ਗਾਇਕਵਾੜ ਨੇ ਜੜਿਆ ਸ਼ਾਨਦਾਰ ਸੈਂਕੜਾ, ਭਾਰਤ ਨੇ ਆਸਟ੍ਰੇਲੀਆ ਨੂੰ ਦਿੱਤਾ 222 ਦੌੜਾਂ ਦਾ ਟੀਚਾ
Tuesday, Nov 28, 2023 - 08:47 PM (IST)
ਸਪੋਰਟਸ ਡੈਸਕ- ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਟੀ20 ਲੜੀ ਦਾ ਤੀਜਾ ਮੈਚ ਗੁਹਾਟੀ 'ਚ ਖੇਡਿਆ ਜਾ ਰਿਹਾ ਹੈ। ਭਾਰਤ ਦੀਆਂ ਨਜ਼ਰਾਂ ਜਿੱਥੇ ਮੈਚ ਜਿੱਤ ਕੇ ਸੀਰੀਜ਼ 'ਤੇ ਕਬਜ਼ਾ ਕਰਨ 'ਤੇ ਹੋਣਗੀਆਂ, ਉੱਥੇ ਹੀ ਆਸਟ੍ਰੇਲੀਆ ਸੀਰੀਜ਼ 'ਚ ਬਰਾਬਰੀ ਕਰਨ ਦੇ ਇਰਾਦੇ ਨਾਲ ਖੇਡੇਗੀ। ਟਾੱਸ ਜਿੱਤ ਕੇ ਆਸਟ੍ਰੇਲੀਆ ਨੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਭਾਰਤੀ ਟੀਮ ਵੱਲੋਂ ਓਪਨਿੰਗ ਕਰਨ ਆਏ ਯਸ਼ਸਵੀ ਜਾਇਸਵਾਲ ਅਤੇ ਰੁਤੂਰਾਜ ਗਾਇਕਵਾੜ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿਵਾਉਣ ਦੀ ਕੋਸ਼ਿਸ਼ ਕੀਤੀ। ਇਸੇ ਚੱਕਰ 'ਚ ਯਸ਼ਸਵੀ ਜਾਇਸਵਾਲ 6 ਗੇਂਦਾਂ 'ਚ 6 ਦੌੜਾਂ ਬਣਾ ਤੇ ਜੇਸਨ ਬੈਰਨਡਾਰਫ ਦੀ ਗੇਂਦ 'ਤੇ ਕੀਪਰ ਹੱਥੋਂ ਕੈਚ ਆਊਟ ਹੋ ਗਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਈਸ਼ਾਨ ਕਿਸ਼ਨ ਵੀ ਕੁਝ ਖਾਸ ਨਹੀਂ ਕਰ ਸਕਿਆ ਤੇ ਕੇਨ ਰਿਚਰਡਸਨ ਦੀ ਗੇਂਦ 'ਤੇ 0 ਦੇ ਸਕੋਰ 'ਤੇ ਹੀ ਆਊਟ ਹੋ ਗਿਆ।
ਕਪਤਾਨ ਸੂਰਿਆਕੁਮਾਰ ਨੇ ਕੁਝ ਵਧੀਆ ਸ਼ਾਟ ਖੇਡੇ, ਪਰ ਵਧੀਆ ਸ਼ੁਰੂਆਤ ਨੂੰ ਉਹ ਵੱਡੇ ਸਕੋਰ 'ਚ ਤਬਦੀਲ ਨਹੀਂ ਕਰ ਸਕਿਆ ਤੇ 29 ਗੇਂਦਾਂ 'ਚ 39 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੌਰਾਨ ਰੁਤੂਰਾਜ ਗਾਇਕਵਾੜ ਨੇ ਸਿਰਫ਼ 57 ਗੇਂਦਾਂ 'ਚ 13 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਜ਼ਬਰਦਸਤ ਸੈਂਕੜਾ ਜੜਦੇ ਹੋਏ ਨਾਬਾਦ 123 ਦੌੜਾਂ ਬਣਾਈਆਂ। ਤਿਲਕ ਵਰਮਾ ਨੇ ਵੀ ਉਸ ਦਾ ਚੰਗਾ ਸਾਥ ਦਿੱਤਾ ਤੇ 24 ਗੇਂਦਾਂ 'ਚ 4 ਚੌਕਿਆਂ ਦੀ ਮਦਦ ਨਾਲ 31 ਦੌੜਾਂ ਬਣਾਈਆਂ। ਭਾਰਤ ਨੇ ਆਪਣੀ ਪਾਰੀ ਦੇ ਪੂਰੇ 20 ਓਵਰ ਖੇਡ ਕੇ 3 ਵਿਕਟਾਂ ਦੇ ਨੁਕਸਾਨ 'ਤੇ 222 ਦੌੜਾਂ ਬਣਾਈਆਂ ਹਨ।
ਆਸਟ੍ਰੇਲੀਆ ਨੂੰ ਮੈਚ ਜਿੱਤਣ ਅਤੇ ਲੜੀ 'ਚ ਵਾਪਸੀ ਕਰਨ ਲਈ ਭਾਰਤੀ ਟੀਮ ਵੱਲੋਂ 223 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ।
ਪਲੇਇੰਗ-11
ਭਾਰਤ - ਯਸ਼ਸਵੀ ਜਾਇਸਵਾਲ, ਰੁਤੁਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਆਵੇਸ਼ ਖ਼ਾਨ, ਪ੍ਰਸਿੱਧ ਕ੍ਰਿਸ਼ਨਾ
ਆਸਟ੍ਰੇਲੀਆ - ਐਰਨ ਹਾਰਡੀ, ਮੈਥਿਊ ਸ਼ਾਰਟ, ਜੋਸ਼ ਇੰਗਲਿਸ, ਮਾਰਕਸ ਸਟੋਇਨਿਸ, ਟਿਮ ਡੇਵਿਡ, ਗਲੇਨ ਮੈਕਸਵੈੱਲ, ਮੈਥਿਊ ਵੇਡ (ਕਪਤਾਨ ਤੇ ਵਿਕਟਕੀਪਰ), ਜੇਸਨ ਬੈਹਰਨਡਾਰਫ, ਕੇਨ ਰਿਚਰਡਸਨ, ਐਡਮ ਜ਼ੈਂਪਾ, ਤਨਵੀਰ ਸੰਘਾ