IND vs PAK Hockey: ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ, ਏਸ਼ੀਆਡ 'ਚ ਮਿਲੀ ਲਗਾਤਾਰ ਚੌਥੀ ਜਿੱਤ
Saturday, Sep 30, 2023 - 08:38 PM (IST)
ਹਾਂਗਜ਼ੂ : ਹਾਂਗਜ਼ੂ ਏਸ਼ਿਆਈ ਖੇਡਾਂ 'ਚ ਪੁਰਸ਼ ਹਾਕੀ ਵਿੱਚ ਭਾਰਤ ਨੇ ਪਾਕਿਸਤਾਨ ਨੂੰ 10-2 ਨਾਲ ਹਰਾ ਦਿੱਤਾ ਹੈ। ਹਰਮਨਪ੍ਰੀਤ ਸਿੰਘ ਦੀ ਅਗਵਾਈ 'ਚ ਟੀਮ ਇੰਡੀਆ ਨੇ ਲਗਾਤਾਰ ਚੌਥੀ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਸੈਮੀਫਾਈਨਲ ਲਈ ਵੀ ਕੁਆਲੀਫਾਈ ਕਰ ਲਿਆ ਹੈ। ਹੁਣ ਪੂਲ-ਏ ਦੇ ਆਖਰੀ ਮੈਚ ਵਿੱਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਟੀਮ ਇੰਡੀਆ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 4 ਗੋਲ਼ ਕੀਤੇ, ਜਦਕਿ ਵਰੁਣ ਨੇ 2 ਗੋਲ਼ ਕੀਤੇ। ਲਲਿਤ, ਸ਼ਮਸ਼ੇਰ, ਮਨਦੀਪ ਅਤੇ ਸੁਮਿਤ ਨੇ 1-1 ਗੋਲ਼ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ-ਪਾਕਿਸਤਾਨ ਹਾਕੀ ਮੈਚ ਵਿੱਚ ਕਿਸੇ ਟੀਮ ਨੇ 10 ਗੋਲ਼ ਕੀਤੇ ਹਨ। ਭਾਰਤ ਨੇ ਇਹ ਰਿਕਾਰਡ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖੁਸ਼ਖ਼ਬਰੀ, ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਖ਼ਤਮ, ਪਟੜੀਆਂ 'ਤੇ ਫਿਰ ਦੌੜਨਗੀਆਂ ਟ੍ਰੇਨਾਂ
ਪਹਿਲੇ ਕੁਆਰਟਰ ਵਿੱਚ ਭਾਰਤ ਨੇ 8ਵੇਂ ਮਿੰਟ ਵਿੱਚ ਹੀ ਪਹਿਲਾ ਗੋਲ਼ ਕਰ ਦਿੱਤਾ। ਮਨਦੀਪ ਸਿੰਘ ਨੇ ਫੀਲਡ ਗੋਲ਼ ਕਰਕੇ ਟੀਮ ਇੰਡੀਆ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ 11ਵੇਂ ਮਿੰਟ 'ਚ ਪਾਕਿਸਤਾਨੀ ਗੋਲ਼ਕੀਪਰ ਦੇ ਫਾਊਲ 'ਤੇ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ। ਇਸ 'ਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ਼ ਕਰਕੇ ਭਾਰਤੀ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਭਾਰਤੀ ਟੀਮ ਨੇ ਪਹਿਲੇ ਕੁਆਰਟਰ ਵਿੱਚ 2-0 ਦੀ ਬੜ੍ਹਤ ਬਣਾ ਲਈ ਸੀ।
ਦੂਸਰੇ ਕੁਆਰਟਰ ਦੇ 17ਵੇਂ ਮਿੰਟ 'ਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ 'ਤੇ ਡਰੈਗ ਫਲਿੱਕ ਨਾਲ ਸ਼ਾਨਦਾਰ ਗੋਲ਼ ਕੀਤਾ ਅਤੇ ਟੀਮ ਇੰਡੀਆ ਦੀ ਬੜ੍ਹਤ 3-0 ਨਾਲ ਵਧਾ ਦਿੱਤੀ। ਇਸ ਤੋਂ ਬਾਅਦ 30ਵੇਂ ਮਿੰਟ ਯਾਨੀ ਦੂਜੇ ਕੁਆਰਟਰ ਦੇ ਆਖਰੀ ਪਲਾਂ 'ਚ ਸੁਮਿਤ, ਲਲਿਤ ਅਤੇ ਗੁਰਜੰਟ ਦੇ ਸੁਮੇਲ ਦੀ ਬਦੌਲਤ ਭਾਰਤ ਨੇ ਚੌਥਾ ਗੋਲ਼ ਕੀਤਾ। ਅੱਧੇ ਸਮੇਂ ਤੱਕ ਭਾਰਤ ਨੇ ਪਾਕਿਸਤਾਨ 'ਤੇ 4-0 ਦੀ ਬੜ੍ਹਤ ਬਣਾ ਲਈ ਸੀ।
ਤੀਜੇ ਕੁਆਰਟਰ ਦੇ ਆਖਰੀ ਪਲਾਂ ਵਿੱਚ ਪਾਕਿਸਤਾਨ ਦੇ ਅਬਦੁਲ ਨੇ ਪੈਨਲਟੀ ਕਾਰਨਰ ਤੋਂ ਗੋਲ਼ ਕਰਕੇ ਪਾਕਿਸਤਾਨ ਲਈ ਵਾਪਸੀ ਕੀਤੀ। ਭਾਰਤ ਨੇ ਤੀਜੇ ਕੁਆਰਟਰ 'ਚ ਪਾਕਿਸਤਾਨ 'ਤੇ 7-2 ਦੀ ਬੜ੍ਹਤ ਬਣਾ ਲਈ ਸੀ।
ਭਾਰਤ ਦੇ ਸ਼ਮਸ਼ੇਰ ਨੇ ਚੌਥੇ ਕੁਆਰਟਰ ਦੇ 46ਵੇਂ ਮਿੰਟ ਵਿੱਚ ਸ਼ਾਨਦਾਰ ਫੀਲਡ ਗੋਲ਼ ਕੀਤਾ। ਇਸ ਮੈਚ ਵਿੱਚ ਭਾਰਤ ਦਾ ਇਹ 8ਵਾਂ ਗੋਲ਼ ਸੀ। ਇਸ ਤੋਂ ਬਾਅਦ 49ਵੇਂ ਮਿੰਟ ਵਿੱਚ ਜਰਮਨਪ੍ਰੀਤ ਸਿੰਘ ਵੱਲੋਂ ਲਲਿਤ ਉਪਾਧਿਆਏ ਨੇ ਗੋਲ਼ ਕਰਕੇ ਭਾਰਤ ਦੀ ਲੀਡ 9-2 ਨਾਲ ਵਧਾ ਦਿੱਤੀ। ਵਰੁਣ ਨੇ 53ਵੇਂ ਮਿੰਟ ਵਿੱਚ ਮੈਚ ਦਾ ਆਪਣਾ ਦੂਜਾ ਅਤੇ ਭਾਰਤ ਦਾ 10ਵਾਂ ਗੋਲ਼ ਕੀਤਾ। ਇਸ ਤਰ੍ਹਾਂ ਟੀਮ ਇੰਡੀਆ ਨੇ ਪਾਕਿਸਤਾਨ ਨੂੰ 10-2 ਨਾਲ ਹਰਾਇਆ।