਿਚਾਲੇ ਨਿੱਜੀ ਕਾਰਨਾਂ ਤੋਂ ਤੀਜੇ ਟੀ-20 ਕੌਮਾਂਤਰੀ ਮੈਚ ਵਿਚ ਨਾ ਖੇਡ ਸਕਣ ਵਾਲਾ ਜਸਪ੍ਰੀਤ ਬੁਮਰਾਹ ਚੌਥੇ ਮੈਚ ਤੋਂ ਪਹਿਲਾਂ ਟੀਮ ਨਾਲ ਜੁੜ ਗਿਆ ਸੀ।

ਇੱਥੋਂ ਦੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਮੰਨੀ ਜਾਂਦੀ ਹੈ ਜਿਹੜੀ ਇਸ ਲੜੀ ਵਿਚ ਭਾਰਤ ਦੇ ਸਰਵੋਤਮ ਗੇਂਦਬਾਜ਼ ਵਰੁਣ ਚੱਕਰਵਰਤੀ (6 ਵਿਕਟਾਂ) ਲਈ ਚੁਣੌਤੀ ਪੇਸ਼ ਕਰੇਗੀ।  ਜਿੱਥੋਂ ਤੱਕ ਦੱਖਣੀ ਅਫਰੀਕਾ ਦਾ ਸਵਾਲ ਹੈ ਤਾਂ ਉਸਦੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਉਤਾਰ-ਚੜਾਅ ਵਾਲਾ ਰਿਹਾ ਹੈ। ਜੇਕਰ ਉਸ ਨੂੰ ਲੜੀ ਬਰਾਬਰ ਕਰਨੀ ਹੈ ਤਾਂ ਉਸਦੇ ਬੱਲੇਬਾਜ਼ਾਂ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਪਵੇਗਾ। ਦੱਖਣੀ ਅਫਰੀਕਾ ਦੀ ਟੀਮ ਰੀਜਾ ਹੈਂਡ੍ਰਿਕਸ ਦੀ ਜਗ੍ਹਾ ਐਡਨ ਮਾਰਕ੍ਰਾਮ ਨੂੰ ਚੋਟੀਕ੍ਰਮ ਵਿਚ ਵਾਪਸ ਲਿਆਉਣ ’ਤੇ ਵਿਚਾਰ ਕਰ ਸਕਦੀ ਹੈ। ਰੀਜਾ ਹੈਂਡ੍ਰਿਕਸ ਇਸ ਦੌਰੇ ’ਤੇ ਆਪਣੀ ਲੈਅ ਹਾਸਲ ਨਹੀਂ ਕਰ ਸਕਿਆ ਹੈ। ਦੱਖਣੀ ਅਫਰੀਕਾ ਨੂੰ ਇਸ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਡੇਵਾਲਡ ਬ੍ਰੇਵਿਸ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਰਹੇਗੀ ਜਿਹੜਾ ਅਜੇ ਤੱਕ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਹੈ। ਦੱਖਣੀ ਅਫਰੀਕਾ ਨੂੰ ਮਾਰਕੋ ਜਾਨਸਨ ਦੀਆਂ ਹਮਲਾਵਰ ਪਾਰੀਆਂ ਦੀ ਕਮੀ ਵੀ ਮਹਿਸੂਸ ਹੋ ਰਹੀ ਹੈ ਪਰ ਲੂੰਗੀ ਇਨਗਿਡੀ ਤੇ ਓਟਨੇਲ ਬਾਰਟਮੈਨ ਨੇ ਗੇਂਦਬਾਜ਼ੀ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਟੀਮਾਂ ਇਸ ਤਰ੍ਹਾਂ ਹਨ-

ਭਾਰਤ : ਸੂਰਯਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ, ਸੰਜੂ ਸੈਮਸਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਸ਼ਾਹਬਾਜ਼ ਅਹਿਮਦ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਵਰਣ ਚੱਕਰਵਰਤੀ।

ਦੱਖਣੀ ਅਫਰੀਕਾ : ਐਡਨ ਮਾਰਕ੍ਰਾਮ (ਕਪਤਾਨ), ਡੇਵਾਲਡ ਬ੍ਰੇਵਿਸ, ਕਵਿੰਟਨ ਡੀ ਕੌਕ (ਵਿਕਟਕੀਪਰ), ਰੀਜਾ ਹੈਂਡ੍ਰਿਕਸ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਕਾਰਬਿਨ ਬੌਸ਼, ਡੋਨੋਵਨ ਫੇਰੇਰੀਆ, ਮਾਰਕੋ ਜਾਨਸੇਨ, ਜਾਰਜ ਲਿੰਡੇ, ਓਟਨੀਲ ਬਾਰਟਮੈਨ, ਕੇਸ਼ਵ ਮਹਾਰਾਜ, ਲੂੰਗੀ ਇਨਗਿਡੀ, ਐਨਰਿਕ ਨੋਰਤਜੇ, ਲੂਥੋ ਸਿੰਪਾਲਾ।


author

Shubam Kumar

Content Editor

Related News