ਬੰਗਲਾਦੇਸ਼ ਵਿਰੁੱਧ ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਆਕਾਸ਼ ਦੀਪ ਤੇ ਅਸ਼ਵਿਨ ਨੇ ਕੀਤਾ ਪ੍ਰਭਾਵਿਤ
Friday, Sep 27, 2024 - 06:44 PM (IST)
ਕਾਨਪੁਰ– ਤੇਜ਼ ਗੇਂਦਬਾਜ਼ ਆਕਾਸ਼ ਦੀਪ (34 ਦੌੜਾਂ ’ਤੇ 2 ਵਿਕਟਾਂ) ਆਪਣੇ ਸ਼ੁਰੂਆਤੀ ਸਪੈੱਲ ਵਿਚ ਪ੍ਰਭਾਵਸ਼ਾਲੀ ਰਿਹਾ ਜਦਕਿ ਆਫ ਸਪਿਨਰ ਆਰ. ਅਸ਼ਵਿਨ ਨੇ ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹਸਨ ਸ਼ੰਟੋ ਨੂੰ ਚੱਲਦਾ ਕਰ ਕੇ ਮੀਂਹ ਪ੍ਰਭਾਵਿਤ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਰੱਖਿਆ। ਮੌਸਮ ਅਨੁਸਾਰ ਮੀਂਹ ਦੀ ਪਹਿਲਾਂ ਹੀ ਸੰਭਾਵਨਾ ਸੀ ਤੇ ਸ਼ੁਰੂਆਤ ਦਿਨ ਸਿਰਫ 35 ਓਵਰਾਂ ਦੀ ਹੀ ਖੇਡ ਹੋ ਸਕੀ। ਦਿਨ ਦੀ ਖੇਡ ਖਤਮ ਤੱਕ ਬੰਗਲਾਦੇਸ਼ ਨੇ 3 ਵਿਕਟਾਂ ’ਤੇ 107 ਦੌੜਾਂ ਬਣਾ ਲਈਆਂ ਸਨ। ਇਸ ਸਮੇਂ ਮੁਸ਼ਫਿਕਰ ਰਹੀਮ ਮ(6)ਤੇ ਮੋਮੀਨੁਲ ਹੱਕ (40) ਕ੍ਰੀਜ਼ ’ਤੇ ਮੌਜੂਦ ਸਨ। ਬੰਗਲਾਦੇਸ਼ ਦੇ ਕਪਤਾਨ ਨਜ਼ਮਲ ਹਸਨ ਸ਼ੰਟੋ ਨੇ ਇਸ ਦੌਰਾਨ ਚੰਗੀ ਬੱਲੇਬਾਜ਼ੀ ਕੀਤੀ ਪਰ ਅਸ਼ਵਿਨ ਦੀ ਗੇਂਦ ਨੂੰ ਪੜ੍ਹਨ ਵਿਚ ਅਸਫਲ ਰਿਹਾ ਤੇ 31 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਬੀਤੀ ਰਾਤ ਮੀਂਹ ਪੈਣ ਕਾਰਨ ਆਊਟਫੀਲਡ ਗਿੱਲੀ ਹੋ ਗਈ ਸੀ, ਜਿਸ ਨਾਲ ਦਿਨ ਦੀ ਖੇਡ ਇਕ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਈ ਸੀ।
ਭਾਰਤ ਨੇ ਆਪਣੀ ਆਖਰੀ-11 ਵਿਚ ਕੋਈ ਬਦਲਾਅ ਨਹੀਂ ਕੀਤਾ, ਜਿਸ ਨਾਲ ਸਥਾਨਕ ਸਪਿਨਰ ਕੁਲਦੀਪ ਯਾਦਵ ਨੂੰ ਇਕ ਵਾਰ ਫਿਰ ਬਾਹਰ ਬੈਠਣਾ ਪਿਆ। ਬੱਦਲਾਂ ਦੀ ਲੁਕਣ-ਮੀਟੀ ਵਿਚਾਲੇ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਹਾਲਾਤ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਆਕਾਸ਼ਦੀਪ ਖੱਬੇ ਦੇ ਬੱਲੇਬਾਜਾਂ ਲਈ ‘ਰਾਊਂਡ ਦਿ ਵਿਕਟ’ ਗੇਂਦਬਾਜ਼ੀ ਕਰਦੇ ਹੋਏ ਗੇਂਦ ਨੂੰ ਦੋਵਾਂ ਪਾਸੇ ਸਵਿੰਗ ਕਰਵਾਉਣ ਵਿਚ ਸਫਲ ਰਹੇ। ਉਸਦੀ ਸਟੀਕ ਲਾਈਨ ਤੇ ਲੈਂਥ ਨਾਲ ਤਾਲਮੇਲ ਬਿਠਾਉਣ ਵਿਚ ਬੰਗਲਾਦੇਸ਼ ਦੇ ਬੱਲੇਬਾਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨੇ ਸ਼ੁਰੂਆਤੀ ਓਵਰਾਂ ਤੋਂ ਹੀ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ਾਂ ਜ਼ਾਕਿਰ ਹਸਨ (0) ਤੇ ਸ਼ਦਮਨ ਇਸਲਾਮ (24) ਨੂੰ ਪ੍ਰੇਸ਼ਾਨ ਕੀਤਾ। ਹਸਨ ਨੇ ਜ਼ਿਆਦਾਤਰ ਰੱਖਿਆਤਮਕ ਰਵੱਈਆ ਅਪਣਾਇਆ ਤਾਂ ਉੱਥੇ ਹੀ, ਇਸਲਾਮ ਨੇ ਦੌੜਾਂ ਬਣਾਉਣ ਦੇ ਮੌਕਿਆਂ ਦਾ ਪੂਰੀ ਤਰ੍ਹਾਂ ਨਾਲ ਫਾਇਦਾ ਚੁੱਕਿਆ। ਬੁਮਰਾਹ ਦੀਆਂ ਬਾਹਰ ਨਿਕਲਦੀਆਂ ਗੇਂਦਾਂ ਕਈ ਵਾਰ ਸਟੰਪ ਤੇ ਬੱਲੇ ਦੇ ਬਾਹਰੀ ਕਿਨਾਰੇ ਦੇ ਨੇੜਿਓੀਂ ਲੰਘੀ ਤਾਂ ਉੱਥੇ ਹੀ, ਸਿਰਾਜ ਦੀ ਗੇਂਦ ਬੱਲੇ ਨਾਲ ਟਕਰਾਉਣ ਤੋਂ ਬਾਅਦ ਸਲਿੱਪ ਵਿਚ ਖੜ੍ਹੇ ਫੀਲਡਰਾਂ ਤਕ ਪਹੁੰਚਣ ਤੋਂ ਪਹਿਲਾਂ ਹੀ ਟੱਪਾ ਖਾ ਗਈ। ਇਸਲਾਮ ਨੇ ਬੁਮਰਾਹ ਦੇ ਓਵਰ ਵਿਚ ਦੋ ਚੌਕੇ ਲਾ ਕੇ ਦਬਾਅ ਘੱਟ ਕੀਤਾ ਤਾਂ ਉੱਥੇ ਹੀ, ਦੂਜੇ ਪਾਸੇ ਤੋਂ ਹਸਨ ਨੇ 23 ਡਾਟ ਗੇਂਦਾਂ ਖੇਡੀਆਂ। ਨੌਵੇਂ ਓਵਰਾਂ ਵਿਚ ਗੇਂਦਬਾਜ਼ੀ ਲਈ ਆਏ ਆਕਾਸ਼ ਦੀਪ ਨੇ ਆਪਣੀ ਤੀਜੀ ਗੇਂਦ ’ਤੇ ਹੀ ਹਸਨ ਦੀ 24 ਗੇਂਦਾਂ ਦੀ ਪਾਰੀ ਨੂੰ ਖਤਮ ਕਰ ਦਿੱਤਾ। ਜਾਇਸਵਾਲ ਨੇ ਸਲਿੱਪ ਵਿਚ ਉਸਦਾ ਸ਼ਾਨਦਾਰ ਕੈਚ ਫੜਿਆ। ਉਸ ਨੇ ਇਸ ਤੋਂ ਬਾਅਦ ਇਸਲਾਮ ਨੂੰ ਵੀ ਐੱਲ. ਬੀ. ਡਬਲਯੂ. ਕੀਤਾ।
ਮੈਦਾਨੀ ਅੰਪਾਇਰਾਂ ਦੇ ਨਾਟਆਊਟ ਦੇਣ ਤੋਂ ਬਾਅਦ ਆਕਾਸ਼ ਦੀਪ ਨੇ ਕਪਤਾਨ ਰੋਹਿਤ ਨੂੰ ‘ਡੀ. ਆਰ. ਐੱਸ.’ ਲੈਣ ਲਈ ਮਨਾਇਆ ਤੇ ਉਸਦਾ ਫੈਸਲਾ ਸਹੀ ਸਾਬਤ ਹੋਇਆ। ਤੀਜੇ ਅੰਪਾਇਰ ਨੇ ਰੀਪਲੇਅ ਦੇਖਣ ਤੋਂ ਬਾਅਦ ਇਸਲਾਮ ਨੂੰ ਆਊਟ ਕਰਾਰ ਦਿੱਤਾ। ਸ਼ਾਨਦਾਰ ਲੈਅ ਵਿਚ ਚੱਲ ਰਹੇ ਸ਼ੰਟੋ ਨੇ ਦੋ ਚੌਕੇ ਲਾ ਕੇ ਦਬਾਅ ਨੂੰ ਘੱਟ ਕੀਤਾ। ਉਸ ਨੇ ਇਸ ਦੌਰਾਨ ਆਰ. ਅਸ਼ਵਿਨ ਵਿਰੁੱਧ ਰਿਵਰਸ ਸਵੀਪ ਦਾ ਕਾਰਗਰ ਇਸਤੇਮਾਲ ਕੀਤਾ।
ਲੰਚ ਤੋਂ ਪਹਿਲਾਂ ਸੈਸ਼ਨ ਦੇ ਆਖਰੀ ਓਵਰਾਂ ਵਿਚ ਬੂੰਦਾਂਬਾਦੀ ਸ਼ੁਰੂ ਹੋ ਗਈ, ਜਿਸ ਦੇ ਕਾਰਨ ਪਿੱਚ ਤੇ ਮੈਦਾਨ ਨੂੰ ਕਵਰ ਨਾਲ ਢਕਣਾ ਪਿਆ। ਸ਼ੁਰੂਆਤੀ ਸੈਸ਼ਨ ਵਿਚ ਸਫਲਤਾ ਤੋਂ ਦੂਰ ਰਹੇ ਅਸ਼ਵਿਨ ਨੇ ਦੂਜੇ ਸੈਸ਼ਨ ਵਿਚ ਸ਼ੰਟੋ ਨੂੰ ਐੱਲ. ਬੀ. ਡਬਲਯੂ. ਕਰ ਕੇ ਪਹਿਲੀ ਸਫਲਤਾ ਹਾਸਲ ਕੀਤੀ। ਮੈਦਾਨੀ ਅੰਪਾਇਰ ਨੇ ਗੇਂਦਬਾਜ਼ ਦੀ ਅਪੀਲ ’ਤੇ ਤੁਰੰਤ ਉਂਗਲੀ ਚੁੱਕ ਦਿੱਤੀ ਪਰ ਬੰਗਲਾਦੇਸ਼ ਦੇ ਕਪਤਾਨ ਨੇ ਡੀ. ਆਰ. ਐੱਸ. ਲੈਣ ਦਾ ਫੈਸਲਾ ਕੀਤਾ ਪਰ ਇਹ ਕਾਰਗਾਰ ਨਹੀਂ ਰਿਹਾ। ਇਸ ਦੌਰਾਨ ਤਜਰਬੇਕਾਰ ਮੋਮੀਨੁਲ ਨੇ ਕ੍ਰੀਜ਼ ’ਤੇ ਸਮਾਂ ਬਿਤਾਉਣ ਦੇ ਨਾਲ ਆਤਮਵਿਸ਼ਵਾਸ ਹਾਸਲ ਕੀਤਾ। ਉਸ ਨੇ ਆਕਾਸ਼ ਦੀਪ ਦੇ ਓਵਰ ਵਿਚ ਦੋ ਚੌਕੇ ਲਾਏ। ਉਸ ਨੇ ਮਿਡ ਆਫ ਵੱਲੋਂ ਇਕ ਹੋਰ ਸ਼ਾਨਦਾਰ ਚੌਕੇ ਦੇ ਨਾਲ ਬੰਗਲਾਦੇਸ਼ ਦੀਆਂ ਦੌੜਾਂ ਦਾ ਸੈਂਕੜਾ ਪੂਰਾ ਕੀਤਾ। ਖਰਾਬ ਰੌਸ਼ਨੀ ਦੇ ਕਾਰਨ ਦੂਜੇ ਸੈਸ਼ਨ ਵਿਚ ਸਿਰਫ 9 ਓਵਰਾਂ ਤੋਂ ਬਾਅਦ ਖੇਡ ਨੂੰ ਰੋਕਣਾ ਪਿਆ। ਖਿਡਾਰੀਆਂ ਦੇ ਪੈਵੇਲੀਅਨ ਵਿਚ ਪਹੁੰਚਦੇ ਹੀ ਇੱਥੇ ਬੂੰਦਾਬਾਂਦੀ ਹੋਣ ਲੱਗੀ ਜਿਹੜੀ ਬਾਅਦ ਵਿਚ ਤੇਜ਼ ਮੀਂਹ ਵਿਚ ਬਦਲ ਗਈ।