IND VS ENG : ਭਾਰਤ ਨੇ ਇੰਗਲੈਂਡ ਖਿਲਾਫ ਤੀਜੇ ਟੈਸਟ ਲਈ ਪਲੇਇੰਗ-11 ਦਾ ਕੀਤਾ ਐਲਾਨ
Thursday, Jul 10, 2025 - 01:00 AM (IST)

ਲੰਡਨ–ਸ਼ਾਨਦਾਰ ਫਾਰਮ ਵਿਚ ਚੱਲ ਰਹੇ ਭਾਰਤੀ ਬੱਲੇਬਾਜ਼ਾਂ ਨੂੰ ਇੰਗਲੈਂਡ ਵਿਰੁੱਧ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਕ੍ਰਿਕਟ ਮੈਚ ਵਿਚ ਲਾਰਡਸ ਦੀ ਚੁਣੌਤੀਪੂਰਨ ਪਿੱਚ ’ਤੇ ਸਫਲਤਾ ਹਾਸਲ ਕਰਨ ਲਈ ਖੁਦ ਨੂੰ ਚੰਗੀ ਤਰ੍ਹਾਂ ਨਾਲ ਤਿਆਰ ਕਰਨਾ ਪਵੇਗਾ ਜਦਕਿ ਜਸਪ੍ਰੀਤ ਬੁਮਰਾਹ ਦੀ ਵਾਪਸੀ ਨਾਲ ਮੇਜ਼ਬਾਨ ਟੀਮ ਦੇ ਬੱਲੇਬਾਜ਼ਾਂ ਦੀ ਵੀ ਸਖਤ ਪ੍ਰੀਖਿਆ ਹੋਵੇਗੀ। ਇੰਗਲੈਂਡ ਨੇ ਲੀਡਸ ਵਿਚ ਪਹਿਲਾ ਟੈਸਟ ਜਦਕਿ ਭਾਰਤ ਨੇ ਬਰਮਿੰਘਮ ਵਿਚ ਦੂਜਾ ਟੈਸਟ ਮੈਚ ਜਿੱਤਿਆ ਸੀ ਤੇ ਇਸ ਤਰ੍ਹਾਂ ਨਾਲ 5 ਮੈਚਾਂ ਦੀ ਲੜੀ ਅਜੇ ਬਰਾਬਰੀ ’ਤੇ ਹੈ। ਭਾਰਤ ਦੀ ਦੂਜੇ ਮੈਚ ਵਿਚ 336 ਦੌੜਾਂ ਦੀ ਜਿੱਤ ਤੋਂ ਬਾਅਦ ਹਾਲਾਂਕਿ ਸਮੀਕਰਣ ਕਾਫੀ ਬਦਲ ਗਏ ਹਨ।
ਭਾਰਤ ਨੇ ਅਜੇ ਤੱਕ ਦੋਵਾਂ ਮੈਚਾਂ ਵਿਚ ਜ਼ਿਆਦਾਤਰ ਸਮਾਂ ਆਪਣਾ ਦਬਦਬਾ ਬਣਾਈ ਰੱਖਿਆ ਹੈ ਤੇ ਜੇਕਰ ਉਸ ਨੇ ਪਹਿਲੇ ਟੈਸਟ ਮੈਚ ਵਿਚ ਕੁਝ ਕੈਚ ਨਾ ਛੱਡੇ ਹੁੰਦੇ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੁੰਦਾ ਤਾਂ ਉਹ ਲੜੀ ਵਿਚ 2-0 ਨਾਲ ਅੱਗੇ ਹੁੰਦੇ।
ਨਵੇਂ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਿਚ ਭਾਰਤੀ ਟੀਮ ਦੇ ਘੱਟ ਤਜਰਬੇ ਨੂੰ ਦੇਖਦੇ ਹੋਏ ਲੱਗ ਰਿਹਾ ਸੀ ਕਿ ਇੰਗਲੈਂਡ ਦੀ ਟੀਮ ਉਸ ’ਤੇ ਹਾਵੀ ਰਹੇਗੀ ਪਰ ਅਜੇ ਤੱਕ ਜਿਸ ਤਰ੍ਹਾਂ ਨਾਲ ਭਾਰਤ ਨੇ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਦੇਖਦੇ ਹੋਏ ਉਸ ਨੂੰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਕਮੀ ਨਹੀਂ ਮਹਿਸੂਸ ਹੋਈ, ਜਿਨ੍ਹਾਂ ਨੇ ਇਸ ਲੜੀ ਤੋਂ ਪਹਿਲਾਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਸ ਤੋਂ ਭਾਰਤ ਦੀ ਮਜ਼ਬੂਤ ਬੈਂਚ ਸਟ੍ਰੈਂਥ ਦਾ ਵੀ ਪਤਾ ਲੱਗਦਾ ਹੈ।
ਗਿੱਲ ਐਂਡ ਕੰਪਨੀ ਵੱਲੋਂ ਬਣਾਏ ਗਏ ਦੌੜਾਂ ਦੇ ਪਹਾੜ ਨੇ ਬੇਨ ਸਟੋਕਸ ਨੂੰ ਸਪਾਟ ਪਿੱਚ ਤਿਆਰ ਕਰ ਕੇ ਵਿਰੋਧੀ ਟੀਮ ਨੂੰ ਮੁਕਾਬਲੇ ਵਿਚੋਂ ਬਾਹਰ ਕਰਨ ਦੀ ਰਣਨੀਤੀ ’ਤੇ ਫਿਰ ਤੋਂ ਵਿਚਾਰ ਕਰਨ ਲਈ ਮਜਬੂਰ ਕਰ ਦਿੱਤਾ। ਸਪਾਟ ਪਿੱਚਾਂ ’ਤੇ ਭਾਰਤੀ ਬੱਲੇਬਾਜ਼ਾਂ ਦੀ ਜ਼ਬਰਦਸਤ ਸਫਲਤਾ ਮੇਜ਼ਬਾਨ ਟੀਮ ਲਈ ਨੁਕਸਾਨਦਾਇਕ ਸਾਬਤ ਹੋਈ ਹੈ। ਹੁਣ ਉਸ ਨੂੰ ਅਜਿਹੀ ਵਿਕਟ ’ਤੇ ਖੇਡਣਾ ਪੈ ਸਕਦਾ ਹੈ, ਜਿਸ ’ਤੇ ਚੰਗੀ ਸੀਮ ਮੂਵਮੈਂਟ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਵੱਕਾਰੀ ਲਾਰਡਸ ਵਿਚ ਉੱਪਰ-ਹੇਠਾਂ ਜਾਣ ਵਾਲੀ ਢਲਾਨ ਦੀ ਅਨੋਖੀ ਚਣੌਤੀ ਵੀ ਹੈ।
ਜਸਪ੍ਰੀਤ ਬੁਮਰਾਹ ਤੇ ਜੋਫ੍ਰਾ ਆਰਚਰ ਦੀ ਵਾਪਸੀ ਨਾਲ ਬੱਲੇਬਾਜ਼ਾਂ ਦਾ ਕੰਮ ਹੋਰ ਮੁਸ਼ਕਿਲ ਹੋ ਜਾਵੇਗਾ। ਆਰਚਰ 4 ਸਾਲ ਵਿਚ ਇੰਗਲੈਂਡ ਲਈ ਆਪਣਾ ਪਹਿਲਾ ਟੈਸਟ ਖੇਡਣ ਲਈ ਤਿਆਰ ਹੈ।
ਬੱਲੇਬਾਜ਼ੀ ਵਿਭਾਗ ਵਿਚ ਭਾਰਤੀ ਟੀਮ ਲਈ ਜ਼ਿਆਦਾ ਚਿੰਤਾ ਦੀ ਗੱਲ ਨਹੀਂ ਹੈ, ਸਿਵਾਏ ਕਰੁਣ ਨਾਇਰ ਦੀ ਫਾਰਮ ਦੇ, ਜਿਹੜਾ ਲੈਂਥ ਨਾਲ ਉੱਛਲਦੀਆਂ ਗੇਂਦਾਂ ਦੇ ਸਾਹਮਣੇ ਥੋੜ੍ਹਾ ਅਸਹਿਜ ਦਿਸਿਆ ਹੈ। ਇੰਗਲੈਂਡ ਯਸ਼ਸਵੀ ਜਾਇਸਵਾਲ ਦੀ ਸ਼ਾਟ ਪਿੱਚ ਗੇਂਦਾਂ ਨਾਲ ਪ੍ਰੀਖਿਆ ਲੈਣ ਦੀ ਕੋਸ਼ਿਸ਼ ਕਰੇਗਾ ਪਰ ਪੂਰੀ ਸੰਭਾਵਨਾ ਹੈ ਕਿ ਭਾਰਤੀ ਸਲਾਮੀ ਬੱਲੇਬਾਜ਼ ਦੌੜਾਂ ਬਣਾਉਣ ਦਾ ਕੋਈ ਨਾ ਕੋਈ ਤਰੀਕਾ ਲੱਭ ਹੀ ਲਵੇਗਾ। ਭਾਰਤ ਦੀ ਆਖਰੀ-11 ਵਿਚ ਇਕਲੌਤਾ ਉਮੀਦਾਂ ਅਨੁਸਾਰ ਬਦਲਾਅ ਪ੍ਰਸਿੱਧ ਕ੍ਰਿਸ਼ਣਾ ਦੀ ਜਗ੍ਹਾ ਜਸਪ੍ਰੀਤ ਬੁਮਰਾਹ ਦਾ ਆਉਣਾ ਹੋਵੇਗਾ।
ਲੀਡਸ ਤੋਂ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਪ੍ਰਭਾਵਸ਼ੀਲਤਾ ’ਤੇ ਗੰਭੀਰ ਸਵਾਲੀਆ ਨਿਸ਼ਾਨ ਉੱਠੇ ਸਨ ਪਰ ਆਕਾਸ਼ ਦੀਪ, ਮੁਹੰਮਦ ਸਿਰਾਜ ਤੇ ਬੁਮਰਾਹ ਦੀ ਤਿਕੜੀ ਹਮਲੇ ਨੂੰ ਇਕ ਸ਼ਕਤੀਸ਼ਾਲੀ ਰੂਪ ਦਿੰਦੀ ਹੈ। ਦੂਜੇ ਟੈਸਟ ਵਿਚ 10 ਵਿਕਟਾਂ ਲੈ ਕੇ ਆਕਾਸ਼ ਦੀਪ ਨੇ ਇੰਗਲੈਂਡ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ ਤੇ ਹਰ ਸਮੇਂ ਵਿਕਟ ਨੂੰ ਨਿਸ਼ਾਨਾ ਬਣਾਉਣ ਦੀ ਉਸਦੀ ਆਦਤ ਨੂੰ ਦੇਖਦੇ ਹੋਏ ਘਰੇਲੂ ਟੀਮ ਦੇ ਬੱਲੇਬਾਜ਼ਾਂ ਨੂੰ ਇਸ ਚਲਾਕ ਗੇਂਦਬਾਜ਼ ਵਿਰੁੱਧ ਵਾਧੂ ਸਾਵਧਾਨੀ ਵਰਤਣ ਦੀ ਲੋੜ ਪਵੇਗੀ।
ਸਿਰਾਜ ਨੂੰ 2021 ਵਿਚ ਲਾਰਡਸ ਵਿਚ ਆਪਣੀ ਮੈਚ ਜਿੱਤਣ ਵਾਲੀ ਕੋਸ਼ਿਸ਼ ਨਾਲ ਆਤਮਵਿਸ਼ਵਾਸ ਮਿਲੇਗਾ ਜਦਕਿ ਬੁਮਰਾਹ ਸਭ ਤੋਂ ਸਪਾਟ ਪਿੱਚਾਂ ’ਤੇ ਵੀ ਖਤਰਨਾਕ ਸਾਬਤ ਹੁੰਦਾ ਹੈ ਤੇ ਇੱਥਾਂ ਤੇ ਹਾਲਾਤ ਉਨ੍ਹਾਂ ਦੇ ਅਨੁਕੂਲ ਹੋ ਸਕਦੇ ਹਨ।
ਐਜਬੈਸਟਨ 'ਚ ਭਾਰਤ ਨੇ ਤਿੰਨ ਆਲਰਾਊਂਡਰ ਖਿਡਾਏ, ਜਿਨ੍ਹਾਂ ਵਿਚ ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਦੇ ਰੂਪ ਵਿਚ ਦੋ ਸਪਿੰਨਰ ਸ਼ਾਮਲ ਸਨ। ਇਸ ਜੋੜੀ ਦੇ ਅੱਗੇ ਵੀ ਬਣੇ ਰਹਿਣ ਦੀ ਸੰਭਾਵਨਾ ਹੈ। ਭਾਰਤੀ ਟੀਮ ਵਿਚ ਨਿਤੀਸ਼ ਕੁਮਾਰ ਰੈੱਡੀ ਇਕਲੌਤਾ ਤੇਜ਼ ਗੇਂਦਬਾਜ਼ੀ ਆਲਰਾਊਂਡਰ ਹੋਵੇਗਾ, ਜਿਸ ਦੀ ਮੁੱਖ ਕਲਾ ਬੱਲੇਬਾਜ਼ ਹੈ।
ਆਰਚਰ ਦੀ ਵਾਪਸੀ ਨਾਲ ਇੰਗਲੈਂਡ ਦਾ ਗੇਂਦਬਾਜ਼ੀ ਹਮਲਾ ਹੋਰ ਮਜ਼ਬੂਤ ਹੋਵੇਗਾ। ਪੂਰੀ ਤਰ੍ਹਾਂ ਨਾਲ ਫਿੱਟ ਹੋਣ ਤੋਂ ਬਾਅਦ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਗਸ ਐਟਕਿੰਸਨ ਵੀ ਟੀਮ ਵਿਚ ਵਾਪਸ ਆ ਗਿਆ ਹੈ। ਇੰਗਲੈਂਡ ਨੇ ਆਰਚਰ ਨੂੰ ਟੀਮ ਵਿਚ ਸ਼ਾਮਲ ਕਰ ਕੇ ਆਪਣੇ ਗੇਂਦਬਾਜ਼ੀ ਹਮਲੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਟੀਮ ਵਿਚ ਜੋਸ਼ ਟੰਗ ਦੀ ਜਗ੍ਹਾ ਲਵੇਗਾ। ਇੰਗਲੈਂਡ ਨੇ ਤੀਜੇ ਟੈਸਟ ਲਈ ਆਪਣੀ ਆਖਰੀ-11 ਵਿਚ ਇਕਲੌਤਾ ਇਹ ਹੀ ਬਦਲਾਅ ਕੀਤਾ ਹੈ।
ਇੰਗਲੈਂਡ ਦੇ ਬੱਲੇਬਾਜ਼ਾਂ ਵਿਚ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਸਲਾਮੀ ਬੱਲੇਬਾਜ਼ ਜੈਕ ਕਰਾਓਲੇ ’ਤੇ ਦਬਾਅ ਹੋਵੇਗਾ ਜਦਕਿ ਕਪਤਾਨ ਬੇਨ ਸਟੋਕਸ ਤੋਂ ਵੀ ਜ਼ਿਆਦਾ ਦੌੜਾਂ ਦੀ ਉਮੀਦ ਹੈ, ਜਿਸ ਨੇ ਗੇਂਦਬਾਜ਼ੀ ਵਿਚ ਲੈਅ ਹਾਸਲ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲਾਇਆ ਪਰ ਉਸਦੀ ਬੱਲੇਬਾਜ਼ੀ ਦੇ ਬਾਰੇ ਵਿਚ ਅਜਿਹਾ ਨਹੀਂ ਕਿਹਾ ਜਾ ਸਕਦਾ। ਹੁਣ ਤੱਕ ਲੜੀ ਵਿਚ ਦਰਸ਼ਕਾਂ ਦੀ ਗਿਣਤੀ ਆਸਾਧਾਰਨ ਰਹੀ ਹੈ ਤੇ ਲਾਰਡਸ ਵਿਚ ਵੀ ਸਟੇਡੀਅਮ ਖਚਾਖਚ ਭਰੇ ਰਹਿਣ ਦੀ ਸੰਭਾਵਨਾ ਹੈ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਉਪ ਕਪਤਾਨ ਤੇ ਵਿਕਟਕੀਪਰ), ਯਸ਼ਸਵੀ ਜਾਇਸਵਾਲ, ਕੇ. ਐੱਲ. ਰਾਹੁਲ, ਸਾਈ ਸੁਦਰਸ਼ਨ, ਅਭਿਮਨਿਊ ਈਸ਼ਵਰਨ, ਕਰੁਣ ਨਾਇਰ, ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਧਰੁਵ ਜੁਰੈਲ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਣਾ, ਆਕਾਸ਼ ਦੀਪ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ।