IND v BAN : ਮੈਚ ''ਤੇ ਨਹੀਂ ਪਿਆ ਪ੍ਰਦੂਸ਼ਣ ਦਾ ਅਸਰ, ਸਟੇਡੀਅਮ ਹਾਊਸਫੁੱਲ
Sunday, Nov 03, 2019 - 09:20 PM (IST)

ਨਵੀਂ ਦਿੱਲੀ— ਭਾਰਤ ਤੇ ਬੰਗਲਾਦੇਸ਼ ਵਿਚਾਲੇ ਐਤਵਾਰ ਨੂੰ ਇੱਥੇ ਅਰੁਣ ਜੇਤਲੀ ਸਟੇਡੀਅਮ 'ਚ ਪਹਿਲੇ ਟੀ-20 ਮੁਕਾਬਲੇ ਤੋਂ ਪਹਿਲਾਂ ਰਾਜਧਾਨੀ ਦੇ ਪ੍ਰਦੂਸ਼ਣ ਦੀ ਬਹੁਤ ਚਰਚਾ ਸੀ ਪਰ ਸਟੇਡੀਅਮ ਹਾਊਸਫੁੱਲ ਹੋ ਗਿਆ ਤੇ ਮੈਚ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਸ਼ੁਰੂ ਹੋਇਆ। ਇਸ ਮੈਚ ਤੋਂ ਪਹਿਲਾਂ ਕੁਝ ਦਿਨਾਂ 'ਚ ਹਰ ਜਗ੍ਹਾ ਇਕ ਹੀ ਚਰਚਾ ਸੀ ਕਿ ਰਾਜਧਾਨੀ ਦਾ ਪ੍ਰਦੂਸ਼ਣ ਆਪਣੇ ਸਿਖਰ 'ਤੇ ਹੈ ਤੇ ਇਸ ਹਾਲਾਤ 'ਚ ਮੈਚ ਖੇਡਣਾ ਖਿਡਾਰੀਆਂ ਦੇ ਨਾਲ-ਨਾਲ ਦਰਸ਼ਕਾਂ ਦੇ ਲਈ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਪਰ ਦਿੱਲੀ ਦੇ ਕ੍ਰਿਕਟ ਪ੍ਰਸ਼ੰਸਕਾਂ 'ਤੇ ਇਸਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ। ਲਗਭਗ 46 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ਅਰੁਣ ਜੇਤਲੀ ਸਟੇਡੀਅਮ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਭਰ ਗਿਆ। ਮੈਚ ਦੇ ਦਿਨ ਦੁਪਹਿਰ 'ਚ ਇਸ ਗੱਲ ਦੀ ਚਰਚਾ ਜ਼ੋਰਾਂ 'ਤੇ ਸੀ ਕਿ ਪ੍ਰਦੂਸ਼ਣ ਦੇ ਚਲਦਿਆ ਮੈਚ ਰੱਦ ਕੀਤਾ ਜਾ ਸਕਦਾ ਹੈ, ਮੈਰਾਥਨ ਬੈਠਕ ਹੋ ਰਹੀ ਹੈ ਤੇ ਦਿੱਲੀ ਸਰਕਾਰ ਤੇ ਕ੍ਰਿਕਟ ਦੇ ਚੋਟੀ ਅਧਿਕਾਰੀ ਮੈਚ ਨੂੰ ਬਚਾਉਣ ਦਾ ਪੂਰਾ ਯਤਨ ਕਰ ਰਹੇ ਹਨ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਤੇ ਮੈਚ ਸ਼ਾਮ ਆਪਣੇ ਨਿਰਧਾਰਿਤ ਸਮੇਂ 7ਵਜੇ ਸ਼ੂਰੂ ਹੋ ਗਿਆ।