IND vs NZ : 3 ਮੈਚਾਂ ''ਚ 360 ਦੌੜਾਂ ਬਣਾ ਕੇ ਸ਼ੁਭਮਨ ਗਿੱਲ ਬਣਿਆ ਪਲੇਅਰ ਆਫ ਦਾ ਸੀਰੀਜ਼, ਕਹੀ ਇਹ ਗੱਲ
Wednesday, Jan 25, 2023 - 11:55 AM (IST)

ਸਪੋਰਟਸ ਡੈਸਕ : ਟੀਮ ਇੰਡੀਆ ਨੇ ਇੰਦੌਰ ਵਨਡੇ ਜਿੱਤਦੇ ਹੀ ਨਿਊਜ਼ੀਲੈਂਡ ਖਿਲਾਫ ਤਿੰਨ ਵਨਡੇ ਸੀਰੀਜ਼ 'ਚ ਕਲੀਨ ਸਵੀਪ ਕਰ ਲਿਆ ਹੈ। ਸ਼ੁਭਮਨ ਗਿੱਲ ਨੂੰ ਤਿੰਨ ਮੈਚਾਂ ਵਿੱਚ 360 ਦੌੜਾਂ ਬਣਾਉਣ ਲਈ ‘ਪਲੇਅਰ ਆਫ ਦਿ ਸੀਰੀਜ਼’ ਚੁਣਿਆ ਗਿਆ।
ਉਸ ਨੇ ਮੈਚ ਤੋਂ ਬਾਅਦ ਕਿਹਾ - ਇਹ ਚੰਗਾ ਲਗਦਾ ਹੈ ਜਦੋਂ ਤੁਸੀਂ ਵਧੀਆ ਪ੍ਰਦਰਸ਼ਨ ਕਰਦੇ ਹੋ। ਇਹ ਮੇਰੇ ਲਈ ਬਹੁਤ ਤਸੱਲੀਬਖਸ਼ ਹੈ। ਮੈਂ ਆਪਣੀ ਅਪ੍ਰੋਚ ਵਿੱਚ ਬਹੁਤਾ ਬਦਲਾਅ ਨਹੀਂ ਕੀਤਾ ਹੈ। ਮੈਂ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦਾ ਹਾਂ ਅਤੇ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਬਦਲਣਾ ਚਾਹੁੰਦਾ ਹਾਂ। ਮੈਂ ਹਾਲਾਤ ਮੁਤਾਬਕ ਖੇਡਣ ਦੀ ਕੋਸ਼ਿਸ਼ ਕਰਦਾ ਹਾਂ। ਸਾਡੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸ ਵਿਕਟ 'ਤੇ ਸੱਚਮੁੱਚ ਚੰਗੀ ਗੇਂਦਬਾਜ਼ੀ ਕੀਤੀ ਕਿਉਂਕਿ ਇਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਇਹ ਮੈਚ ਕਿਸੇ ਵੀ ਪਾਸੇ ਹੋ ਸਕਦਾ ਹੈ।
ਸ਼ੁਭਮਨ ਗਿੱਲ ਲਈ ਇਹ ਸੀਰੀਜ਼ ਬਹੁਤ ਖਾਸ ਰਹੀ ਕਿਉਂਕਿ ਉਸ ਨੇ ਸਿਰਫ ਤਿੰਨ ਮੈਚਾਂ 'ਚ 360 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਤਿੰਨ ਵਨਡੇ ਮੈਚਾਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਾਬਰ ਆਜ਼ਮ ਦੇ ਨਾਂ ਸੀ ਜਿਸ ਨੇ ਵਿੰਡੀਜ਼ ਖਿਲਾਫ 360 ਦੌੜਾਂ ਬਣਾਈਆਂ ਸਨ। ਸ਼ੁਭਮਨ ਨੇ ਹੁਣ ਇਸ ਦੀ ਬਰਾਬਰੀ ਕਰ ਲਈ ਹੈ। ਇਸ ਦੇ ਨਾਲ ਹੀ ਭਾਰਤ ਵੱਲੋਂ ਇਹ ਰਿਕਾਰਡ ਵਿਰਾਟ ਕੋਹਲੀ ਦੇ ਨਾਂ ਸੀ ਜਿਸ ਨੇ ਤਿੰਨ ਵਨਡੇ ਸੀਰੀਜ਼ 'ਚ 283 ਦੌੜਾਂ ਬਣਾਈਆਂ ਸਨ।
ਦੂਜੇ ਪਾਸੇ ਮੈਚ ਖਤਮ ਹੋਣ ਤੋਂ ਬਾਅਦ ਰੋਹਿਤ ਨੇ ਕਿਹਾ ਕਿ ਅਸੀਂ ਆਪਣੀ ਯੋਜਨਾ 'ਤੇ ਡਟੇ ਰਹੇ। ਸ਼ਾਰਦੁਲ ਪਿਛਲੇ ਕੁਝ ਸਮੇਂ ਤੋਂ ਅਜਿਹਾ (ਸਮੇਂ-ਸਮੇਂ 'ਤੇ ਵਿਕਟਾਂ ਲੈਣਾ, ਸਾਂਝੇਦਾਰੀ ਤੋੜਨਾ) ਕਰ ਰਿਹਾ ਹੈ, ਕੁਝ ਲੋਕ ਉਸ ਨੂੰ 'ਜਾਦੂਗਰ' ਵੀ ਕਹਿੰਦੇ ਹਨ। ਜਦੋਂ ਵੀ ਮੈਂ ਕੁਲਦੀਪ ਨੂੰ ਗੇਂਦ ਦਿੱਤੀ ਤਾਂ ਉਹ ਵਿਕਟ ਲੈ ਆਇਆ। ਆਸਟਰੇਲੀਆ ਖਿਲਾਫ ਟੈਸਟ ਚੁਣੌਤੀ ਆਸਾਨ ਨਹੀਂ ਹੋਵੇਗੀ ਪਰ ਅਸੀਂ ਇਸ ਲਈ ਤਿਆਰ ਹਾਂ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।