IND vs BAN : ਕਲੀਨ ਸਵੀਪ ਕਰਨ ਉਤਰੇਗਾ ਭਾਰਤ, ਸਲਾਮੀ ਬੱਲੇਬਾਜ਼ਾਂ 'ਤੇ ਰਹਿਣਗੀਆਂ ਨਜ਼ਰਾਂ
Friday, Oct 11, 2024 - 05:43 PM (IST)
ਹੈਦਰਾਬਾਦ : ਪਹਿਲੇ ਦੋ ਮੈਚਾਂ 'ਚ ਆਸਾਨ ਜਿੱਤ ਦਰਜ ਕਰਕੇ ਸੀਰੀਜ਼ 'ਤੇ ਪਹਿਲਾਂ ਹੀ ਕਬਜ਼ਾ ਕਰ ਚੁੱਕੀ ਭਾਰਤੀ ਟੀਮ ਸ਼ਨੀਵਾਰ ਨੂੰ ਇੱਥੇ ਹੋਣ ਵਾਲੇ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਬੰਗਲਾਦੇਸ਼ ਖਿਲਾਫ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ, ਜਿਸ 'ਚ ਇਸ ਦੇ ਸਲਾਮੀ ਬੱਲੇਬਾਜ਼ਾਂ ਦੇ ਪ੍ਰਦਰਸ਼ਨ 'ਤੇ ਨਜ਼ਰ ਰਹੇਗੀ।
ਆਪਣੇ ਕੁਝ ਅਹਿਮ ਖਿਡਾਰੀਆਂ ਨੂੰ ਆਰਾਮ ਦੇ ਕੇ ਭਾਰਤ ਨੇ ਇਸ ਟੀ-20 ਸੀਰੀਜ਼ 'ਚ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਹੈ, ਜਿਨ੍ਹਾਂ ਨੇ ਮੁੱਖ ਕੋਚ ਗੌਤਮ ਗੰਭੀਰ ਦੀ ਰਣਨੀਤੀ 'ਤੇ ਪੂਰੀ ਤਰ੍ਹਾਂ ਅਮਲ ਕਰਦੇ ਹੋਏ ਜਿੱਤ ਦਾ ਜਜ਼ਬਾ ਦਿਖਾਇਆ। ਕੁਝ ਦਿਨ ਪਹਿਲਾਂ ਬੰਗਲਾਦੇਸ਼ ਖਿਲਾਫ ਕਾਨਪੁਰ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੇ ਨਤੀਜਾ ਹਾਸਲ ਕਰਨ ਲਈ ਜਿਸ ਤਰ੍ਹਾਂ ਹਮਲਾਵਰ ਕ੍ਰਿਕਟ ਖੇਡੀ, ਉਸ ਤੋਂ ਟੀਮ ਦੀ ਨਵੀਂ ਪਹੁੰਚ ਦਿਖਾਈ ਦਿੰਦੀ ਹੈ।
ਭਾਰਤ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤੀ ਸੀ ਅਤੇ ਹੁਣ ਉਹ ਟੀ-20 ਸੀਰੀਜ਼ 'ਚ ਵੀ 3-0 ਨਾਲ ਜਿੱਤ ਦਰਜ ਕਰਨ 'ਚ ਕੋਈ ਕਸਰ ਨਹੀਂ ਛੱਡੇਗਾ। ਅਗਲੇ ਸਾਲ ਹੋਣ ਵਾਲੀ ਚੈਂਪੀਅਨਸ ਟਰਾਫੀ ਵਰਗੇ ਅਹਿਮ ਮੁਕਾਬਲੇ ਨੂੰ ਧਿਆਨ 'ਚ ਰੱਖਦੇ ਹੋਏ ਟੀਮ ਪ੍ਰਬੰਧਨ ਕੁਝ ਚੰਗੇ ਬਦਲ ਤਿਆਰ ਕਰਨ 'ਤੇ ਵੀ ਧਿਆਨ ਦੇ ਰਿਹਾ ਹੈ। ਤੇਜ਼ ਗੇਂਦਬਾਜ਼ ਮਯੰਕ ਯਾਦਵ ਹੋਵੇ ਜਾਂ ਫਿਰ ਸਪਿਨਰ ਵਰੁਣ ਚੱਕਰਵਰਤੀ, ਗੰਭੀਰ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਪੂਰੀ ਨਜ਼ਰ ਰੱਖ ਰਹੇ ਹਨ ਅਤੇ ਇਨ੍ਹਾਂ ਖਿਡਾਰੀਆਂ ਨੇ ਵੀ ਆਪਣੇ ਮੁੱਖ ਕੋਚ ਨੂੰ ਅਜੇ ਤੱਕ ਨਿਰਾਸ਼ ਨਹੀਂ ਕੀਤਾ ਹੈ।
ਇਹ ਵੀ ਪੜ੍ਹੋ : ਸਚਿਨ ਹੋਵੇਗਾ ਇੰਟਰਨੈਸ਼ਨਲ ਮਾਸਟਰਸ ਲੀਗ 2024 ਵਿਚ ਭਾਰਤ ਦਾ ਕਪਤਾਨ
ਮਯੰਕ ਸੱਟ ਕਾਰਨ IPL 2024 ਤੋਂ ਬਾਅਦ ਜ਼ਿਆਦਾਤਰ ਮੈਚ ਨਹੀਂ ਖੇਡ ਸਕਿਆ ਸੀ ਪਰ ਇਸ ਸੀਰੀਜ਼ 'ਚ ਉਸ ਨੇ 150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਕੇ ਆਪਣੇ ਹੁਨਰ ਦੀ ਵਧੀਆ ਮਿਸਾਲ ਪੇਸ਼ ਕੀਤੀ ਹੈ। ਚੱਕਰਵਰਤੀ ਨੇ ਗਵਾਲੀਅਰ 'ਚ ਪਹਿਲੇ ਮੈਚ 'ਚ ਤਿੰਨ ਵਿਕਟਾਂ ਲੈ ਕੇ ਤਿੰਨ ਸਾਲ ਬਾਅਦ ਰਾਸ਼ਟਰੀ ਟੀਮ 'ਚ ਸਫਲ ਵਾਪਸੀ ਕੀਤੀ।
ਟੀਮ ਪ੍ਰਬੰਧਨ ਹਰਫਨਮੌਲਾ ਨਿਤੀਸ਼ ਕੁਮਾਰ ਰੈੱਡੀ ਦੇ ਪ੍ਰਦਰਸ਼ਨ 'ਤੇ ਵੀ ਨਜ਼ਰ ਰੱਖੇਗਾ, ਜਿਸ ਨੇ 34 ਗੇਂਦਾਂ 'ਤੇ 74 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਅਤੇ ਦਿੱਲੀ 'ਚ ਦੂਜੇ ਟੀ-20 ਮੈਚ 'ਚ ਦੋ ਵਿਕਟਾਂ ਵੀ ਲਈਆਂ। ਇਨ੍ਹਾਂ ਸਕਾਰਾਤਮਕ ਪਹਿਲੂਆਂ ਵਿਚਕਾਰ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਦੀ ਸਲਾਮੀ ਜੋੜੀ ਦਾ ਪ੍ਰਦਰਸ਼ਨ ਟੀਮ ਲਈ ਚਿੰਤਾ ਦਾ ਵਿਸ਼ਾ ਹੋਵੇਗਾ। ਸੈਮਸਨ ਨੂੰ ਪਾਰੀ ਸ਼ੁਰੂ ਕਰਨ ਦਾ ਮੌਕਾ ਦਿੱਤਾ ਗਿਆ ਸੀ ਪਰ ਕੇਰਲ ਦਾ ਇਹ ਵਿਕਟਕੀਪਰ ਬੱਲੇਬਾਜ਼ ਅਜੇ ਤੱਕ ਇਸ ਦਾ ਫਾਇਦਾ ਨਹੀਂ ਉਠਾ ਸਕਿਆ। ਉਸ ਨੇ ਪਹਿਲੇ ਮੈਚ ਵਿਚ 29 ਅਤੇ ਦੂਜੇ ਮੈਚ ਵਿਚ 10 ਦੌੜਾਂ ਬਣਾਈਆਂ ਸਨ।
ਜੇਕਰ ਸੈਮਸਨ ਨੂੰ ਇੱਥੇ ਮੌਕਾ ਮਿਲਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਇਸ ਦਾ ਫਾਇਦਾ ਉਠਾਉਣਾ ਹੋਵੇਗਾ, ਕਿਉਂਕਿ ਟੀਮ ਪ੍ਰਬੰਧਨ ਟੀਮ 'ਚ ਸ਼ਾਮਲ ਦੂਜੇ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੂੰ ਵੀ ਮੌਕਾ ਦੇ ਸਕਦਾ ਹੈ। ਟੀਮ ਪ੍ਰਬੰਧਨ ਦੂਜੇ ਸਲਾਮੀ ਬੱਲੇਬਾਜ਼ ਅਭਿਸ਼ੇਕ ਤੋਂ ਵੀ ਵੱਡੀ ਪਾਰੀ ਦੀ ਉਮੀਦ ਕਰੇਗਾ, ਜੋ ਹੁਣ ਤੱਕ ਪਹਿਲੇ ਦੋ ਮੈਚਾਂ 'ਚ ਸਿਰਫ 15 ਅਤੇ 16 ਦੌੜਾਂ ਹੀ ਬਣਾ ਸਕਿਆ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਪ੍ਰਬੰਧਨ ਲੈੱਗ ਸਪਿਨਰ ਰਵੀ ਬਿਸ਼ਨੋਈ ਅਤੇ ਆਲਰਾਊਂਡਰ ਹਰਸ਼ਿਤ ਰਾਣਾ ਨੂੰ ਵੀ ਮੌਕਾ ਦੇਣ 'ਤੇ ਵਿਚਾਰ ਕਰ ਸਕਦਾ ਹੈ।
ਜਿੱਥੋਂ ਤੱਕ ਬੰਗਲਾਦੇਸ਼ ਦਾ ਸਵਾਲ ਹੈ, ਬੱਲੇਬਾਜ਼ਾਂ ਨੇ ਉਨ੍ਹਾਂ ਨੂੰ ਹੁਣ ਤੱਕ ਕਾਫੀ ਨਿਰਾਸ਼ ਕੀਤਾ ਹੈ। ਜੇਕਰ ਉਹ ਮੌਜੂਦਾ ਦੌਰੇ 'ਚ ਆਪਣੀ ਇਕਲੌਤੀ ਜਿੱਤ ਹਾਸਲ ਕਰਨਾ ਚਾਹੁੰਦੇ ਹਨ ਤਾਂ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਅਤੇ ਲਿਟਨ ਦਾਸ ਵਰਗੇ ਸੀਨੀਅਰ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਸੰਭਾਵਿਤ ਪਲੇਇੰਗ-11 :
ਭਾਰਤ : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ (ਕਪਤਾਨ), ਨਿਤੀਸ਼ ਕੁਮਾਰ ਰੈੱਡੀ, ਹਾਰਦਿਕ ਪੰਡਯਾ, ਰਿਆਨ ਪਰਾਗ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਮਯੰਕ ਯਾਦਵ।
ਬੰਗਲਾਦੇਸ਼ : ਲਿਟਨ ਦਾਸ (ਵਿਕਟਕੀਪਰ), ਪਰਵੇਜ਼ ਹੁਸੈਨ ਇਮੋਨ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤੌਹੀਦ ਹਿਰਦੋਏ, ਮਹਿਮੂਦੁੱਲਾ, ਜ਼ੇਕਰ ਅਲੀ, ਮੇਹਦੀ ਹਸਨ ਮਿਰਾਜ, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਸ਼ਰੀਫੁਲ ਇਸਲਾਮ।
ਕਦੋਂ ਅਤੇ ਕਿੱਥੇ ਹੋਵੇਗਾ ਮੈਚ
ਤਰੀਕ : 12 ਅਕਤੂਬਰ
ਸਮਾਂ : ਸ਼ਾਮ 7 ਵਜੇ
ਸਥਾਨ : ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ, ਹੈਦਰਾਬਾਦ
ਕਿੱਥੇ ਦੇਖੀਏ ਮੈਚ
ਲਾਈਵ ਸਟ੍ਰੀਮਿੰਗ - JioCinema ਐਪ ਅਤੇ ਵੈੱਬਸਾਈਟ
ਲਾਈਵ ਪ੍ਰਸਾਰਣ - ਸਪੋਰਟਸ-18
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8