IND v ENG : ਇੰਗਲੈਂਡ ਨੇ ਭਾਰਤ ਨੂੰ ਦਿੱਤਾ 420 ਦੌੜਾਂ ਦਾ ਟੀਚਾ
Monday, Feb 08, 2021 - 09:48 PM (IST)
ਚੇਨਈ– ਆਫ ਸਪਿਨਰ ਆਰ. ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 61 ਦੌੜਾਂ ’ਤੇ 6 ਵਿਕਟਾਂ ਲੈ ਕੇ ਇੰਗਲੈਂਡ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਦੂਜੀ ਪਾਰੀ ਵਿਚ 178 ਦੌੜਾਂ ’ਤੇ ਢੇਰ ਕਰ ਦਿੱਤਾ, ਜਿਸ ਨਾਲ ਭਾਰਤ ਨੂੰ ਇਹ ਮੁਕਾਬਲਾ ਜਿੱਤਣ ਲਈ 420 ਦੌੜਾਂ ਦਾ ਮੁਸ਼ਕਿਲ ਟੀਚਾ ਮਿਲਿਆ ਹੈ। ਭਾਰਤ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਸਟੰਪਸ ਤਕ 1 ਵਿਕਟ ਗੁਆ ਕੇ 39 ਦੌੜਾਂ ਬਣਾ ਲਈਆਂ ਹਨ ਤੇ ਉਸ ਨੂੰ ਜਿੱਤਣ ਲਈ ਮੈਚ ਦੇ ਆਖਰੀ ਦਿਨ 90 ਓਵਰਾਂ ਵਿਚ 381 ਦੌੜਾਂ ਬਣਾਉਣੀਆਂ ਹਨ।ਇੰਗਲੈਂਡ ਨੇ ਪਹਿਲੀ ਪਾਰੀ ਵਿਚ 578 ਦੌੜਾਂ ਦਾ ਵੱਡਾ ਸਕੋਰ ਬਣਾਇਆ ਤੇ ਜਦਕਿ ਭਾਰਤ ਨੇ ਚੌਥੇ ਦਿਨ 6 ਵਿਕਟਾਂ ’ਤੇ 257 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਉਸਦੀ ਪਹਿਲੀ ਪਾਰੀ 337 ਦੌੜਾਂ ’ਤੇ ਖਤਮ ਹੋਈ।
ਇੰਗਲੈਂਡ ਨੂੰ ਪਹਿਲੀ ਪਾਰੀ ਵਿਚ 241 ਦੌੜਾਂ ਦੀ ਮਹੱਤਵਪੂਰਨ ਬੜ੍ਹਤ ਹਾਸਲ ਹੋਈ। ਇੰਗਲੈਂਡ ਨੇ ਦੂਜੀ ਪਾਰੀ ਵਿਚ 178 ਦੌੜਾਂ ਬਣਾਈਆਂ ਤੇ ਭਾਰਤ ਦੇ ਸਾਹਮਣੇ 420 ਦੌੜਾਂ ਦਾ ਟੀਚਾ ਰੱਖ ਦਿੱਤਾ। ਸਟੰਪਸ ਦੇ ਸਮੇਂ ਸ਼ੁਭਮਨ ਗਿੱਲ 35 ਗੇਂਦਾਂ ’ਤੇ 3 ਚੌਕਿਆਂ ਦੇ ਸਹਾਰੇ 15 ਦੌੜਾਂ ਤੇ ਪੁਜਾਰਾ 23 ਗੇਂਦਾਂ ’ਤੇ ਇਕ ਚੌਕੇ ਦੀ ਮਦਦ ਨਾਲ 12 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹੈ।
ਇਸ ਤੋਂ ਪਹਿਲਾਂ ਅਸ਼ਵਿਨ ਨੇ ਇੰਗਲੈਂਡ ਦੀ ਦੂਜੀ ਪਾਰੀ ਵਿਚ ਗੇਂਦਬਾਜ਼ੀ ਕਰਨ ਦੀ ਸ਼ੁਰੂਆਤ ਕੀਤੀ ਅਤੇ ਟਰਨ ਤੇ ਉਛਾਲ ਲੈਂਦੀ ਪਿੱਚ ਦਾ ਫਾਇਦਾ ਚੁੱਕਦੇ ਹੋਏ 17.3 ਓਵਰਾਂ ਵਿਚ 61 ਦੌੜਾਂ ’ਤੇ 6 ਵਿਕਟਾਂ ਲੈ ਕੇ ਇੰਗਲੈਂਡ ਨੂੰ 46.3 ਓਵਰਾਂ ਵਿਚ 178 ਦੌੜਾਂ ’ਤੇ ਸਮੇਟ ਦਿੱਤਾ। ਅਸ਼ਵਿਨ ਨੇ ਇਸ ਤਰ੍ਹਾਂ 28ਵੀਂ ਵਾਰ ਪਾਰੀ ਵਿਚ 5 ਵਿਕਟਾਂ ਲਈਆਂ। ਉਸ ਨੇ ਇੰਗਲੈਂਡ ਵਿਰੁੱਧ ਚੌਥੀ ਵਾਰ ਪਾਰੀ 'ਚ 5 ਵਿਕਟਾਂ ਤੇ ਚੇਨਈ ਵਿਚ ਤੀਜੀ ਵਾਰ ਪਾਰੀ ਵਿਚ 5 ਵਿਕਟਾਂ ਲਈਆਂ। ਅਸ਼ਵਿਨ ਨੇ ਇਸ ਤਰ੍ਹਾਂ ਮੈਚ ਵਿਚ ਕੁਲ 9 ਵਿਕਟਾਂ ਪੂਰੀਆਂ ਕੀਤੀਆਂ। ਉਸ ਨੇ ਪਹਿਲੀ ਪਾਰੀ ਵਿਚ 3 ਵਿਕਟਾਂ ਲਈਆਂ ਸਨ।
ਲੈਫਟ ਆਰਮ ਸਪਿਨਰ ਸ਼ਹਾਬਾਜ਼ ਨਦੀਮ ਨੇ 15 ਓਵਰਾਂ ਵਿਚ 66 ਦੌੜਾਂ ’ਤੇ 2 ਵਿਕਟਾਂ, ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ 7 ਓਵਰਾਂ ਵਿਚ 24 ਦੌੜਾਂ ’ਤੇ 1 ਵਿਕਟ ਤੇ ਜਸਪ੍ਰੀਤ ਬੁਮਰਾਹ ਨੇ 6 ਓਵਰਾਂ ਵਿਚ 26 ਦੌੜਾਂ ’ਤੇ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਭਾਰਤ ਨੇ ਸਵੇਰੇ 6 ਵਿਕਟਾਂ ’ਤੇ 257 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਵਾਸ਼ਿੰਗਟਨ ਸੁੰਦਰ ਨੇ 33 ਦੌੜਾਂ ਤੇ ਆਰ. ਅਸ਼ਵਿਨ ਨੇ 8 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਭਾਰਤ ਦੀ ਪਹਿਲੀ ਪਾਰੀ 95.5 ਓਵਰਾਂ ਵਿਚ 337 ਦੌੜਾਂ ’ਤੇ ਜਾ ਕੇ ਖਤਮ ਹੋਈ। ਸੁੰਦਰ 138 ਗੇਂਦਾਂ ’ਤੇ 12 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 85 ਦੌੜਾਂ ਬਣਾ ਕੇ ਅਜੇਤੂ ਰਿਹਾ। ਉਸਦੇ ਕੋਲ ਕੋਈ ਜੋੜੀਦਾਰ ਨਹੀਂ ਬਚਿਆ ਕਿ ਉਹ ਆਪਣਾ ਸੈਂਕੜਾ ਪੂਰਾ ਕਰ ਸਕਦਾ। ਅਸ਼ਵਿਨ ਨੇ 91 ਗੇਂਦਾਂ ਵਿਚ 3 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 31 ਦੌੜਾਂ ਬਣਾਈਆਂ।
ਭਾਰਤ ਦੇ ਪੁਛੱਲੇ ਬੱਲੇਬਾਜ਼ ਜ਼ਿਆਦਾ ਯੋਗਦਾਨ ਨਹੀਂ ਦੇ ਸਕੇ ਤੇ ਜਲਦੀ ਹੀ ਆਊਟ ਹੋ ਗਏ। ਸ਼ਾਹਬਾਜ਼ ਨਦੀਮ ਤੇ ਜਸਪ੍ਰੀਤ ਬੁਮਰਾਹ ਦਾ ਖਾਤਾ ਨਹੀਂ ਖੁੱਲ੍ਹਾ ਜਦਕਿ ਇਸ਼ਾਂਤ ਸ਼ਰਮਾ ਨੇ 4 ਦੌੜਾਂ ਬਣਾਈਆਂ। ਸੁੰਦਰ ਤੇ ਅਸ਼ਵਿਨ ਨੇ 7ਵੀਂ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਕੀਤੀ। ਭਾਰਤ ਨੇ ਆਖਰੀ 4 ਵਿਕਟਾਂ 32 ਦੌੜਾਂ ਜੋੜ ਕੇ ਗੁਆਈਆਂ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।