IND vs ENG 3rd ODI : ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ, 2-1 ਨਾਲ ਜਿੱਤੀ ਸੀਰੀਜ਼

Sunday, Jul 17, 2022 - 10:50 PM (IST)

IND vs ENG 3rd ODI : ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾਇਆ,  2-1 ਨਾਲ ਜਿੱਤੀ ਸੀਰੀਜ਼

ਸਪੋਰਟਸ ਡੈਸਕ- ਭਾਰਤ ਨੇ ਹਾਰਦਿਕ ਪੰਡਯਾ ਦੇ ਆਲਰਾਊਂਡਰ ਪ੍ਰਦਰਸ਼ਨ ਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ (ਅਜੇਤੂ 125) ਦੇ ਪਹਿਲੇ ਵਨ ਡੇ ਸੈਂਕੜੇ ਦੀ ਬਦੌਲਤ ਐਤਵਾਰ ਨੂੰ ਇੱਥੇ ਫੈਸਲਾਕੁੰਨ ਵਨ ਡੇ ਵਿਚ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਲੜੀ 2-1 ਨਾਲ ਆਪਣੇ ਨਾਂ ਕਰ ਲਈ। ਭਾਰਤ ਨੇ ਪਹਿਲਾ ਵਨ ਡੇ 10 ਵਿਕਟਾਂ ਨਾਲ ਜਿੱਤਿਆ ਸੀ ਜਦਕਿ ਦੂਜੇ ਵਨ ਡੇ ਵਿਚ ਇੰਗਲੈਂਡ ਨੇ 100 ਦੌੜਾਂ ਦੀ ਜਿੱਤ ਨਾਲ ਬਰਾਬਰੀ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ ਨੇ ਟੀ-20 ਸੀਰੀਜ਼ ਵਿਚ ਵੀ ਮੇਜ਼ਬਾਨ ਟੀਮ ਨੂੰ 2-1 ਨਾਲ ਹਰਾਇਆ ਸੀ।
ਪੰਡਯਾ ਨੇ ਪਹਿਲਾਂ 24 ਦੌੜਾਂ ’ਤੇ 4 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਤੇ ਫਿਰ 71 ਦੌੜਾਂ ਵਿਚ 4 ਵਿਕਟਾਂ ਲੈ ਕੇ ਆਪਣੇ ਕਰੀਅਰ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਤੇ ਫਿਰ 71 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਜਿਸ ਵਿਚ 10 ਚੌਕੇ ਲਾਏ ਸਨ। ਪੰਤ ਨੇ 113 ਗੇਂਦਾਂ ਵਿਚ 16 ਚੌਕੇ ਤੇ 2 ਛੱਕੇ ਲਾਏ, ਜਿਸ ਨਾਲ ਉਸ ਨੇ 42ਵੇਂ ਓਵਰ ਵਿਚ ਡੇਵਿਡ ਵਿਲੀ ’ਤੇ ਲਗਾਤਾਰ ਚੌਕੇ ਵੀ ਲਾਏ। ਭਾਰਤ ਨੇ ਬੱਲੇਬਾਜ਼ੀ ਦਾ ਸੱਦਾ ਦੇਣ ਤੋਂ ਬਾਅਦ ਪੰਡਯਾ ਦੀਆਂ 4 ਵਿਕਟਾਂ ਤੇ ਅਨੁਸ਼ਾਸਿਤ ਗੇਂਦਬਾਜ਼ੀ ਨਾਲ ਇੰਗਲੈਂਡ ਨੂੰ 45.5 ਓਵਰਾਂ ਵਿਚ 259 ਦੌੜਾਂ ’ਤੇ ਸਮੇਟਣ ਤੋਂ ਬਾਅਦ ਇਹ ਟੀਚਾ 42.1 ਓਵਰਾਂ ਵਿਚ ਹਾਸਲ ਕਰ ਲਿਆ। 

ਇਹ ਵੀ ਪੜ੍ਹੋ : ਇੰਟਰਵਿਊ ਕੋਨੇਰੂ ਹੰਪੀ : ਜਿੱਤਣ ਲਈ ਦਰਜਾ ਨਹੀਂ, ਲੈਅ ’ਚ ਹੋਣਾ ਜ਼ਰੂਰੀ

ਭਾਰਤੀ ਟੀਮ ਦੇ ਚੋਟੀਕ੍ਰਮ ਨੂੰ ਹਾਲਾਂਕਿ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਰੀਸ ਟਾਪਲੇ (35 ਦੌੜਾਂ ’ਤੇ 3 ਵਿਕਟਾਂ) ਨੇ ਝੰਝੋੜ ਕੇ ਰੱਖ ਦਿੱਤਾ ਸੀ ਪਰ ਇਸ ਤੋਂ ਬਾਅਦ ਪੰਡਯਾ ਤੇ ਪੰਤ ਨੇ ਸੰਕਟਮੋਚਨ ਦੀ ਭੂਮਿਕਾ ਨਿਭਾਉਂਦੇ ਹੋਏ ਪੰਜਵੀਂ ਵਿਕਟ ਲਈ 133 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਟੀਮ ਨੂੰ ਮੁਸ਼ਕਿਲ ਵਿਚੋਂ ਕੱਢਿਆ। ਫਿਰ ਪੰਤ ਨੇ ਰਵਿੰਦਰ ਜਡੇਜਾ (ਅਜੇਤੂ 07) ਦੇ ਨਾਲ ਮਿਲ ਕੇ ਛੇਵੀਂ ਵਿਕਟ ਲਈ ਅਜੇਤੂ 56 ਦੌੜਾਂ ਦੀ ਸਾਂਝੇਦਾਰੀ ਨਿਭਾਈ, ਜਿਸ ਨਾਲ ਭਾਰਤ ਨੇ 47 ਗੇਂਦਾਂ ਬਾਕੀ ਰਹਿੰਦਿਆਂ 5 ਵਿਕਟਾਂ ’ਤੇ 261 ਦੌੜਾਂ ਬਣਾ ਕੇ ਲੜੀ ਜਿੱਤੀ। ਟਾਪਲੇ ਨੇ ਕਪਤਾਨ ਰੋਹਿਤ ਸ਼ਰਮਾ (17), ਸ਼ਿਖਰ ਧਵਨ (1) ਤੇ ਵਿਰਾਟ ਕੋਹਲੀ (17) ਦੀਆਂ ਵਿਕਟਾਂ ਲਈਆਂ, ਜਿਸ ਨਾਲ ਭਾਰਤ ਨੇ 38 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ ਸਨ।  ਇਸ ਤੋਂ ਪਹਿਲਾਂ ਕਪਤਾਨ ਜੋਸ ਬਟਲਰ ਇੰਗਲੈਂਡ ਲਈ 80 ਗੇਂਦਾਂ ਵਿਚ 60 ਦੌੜਾਂ ਬਣਾ ਕੇ ਟਾਪ ਸਕੋਰਰ ਰਿਹਾ ਪਰ ਪਾਰੀ ਦੇ ਪਹਿਲੇ ਹਿੱਸੇ ਵਿਚ ਗੁਜਰਾਤ ਦੇ ਆਲਰਾਊਂਡਰ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਦਬਦਬਾ ਬਣਾਇਆ ਤੇ ਟੀ-20 ਵਿਸ਼ਵ ਕੱਪ ਲਈ ਵਿਰੋਧੀ ਟੀਮ ਨੂੰ ਸਖਤ ਚਿਤਾਵਨੀ ਵੀ ਦਿੱਤੀ। 

ਜ਼ਖਮੀ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਖੇਡ ਰਹੇ ਮੁਹੰਮਦ ਸਿਰਾਜ ਨੇ ਦਿਨ ਦੀ ਖੇਡ ਵਿਚ ਆਪਣੀ ਤੀਜੀ ਹੀ ਗੇਂਦ ’ਤੇ ਜਾਨੀ ਬੇਅਰਸਟੋ ਦੀ ਵਿਕਟ ਲੈ ਲਈ, ਜਿਸ ਨਾਲ ਉਸਦੇ ਆਤਮਵਿਸ਼ਵਾਸ ਵਿਚ ਕਾਫੀ ਵਾਧਾ ਹੋਇਆ ਹੋਵੇਗਾ। ਇੰਗਲੈਂਡ ਦੇ ਇਸ ਸਲਾਮੀ ਬੱਲੇਬਾਜ਼ ਨੇ ਲੈੱਗ ਸਾਇਡ ਵੱਲ ਗੇਂਦ ਖੇਡੀ ਪਰ ਗੇਂਦ ਬੱਲਾ ਛੂਹ ਕੇ ਮਿਡ ਆਫ ’ਤੇ ਖੜ੍ਹੇ ਸ਼੍ਰੇਅਸ ਅਈਅਰ ਦੇ ਹੱਥੋਂ ਵਿਚ ਚਲੀ ਗਈ। ਸਿਰਾਜ ਨੇ ਫਿਰ ਜੋ ਰੂਟ ਦੀ ਵਿਕਟ ਲਈ। ਇੰਗਲੈਂਡ ਦੇ ਖਿਡਾਰੀ ਨੇ ਉਸਦੀ ਬਾਹਰ ਜਾਂਦੀ ਗੇਂਦ ’ਤੇ ਬੱਲਾ ਛੂਹਿਆ ਤੇ ਦੂਜੀ ਸਲਿਪ ਵਿਚ ਖੜ੍ਹੇ ਕਪਤਾਨ ਰੋਹਿਤ ਸ਼ਰਮਾ ਨੇ ਇਸ ਨੂੰ ਫੜ ਲਿਆ। ਇਸ ਤਰ੍ਹਾਂ ਇੰਗਲੈਂਡ ਦੇ ਫਾਰਮ ਵਿਚ ਚੱਲ ਰਹੇ ਦੋ ਬੱਲੇਬਾਜ਼ ਜ਼ੀਰੋ ’ਤੇ ਪੈਵੇਲੀਅਨ ਪਰਤ ਚੁੱਕੇ ਸਨ ਤੇ ਟੀਮ ਦੂਜੇ ਓਵਰ ਵਿਚ 12 ਦੌੜਾਂ ’ਤੇ 2 ਵਿਕਟਾਂ ਗੁਆ ਕੇ ਮੁਸ਼ਕਿਲ ਵਿਚ ਸੀ। ਇਸ ਤੋਂ ਪਹਿਲਾਂ ਜੈਸਨ ਰਾਏ (41) ਨੇ ਮੁਹੰਮਦ ਸ਼ੰਮੀ ’ਤੇ ਤਿੰਨ ਬਾਊਂਡਰੀਆਂ ਲਾਈਆਂ ਸਨ, ਜਿਸ ਵਿਚ ਇਕ ਚੌਕਾ ਮੈਚ ਦੀ ਪਹਿਲੀ ਗੇਂਦ ’ਤੇ ਮਿਡ-ਆਫ ’ਤੇ ਲੱਗਾ ਸੀ।

ਇਹ ਵੀ ਪੜ੍ਹੋ : T20 WC 2022 ਲਈ 16 ਟੀਮਾਂ ਦਾ ਐਲਾਨ, ਇਨ੍ਹਾਂ ਦੇਸ਼ਾਂ ਦਰਮਿਆਨ ਹੋਵੇਗੀ ਚੈਂਪੀਅਨ ਬਣਨ ਦੀ ਜੰਗ

ਦੋਵੇਂ ਟੀਮਾਂ ਦੀਆਂ ਪਲੇਇੰਗ ਇਲੈਵਨ

ਇੰਗਲੈਂਡ : ਜੇਸਨ ਰਾਏ, ਜਾਨੀ ਬੇਅਰਸਟੋ, ਜੋ ਰੂਟ, ਬੇਨ ਸਟੋਕਸ, ਜੋਸ ਬਟਲਰ (ਵਿਕਟਕੀਪਰ/ਕਪਤਾਨ), ਲਿਆਮ ਲਿਵਿੰਗਸਟੋਨ, ਮੋਇਨ ਅਲੀ, ਕ੍ਰੇਗ ਓਵਰਟਨ, ਡੇਵਿਡ ਵਿਲੀ, ਬ੍ਰਾਈਡਨ ਕਾਰਸ, ਰੀਸ ਟੋਪਲੇ

ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸੂਰਯਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ, ਪ੍ਰਸਿਧ ਕ੍ਰਿਸ਼ਨਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News