IND vs ENG 5th Test : ਅਸ਼ਵਿਨ ਦੇ 100ਵੇਂ ਮੈਚ ਨੂੰ ਯਾਦਗਾਰ ਬਣਾਉਣ ਉਤਰੇਗਾ ਭਾਰਤ

03/06/2024 7:22:12 PM

ਧਰਮਸ਼ਾਲਾ, (ਭਾਸ਼ਾ)– ਪਿਛਲੇ ਤਿੰਨ ਮੈਚਾਂ ਵਿਚ ਜਿੱਤ ਨਾਲ ਲੜੀ ਵਿਚ ਅਜੇਤੂ ਬੜ੍ਹਤ ਹਾਸਲ ਕਰਨ ਵਾਲੀ ਭਾਰਤੀ ਟੀਮ ਇੰਗਲੈਂਡ ਵਿਰੁੱਧ ਵੀਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ 5ਵੇਂ ਤੇ ਆਖਰੀ ਟੈਸਟ ਕ੍ਰਿਕਟ ਮੈਚ ਨੂੰ ਆਪਣੇ ਸਟਾਰ ਆਫ ਸਪਿਨਰ ਆਰ. ਅਸ਼ਵਿਨ ਲਈ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗੀ, ਜਿਸਦਾ ਇਹ 100ਵਾਂ ਟੈਸਟ ਮੈਚ ਹੋਵੇਗਾ। ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜਾਨੀ ਬੇਅਰਸਟੋ ਦਾ ਵੀ ਇਹ 100ਵਾਂ ਮੈਚ ਹੋਵੇਗਾ ਤੇ ਉਸਦੀ ਟੀਮ ਵੀ ਜਿੱਤ ਨਾਲ ਆਪਣੀ ਮੁਹਿੰਮ ਦੀ ਸਮਾਪਤੀ ਕਰਨ ਲਈ ਪ੍ਰਤੀਬੱਧ ਹੈ।

ਭਾਰਤ ਨੇ ਰਾਂਚੀ ਵਿਚ ਚੌਥੇ ਟੈਸਟ ਮੈਚ ਵਿਚ ਜਿੱਤ ਦਰਜ ਕਰਕੇ ਘਰੇਲੂ ਧਰਤੀ ’ਤੇ ਆਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਿਆ ਸੀ ਤੇ ਹੁਣ ਉਸਦੀਆਂ ਨਜ਼ਰਾਂ ਲੜੀ ਵਿਚ 4-1 ਨਾਲ ਜਿੱਤ ਦਰਜ ਕਰਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਆਪਣੇ ਚੋਟੀ ਦੇ ਸਥਾਨ ਨੂੰ ਮਜ਼ਬੂਤੀ ਪ੍ਰਦਾਨ ਕਰਨ ’ਤੇ ਟਿਕੀਆਂ ਹਨ।

ਮੈਚ ਦੇ ਪਹਿਲੇ ਦੋ ਦਿਨ ਤਾਪਮਾਨ 10 ਡਿਗਰੀ ਸੈਲਸੀਅਸ ਤਕ ਰਹਿਣ ਦੀ ਸੰਭਾਵਨਾ ਹੈ ਜਦਕਿ ਹਫਤੇ ਵਿਚ ਇਸ ਵਿਚ ਕੁਝ ਵਾਧਾ ਹੋਵੇਗਾ। ਮੈਚ ਦੀ ਪੂਰਬਲੀ ਸ਼ਾਮ ’ਤੇ ਪਿੱਚ ਸਪਾਟ ਨਜ਼ਰ ਆ ਰਹੀ ਹੈ ਪਰ ਨਮੀ ਕਾਰਨ ਸਾਰੇ ਦਿਨ ਸ਼ੁਰੂ ਵਿਚ ਤੇਜ਼ ਗੇਂਦਬਾਜ਼ਾਂ ਨੂੰ ਵੀ ਮਦਦ ਮਿਲਣ ਦੀ ਉਮੀਦ ਹੈ। ਇਸ ਮੈਦਾਨ ’ਤੇ ਆਮ ਤੌਰ ’ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਰਹੀ ਹੈ ਪਰ ਸਪਿਨਰਾਂ ਦੀ ਭੂਮਿਕਾ ਨੂੰ ਵੀ ਘੱਟ ਕਰਕੇ ਨਹੀਂ ਸਮਝਿਆ ਜਾ ਸਕਦਾ। ਅਜੇ ਤਕ ਇੱਥੇ ਸਿਰਫ ਇਕ ਟੈਸਟ ਮੈਚ ਖੇਡਿਆ ਗਿਆ ਹੈ। ਇਹ ਮੈਚ 2017 ’ਚ ਖੇਡਿਆ ਗਿਆ ਸੀ, ਜਿਸ ਵਿਚ ਭਾਰਤ ਦੀ ਆਸਟ੍ਰੇਲੀਆ ’ਤੇ ਜਿੱਤ ’ਚ ਸਪਿਨਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਹਾਲ ਹੀ ਵਿਚ ਇੱਥੇ ਖੇਡੇ ਗਏ ਰਣਜੀ ਟਰਾਫੀ ਦੇ ਮੈਚਾਂ ਵਿਚ ਟੀਮਾਂ ਨੇ ਕਈ ਵਾਰ 300 ਤੋਂ ਵੱਧ ਦਾ ਸਕੋਰ ਬਣਾਇਆ। ਬੜੌਦਾ ਨੇ ਇਕ ਮੈਚ ਵਿਚ 482 ਦੌੜਾਂ ਬਣਾਈਆਂ ਜਿਹੜਾ ਮੌਜੂਦਾ ਸੈਸ਼ਨ ਵਿਚ ਇਸ ਮੈਦਾਨ ’ਤੇ ਸਭ ਤੋਂ ਵੱਡਾ ਸਕੋਰ ਹੈ।

ਭਾਰਤ ਦੇ ਹਾਲਾਂਕਿ ਦੋ ਤੇਜ਼ ਗੇਂਦਬਾਜ਼ਾਂ ਤੇ ਤਿੰਨ ਸਪਿਨਰਾਂ ਦੇ ਨਾਲ ਹੀ ਉਤਰਨ ਦੀ ਸੰਭਾਵਨਾ ਹੈ। ਜਸਪ੍ਰੀਤ ਬੁਮਰਾਹ ਦੀ ਵਾਪਸੀ ਨਾਲ ਭਾਰਤੀ ਤੇਜ਼ ਗੇਂਦਬਾਜ਼ੀ ਹਮਲਾ ਮਜ਼ਬੂਤ ਹੋਇਆ ਹੈ। ਉਸਦੇ ਨਾਲ ਮੁਹੰਮਦ ਸਿਰਾਜ ਤੇਜ਼ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੇਗਾ ਜਦਕਿ ਅਸ਼ਵਿਨ, ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਦੇ ਮੋਢਿਆਂ ’ਤੇ ਸਪਿਨ ਵਿਭਾਗ ਦੀ ਜ਼ਿੰਮੇਵਾਰੀ ਹੋਵੇਗੀ। ਕੁਲਦੀਪ ਨੇ 2017 ਵਿਚ ਇਸੇ ਮੈਦਾਨ ’ਤੇ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਕੇ. ਐੱਲ. ਰਾਹੁਲ ਨੇ ਅਜੇ ਤਕ ਪੂਰਣ ਫਿਟਨੈੱਸ ਹਾਸਲ ਨਹੀਂ ਕੀਤੀ ਹੈ ਤੇ ਅਜਿਹੇ ਵਿਚ ਰਜਤ ਪਾਟੀਦਾਰ ਨੂੰ ਇਕ ਹੋਰ ਮੌਕਾ ਮਿਲ ਸਕਦਾ ਹੈ। ਉਸ ਨੂੰ ਹਾਲਾਂਕਿ ਚੰਗਾ ਸਕੋਰਰ ਬਣਾਉਣਾ ਪਵੇਗਾ ਕਿਉਂਕਿ ਟੀਮ ਵਿਚ ਜਗ੍ਹਾ ਬਰਕਰਾਰ ਰੱਖਣ ਲਈ ਇਹ ਉਸਦੇ ਕੋਲ ਆਖਰੀ ਮੌਕਾ ਹੋ ਸਕਦਾ ਹੈ। 

ਭਾਰਤੀ ਟੀਮ ਮੈਨੇਜਮੈਂਟ ਕੋਲ ਮੱਧਕ੍ਰਮ ’ਚ ਦੇਵਦੱਤ ਪੱਡੀਕਲ ਦੇ ਰੂਪ ’ਚ ਇਕ ਹੋਰ ਬਦਲ ਹੈ। ਸਰਫਰਾਜ਼ ਖਾਨ ਨੇ ਰਾਜਕੋਟ ’ਚ ਆਪਣੇ ਪਹਿਲੇ ਮੈਚ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਪਰ ਰਾਂਚੀ ’ਚ ਉਸਦਾ ਬੱਲਾ ਨਹੀਂ ਚੱਲ ਸਕਿਆ ਸੀ ਤੇ ਉਹ ਇਸਦੀ ਭਰਪਾਈ ਇੱਥੇ ਕਰਨਾ ਚਾਹੇਗਾ। ਟੀਮ ਦੇ ਬਾਕੀ ਬੱਲੇਬਾਜ਼ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਲਈ ਪ੍ਰਤੀਬੱਧ ਹਨ। ਬਿਹਤਰੀਨ ਫਾਰਮ ’ਚ ਚੱਲ ਰਿਹਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਇਕ ਹੋਰ ਵੱਡੀ ਪਾਰੀ ਖੇਡ ਕੇ ਕਿਸੇ ਇਕ ਲੜੀ ’ਚ 700 ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਭਾਰਤੀ ਬਣਨ ਦੀ ਕੋਸ਼ਿਸ਼ ਕਰੇਗਾ। ਅਜੇ ਤਕ ਸਿਰਫ ਸੁਨੀਲ ਗਾਵਸਕਰ ਰਹੀ ਇਹ ਉਪਲਬੱਧੀ ਹਾਸਲ ਕਰ ਸਕਿਆ ਹੈ।

ਇੰਗਲੈਂਡ ਨੇ ਜਦੋਂ ਤੋਂ ਹਮਲਾਵਰ ਅੰਦਾਜ਼ ਵਿਚ ਖੇਡਣ ਦੀ ‘ਬੈਜਬਾਲ’ ਸ਼ੈਲੀ ਨੂੰ ਅਪਣਾਇਆ ਹੈ ਤਦ ਤੋਂ ਉਸ ਨੂੰ ਟੈਸਟ ਕ੍ਰਿਕਟ ਵਿਚ ਪਹਿਲੀ ਵਾਰ ਲੜੀ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਉਸਦੀ ਟੀਮ ਦੌਰੇ ਦਾ ਅੰਤ ਜਿੱਤ ਨਾਲ ਕਰਨ ਤੇ ਬੇਅਰਸਟੋ ਲਈ ਇਹ ਮੈਚ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗੀ। ਇੰਗਲੈਂਡ ਦੇ ਪ੍ਰਸ਼ੰਸਕ ਵੱਡੀ ਗਿਣਤੀ ’ਚ ਇੱਥੇ ਪਹੁੰਚੇ ਹਨ ਤੇ ਟੀਮ ਲਈ ਚੰਗਾ ਪ੍ਰਦਰਸ਼ਨ ਕਰਨ ਦੀ ਇਹ ਵੀ ਇਕ ਪ੍ਰੇਰਣਾ ਹੋਵੇਗੀ। ਇੰਗਲੈਂਡ ਲੜੀ ਦੇ ਸ਼ੁਰੂ ਵਿਚ ਸਿਰਫ ਇਕ ਤੇਜ਼ ਗੇਂਦਬਾਜ਼ ਦੇ ਨਾਲ ਉਤਰਿਆ ਸੀ ਪਰ ਪਿਛਲੇ ਮੈਚ ਵਿਚ ਉਸ ਨੇ ਦੋ ਤੇਜ਼ ਗੇਂਦਬਾਜ਼ ਉਤਾਰੇ ਸਨ। ਇਸ ਮੈਚ ਵਿਚ ਵੀ ਉਹ ਆਪਣੀ ਇਸ ਫਾਰਮ ਨੂੰ ਜਾਰੀ ਰੱਖੇਗਾ। ਇੰਗਲੈਂਡ ਨੇ ਹਾਲਾਂਕਿ ਆਪਣੇ ਤੇਜ਼ ਗੇਂਦਬਾਜ਼ੀ ਹਮਲੇ ’ਚ ਬਦਲਾਅ ਕੀਤਾ ਹੈ। ਉਸ ਨੇ ਤਜਰਬੇਕਾਰ ਜੇਮਸ ਐਂਡਰਸਨ ਦੇ ਨਾਲ ਮਾਰਕ ਵੁਡ ਨੂੰ ਆਖਰੀ-11 ਵਿਚ ਰੱਖਿਆ ਹੈ। ਵੁਡ ਨੂੰ ਰੌਬਿਨਸਨ ਦੀ ਜਗ੍ਹਾ ਲਿਆ ਗਿਆ ਹੈ। ਉਂਗਲੀ ਦੀ ਸੱਟ ਤੋਂ ਉੱਭਰ ਚੁੱਕੇ ਸ਼ੋਏਬ ਬਸ਼ੀਰ ਤੇ ਟਾਮ ਹਾਰਟਲੇ ਨੇ ਆਪਣੀ ਡੈਬਿਊ ਲੜੀ ’ਚ ਹੀ ਲੰਬਾ ਸਫਰ ਤੈਅ ਕਰ ਲਿਆ ਹੈ ਤੇ ਉਹ ਫਿਰ ਤੋਂ ਇੰਗਲੈਂਡ ਦੇ ਸਪਿਨ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੇਗਾ।

ਦੋਵੇਂ ਦੇਸ਼ਾਂ ਦੀ ਸੰਭਾਵਿਤ ਪਲੇਇੰਗ 11

ਭਾਰਤ : ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਦੇਵਦੱਤ ਪਡੀਕਲ, ਸਰਫਰਾਜ਼ ਖਾਨ, ਰਵਿੰਦਰ ਜਡੇਜਾ, ਧਰੁਵ ਜੁਰੇਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਆਕਾਸ਼ ਦੀਪ, ਮੁਹੰਮਦ ਸਿਰਾਜ।

ਇੰਗਲੈਂਡ: ਜ਼ੈਕ ਕ੍ਰਾਲੀ, ਬੇਨ ਡਕੇਟ, ਓਲੀ ਰੌਬਿਨਸਨ, ਜੋ ਰੂਟ, ਬੇਨ ਸਟੋਕਸ (ਕਪਤਾਨ), ਜੌਨੀ ਬੇਅਰਸਟੋ, ਬੇਨ ਫੌਕਸ (ਵਿਕਟਕੀਪਰ), ਸ਼ੋਏਬ ਬਸ਼ੀਰ, ਟੌਮ ਹਾਰਟਲੀ, ਜੇਮਸ ਐਂਡਰਸਨ, ਓਲੀ ਰੌਬਿਨਸਨ।


Tarsem Singh

Content Editor

Related News