PCB ਦਾ ਵੱਡਾ ਬਿਆਨ, ਕਿਹਾ- ਭਾਰਤ ਸਰਕਾਰ ਦੀ ਨੀਤੀ ਕਾਰਨ ਨਹੀਂ ਹੁੰਦੀ ਭਾਰਤ-ਪਾਕਿ ਸੀਰੀਜ਼
Tuesday, Jul 14, 2020 - 04:16 PM (IST)
ਸਪੋਰਟਸ ਡੈਸਕ– ਭਾਰਤ ਅਤੇ ਪਾਕਿਸਤਾਨ ਵਿਚਕਾਰ ਲੰਬੇ ਸਮੇਂ ਤੋਂ ਕੋਈ ਦੁਵੱਲੀ ਸੀਰੀਜ਼ ਨਹੀਂ ਖੇਡੀ ਗਈ। ਇਸ ਦੌਰਾਨ ਪਾਕਿਸਤਾਨ ਦੀ ਕੋਸ਼ਿਸ਼ ਰਹੀ ਹੈ ਕਿ ਭਾਰਤ ਨਾਲ ਸੀਰੀਜ਼ ਹੋਵੇ ਪਰ ਅਜਿਹਾ ਹੋ ਨਹੀਂ ਪਾਇਆ। ਇਸ ਨੂੰ ਲੈ ਕੇ ਪਾਕਿਸਤਾਨ ਕਈ ਵਾਰ ਭਾਰਤ ਸਰਕਾਰ ’ਤੇ ਉਂਗਲ ਵੀ ਚੁੱਕੀ ਹੈ। ਹੁਣ ਇਕ ਵਾਰ ਫਿਰ ਭਾਰਤ ਸਰਕਾਰ ਖਿਲਾਫ ਬੋਲਦੇ ਹੋਏ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਅਹਿਸਾਨ ਮਨੀ ਨੇ ਕਿਹਾ ਕਿ ਭਾਰਤ-ਪਾਕਿ ਕ੍ਰਿਕਟ ਸੀਰੀਜ਼ ਭਾਰਤ ਸਰਕਾਰ ਦੀ ਨੀਤੀ ਕਾਰਨ ਨਹੀਂ ਹੁੰਦੀ।
ਇਕ ਸਪੋਰਟਸ ਵੈੱਬਸਾਈਟ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਾਕਿਸਤਾਨ-ਭਾਰਤ ਦੇ ਮੈਚ ਦੁਨੀਆ ’ਚ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਕ੍ਰਿਕਟ ਮੈਚ ਹਨ। ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈ.ਸੀ.ਸੀ.) ਅਤੇ ਏਸ਼ੀਆਈ ਕ੍ਰਿਕਟ ਪਰੀਸ਼ਦ (ਏ.ਸੀ.ਸੀ.) ਦੇ ਈਵੈਂਟਸ ਤੋਂ ਇਲਾਵਾ ਅਸੀਂ ਭਾਰਤ ਸਰਕਾਰ ਦੀ ਨੀਤੀ ਕਾਰਨ ਇਕ-ਦੂਜੇ ਖਿਲਾਫ ਨਹੀਂ ਖੇਡਦੇ। ਜੇਕਰ ਅਸੀਂ ਇਕ-ਦੂਜੇ ਖਿਲਾਫ ਖੇਡਦੇ ਹਾਂ ਤਾਂ ਇਹ ਗਲੋਬਲ ਕ੍ਰਿਕਟ ਦੀ ਭਲਾਈ ਲਈ ਚੰਗਾ ਹੋਵੇਗਾ। ਹਾਲਾਂਕਿ, ਸਾਡੀ ਯੋਜਨਾ ’ਚ ਅਸੀਂ ਭਾਰਤ ਖਿਲਾਫ ਕਿਸੇ ਵੀ ਦੁਵੱਲੀ ਸੀਰੀਜ਼ ਨੂੰ ਧਿਆਨ ’ਚ ਨਹੀਂ ਰੱਖਦੇ।
ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਨੇ ਬੀ.ਸੀ.ਸੀ.ਆਈ. ਨਾਲ ਰਿਸ਼ਤਿਆਂ ’ਤੇ ਕਿਹਾ ਕਿ ਪੀ.ਸੀ.ਬੀ. ਨੂੰ ਬੀ.ਸੀ.ਸੀ.ਆਈ. ਤੋਂ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਕੁਝ ਦੇਸ਼ ਆਪਣੇ ਹਿੱਤਾਂ ਨੂੰ ਇਕ ਖੇਡ ਤੋਂ ਵੀ ਅੱਗੇ ਰੱਖਦੇ ਹਨ। ਅਸੀਂ ਸਾਰੇ ਗਲੋਬਲ ਖੇਡ ਅਤੇ ਵਿਸ਼ਵ ਕ੍ਰਿਕਟ ਦੀ ਭਲਾਈ ਲਈ ਕਰਤਵ ਦਾ ਪਾਲਨ ਕਰਦੇ ਹਾਂ ਅਤੇ ਇਸ ਤੋਂ ਪਹਿਲਾਂ ਆਪਣੇ ਹਿੱਤਾਂ ਨੂੰ ਨਹੀਂ ਰੱਖਦੇ।