ਭਾਰਤੀ ਗੇਂਦਬਾਜ਼ੀ ਅੱਗੇ ਢੇਰ ਹੋਏ ਬੰਗਲਾਦੇਸ਼ੀ ਬੱਲੇਬਾਜ਼, ਭਾਰਤ ਨੂੰ ਮਿਲਿਆ 128 ਦੌੜਾਂ ਦਾ ਆਸਾਨ ਟੀਚਾ
Sunday, Oct 06, 2024 - 08:52 PM (IST)

ਸਪੋਰਟਸ ਡੈਸਕ- ਭਾਰਤੀ ਟੀਮ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੁਕਾਬਲਾ ਗਵਾਲੀਅਲ ਦੇ ਸ਼੍ਰੀਮੰਤ ਮਾਧਵਰਾਓ ਸਿੰਧੀਆ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਦਾਨ 'ਤੇ ਪਹਿਲੀ ਵਾਰ ਕੋਈ ਇੰਟਰਨੈਸ਼ਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੈਚ 'ਚ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਭਾਰਤੀ ਟੀਮ ਵੱਲੋਂ ਤੇਜ ਗੇਂਦਬਾਜ਼ ਅਰਸ਼ਦੀਪ ਸਿੰਘ ਅਤੇ ਸਪਿਨਰ ਵਰੁਣ ਚੱਕਰਵਰਤੀ ਦੀ ਅਗਵਾਈ 'ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਬੰਗਲਾਦੇਸ਼ ਦੀ ਟੀਮ ਨੂੰ 19.5 ਓਵਰਾਂ 'ਚ 127 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਭਾਰਤ ਨੂੰ ਬੰਗਲਾਦੇਸ਼ ਵੱਲੋਂ 128 ਦੌੜਾਂ ਬਣਾਉਣ ਦਾ ਟੀਚਾ ਮਿਲਿਆ ਹੈ।
ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੀ-20 'ਚ ਡੈਬਿਊ ਕਰਨ ਵਾਲੇ ਤੇਜ਼ ਗੇਂਦਬਾਜ਼ ਮਯੰਕ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦੀ ਪਹਿਲੀ ਵਿਕਟ ਲਈ। ਆਪਣੇ ਪਹਿਲਾ ਓਵਰ ਮੇਡਨ ਕਰਨ ਵਾਲੇ ਮਯੰਕ ਨੇ ਆਪਣੇ ਦੂਜੇ ਓਵਰ ਵਿੱਚ ਮਹਿਮੂਦੁੱਲਾ ਨੂੰ ਆਊਟ ਕੀਤਾ।
ਬੰਗਲਾਦੇਸ਼ ਨੇ 14 ਦੌੜਾਂ 'ਤੇ ਹੀ 2 ਵਿਕਟਾਂ ਗੁਆ ਲਈਆਂ ਸਨ। ਅਰਸ਼ਦੀਪ ਸਿੰਘ ਨੇ ਲਿਟਨ ਦਾਸ ਅਤੇ ਪਰਵੇਜ਼ ਹੁਸੈਨ ਨੂੰ ਸ਼ਿਕਾਰ ਬਣਾਇਆ। ਸਪਿਨਰ ਵਰੁਣ ਚੱਕਰਵਰਤੀ ਨੇ ਜ਼ਾਕਿਰ ਅਲੀ ਨੂੰ ਆਊਟ ਕਰਕੇ ਬੰਗਲਾਦੇਸ਼ ਨੂੰ ਪੰਜਵਾਂ ਝਟਕਾ ਦਿੱਤਾ।