ਮੈਕਸਵੈੱਲ ਦੀ 'ਸੈਂਚਰੀ' ਪਈ ਗਾਇਕਵਾੜ ਦੇ 'ਸੈਂਕੜੇ' 'ਤੇ ਭਾਰੀ, ਆਖ਼ਰੀ ਗੇਂਦ 'ਤੇ ਜਿੱਤੀ ਆਸਟ੍ਰੇਲੀਆ
Tuesday, Nov 28, 2023 - 10:18 PM (IST)
ਸਪੋਰਟਸ ਡੈਸਕ- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੀ-20 ਲੜੀ ਦਾ ਤੀਜਾ ਮੈਚ ਗੁਹਾਟੀ ਦੇ ਬਰਸਾਪਾਰਾ ਸਟੇਡੀਅਮ 'ਚ ਖੇਡਿਆ ਗਿਆ, ਜਿੱਥੇ ਆਸਟ੍ਰੇਲੀਆ ਨੇ ਭਾਰਤ ਨੂੰ ਆਖ਼ਰੀ ਗੇਂਦ ਤੱਕ ਚੱਲੇ ਬੇਹੱਦ ਰੋਮਾਂਚਕ ਮੁਕਾਬਲੇ 'ਚ 5 ਵਿਕਟਾਂ ਨਾਲ ਹਰਾ ਕੇ ਲੜੀ 'ਚ ਵਾਪਸੀ ਕੀਤੀ। ਟਾਸ ਜਿੱਤ ਕੇ ਆਸਟ੍ਰੇਲੀਆ ਨੇ ਭਾਰਤ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਸੀ। ਇਸ ਮੌਕੇ ਨੂੰ ਭਾਰਤ ਨੇ ਦੋਵਾਂ ਹੱਥਾਂ ਨਾਲ ਸਵੀਕਾਰ ਕਰਦੇ ਹੋਏ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ 20 ਓਵਰਾਂ 'ਚ 3 ਵਿਕਟਾਂ ਗੁਆ ਕੇ 222 ਦੌੜਾਂ ਬਣਾਈਆਂ। ਭਾਰਤ ਵੱਲੋਂ ਰੁਤੂਰਾਜ ਗਾਇਕਵਾੜ ਨੇ ਸ਼ਾਨਦਾਰ ਸੈਂਕੜਾ ਜੜਿਆ ਤੇ ਸਿਰਫ 57 ਗੇਂਦਾਂ 'ਚ 123* ਦੌੜਾਂ ਬਣਾਈਆਂ।
ਇਸ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੇ ਆਸਟ੍ਰੇਲੀਆ ਦੇ ਓਪਨਰ ਟ੍ਰੈਵਿਸ ਹੈੱਡ ਤੇ ਐਰੋਨ ਹਾਰਡੀ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਈ ਤੇ ਪਹਿਲੇ 2 ਓਵਰਾਂ 'ਚ ਹੀ 25 ਦੌੜਾਂ ਜੜ ਦਿੱਤੀਆਂ। ਪਹਿਲੇ 2 ਓਵਰਾਂ ਦੀਆਂ ਪੂਰੀਆਂ 12 ਗੇਂਦਾਂ ਹੈੱਡ ਨੇ ਖੇਡੀਆਂ ਤੇ 25 ਦੌੜਾਂ ਵੀ ਇਕੱਲੇ ਹੈੱਡ ਨੇ ਹੀ ਬਣਾਈਆਂ। ਇਸ ਤੋਂ ਬਾਅਦ ਅਰਸ਼ਦੀਪ ਨੇ ਓਪਨਰ ਐਰੋਨ ਹਾਰਡੀ ਨੂੰ 16 ਦੌੜਾਂ 'ਤੇ ਵਿਕਟਾਂ ਪਿੱਛੇ ਕੈਚ ਆਊਟ ਕਰਵਾਇਆ। ਖ਼ਤਰਨਾਕ ਤੇਵਰ ਦਿਖਾ ਰਹੇ ਹੈੱਡ ਨੂੰ ਆਵੇਸ਼ ਖ਼ਾਨ ਨੇ 35 ਦੌੜਾਂ 'ਤੇ ਆਊਟ ਕਰ ਦਿੱਤਾ।ਜੋਸ਼ ਇੰਗਲਿਸ ਵੀ ਕੁਝ ਚੰਗੇ ਸ਼ਾਟ ਖੇਡ ਕੇ 10 ਦੌੜਾਂ ਬਣਾ ਕੇ ਰਵੀ ਬਿਸ਼ਨੋਈ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ।
ਇਸ ਤੋਂ ਬਾਅਦ ਕ੍ਰੀਜ਼ 'ਤੇ ਆਏ ਗਲੈੱਨ ਮੈਕਸਵੈੱਲ ਤੇ ਮਾਰਕਸ ਸਟਾਇਨਿਸ ਨੇ ਕੁਝ ਵਧੀਆ ਸ਼ਾਟ ਖੇਡੇ ਤੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਪਰ ਅਕਸ਼ਰ ਪਟੇਲ ਨੇ ਮਾਰਕਸ ਸਟਾਇਨਿਸ ਨੂੰ 17 ਗੇਂਦਾਂ 'ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰਿਆ ਟਿਮ ਡੇਵਿਡ ਵੀ ਪਹਿਲੀ ਹੀ ਗੇਂਦ 'ਤੇ ਰਵੀ ਬਿਸ਼ਨੋਈ ਨੂੰ ਵਿਕਟ ਦੇ ਬੈਠਾ। ਇਸ ਤੋਂ ਬਾਅਦ ਗਲੈੱਨ ਮੈਕਸਵੈੱਲ ਨੇ ਤੂਫ਼ਾਨੀ ਬੱਲੇਬਾਜ਼ੀ ਕਰਦਿਆਂ 48 ਗੇਂਦਾਂ 'ਚ 8 ਚੌਕਿਆਂ ਤੇ 8 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ ਸੈਂਕੜਾ ਪੂਰਾ ਕੀਤਾ ਤੇ ਟੀਮ ਨੂੰ ਜਿੱਤ ਦਿਵਾਈ। ਆਸਟ੍ਰੇਲੀਆ ਨੂੰ ਆਖ਼ਰੀ ਓਵਰ 'ਚ ਜਿੱਤ ਲਈ 21 ਦੌੜਾਂ ਦੀ ਲੋੜ ਸੀ, ਪਰ ਮੈਕਸਵੈੱਲ ਨੇ ਪ੍ਰਸਿੱਧ ਕ੍ਰਿਸ਼ਨਾ ਦੇ ਇਸ ਓਵਰ 'ਚ ਤਾਬੜਤੋੜ ਹਿਟਿੰਗ ਕਰਦੇ ਹੋਏ 4 ਚੌਕੇ ਤੇ 1 ਛੱਕਾ ਜੜ ਦਿੱਤਾ ਤੇ ਟੀਮ ਨੂੰ ਆਖ਼ਰੀ ਗੇਂਦ 'ਤੇ ਚੌਕਾ ਲਗਾ ਕੇ ਜਿੱਤ ਦਿਵਾ ਦਿੱਤੀ। ਕਪਤਾਨ ਮੈਥਿਊ ਵੇਡ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ ਤੇ 28 ਦੌੜਾਂ ਦੀ ਪਾਰੀ ਖੇਡੀ।
ਭਾਰਤੀ ਗੇਂਦਬਾਜ਼ਾਂ 'ਚੋਂ ਰਵੀ ਬਿਸ਼ਨੋਈ ਸਭ ਤੋਂ ਸਫ਼ਲ ਰਿਹਾ ਜਿਸ ਨੇ 4 ਓਵਰਾਂ 'ਚ 32 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਉਸ ਤੋਂ ਇਲਾਵਾ ਬਾਕੀ ਸਾਰੇ ਗੇਂਦਬਾਜ਼ ਮਹਿੰਗੇ ਸਾਬਿਤ ਹੋਏ। ਪ੍ਰਸਿੱਧ ਕ੍ਰਿਸ਼ਨਾ ਨੇ ਆਪਣੇ 4 ਓਵਰਾਂ 'ਚ ਸਭ ਤੋਂ ਵੱਧ 68 ਦੌੜਾਂ ਦਿੱਤੀਆਂ। ਆਖ਼ਰੀ ਓਵਰ ਵੀ ਉਸੇ ਨੇ ਕਰਵਾਇਆ ਸੀ, ਜਿਸ 'ਚ ਉਸ ਨੂੰ 23 ਦੌੜਾਂ ਪਈਆਂ ਸਨ। ਇਸ ਜਿੱਤ ਦੇ ਨਾਲ ਆਸਟ੍ਰੇਲੀਆ ਨੇ ਲੜੀ 'ਚ ਆਪਣੀ ਵਾਪਸੀ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ, ਪਰ ਭਾਰਤ ਅਜੇ ਵੀ 2-1 ਨਾਲ ਲੜੀ 'ਚ ਅੱਗੇ ਹੈ।