ਵਿਸ਼ਵ ਮਾਈਂਡ ਗੇਮ ''ਚ ਹੰਪੀ ਤੇ ਹਰਿਕਾ ਕਰਨਗੀਆਂ ਭਾਰਤ ਦੀ ਪ੍ਰਤੀਨਿਧਤਾ
Saturday, Mar 02, 2019 - 07:12 PM (IST)

ਹੇਂਗਸੂਈ— ਮਈ ਵਿਚ ਹੋਣ ਵਾਲੇ ਵਿਸ਼ਵ ਮਾਈਂਡ ਗੇਮ ਲਈ ਮਹਿਲਾ ਵਰਗ ਦੀ ਰੈਪਿਡ ਤੇ ਬਲਿਟਜ ਸ਼ਤਰੰਜ ਪ੍ਰਤੀਯੋਗਿਤਾ ਲਈ ਭਾਰਤੀ ਖਿਡਾਰੀਆਂ ਵਿਚ ਗ੍ਰੈਂਡਮਾਸਟਰ ਹਰਿਕਾ ਦ੍ਰੋਣਾਵਲੀ ਤੇ ਕੋਨੇਰੂ ਹੰਪੀ ਦੀ ਚੋਣ ਵਿਸ਼ਵ ਸ਼ਤਰੰਜ ਸੰਘ ਵਲੋਂ ਜਾਰੀ ਸੂਚੀ ਤੋਂ ਬਾਅਦ ਤੈਅ ਹੋਈ ਹੈ। ਪ੍ਰਤੀਯੋਗਿਤਾ ਵਿਚ ਵਿਸ਼ਵ ਦੇ ਕੁੱਲ 16 ਖਿਡਾਰੀ ਖੇਡਣਗੇ। ਰੈਪਿਡ ਤੇ ਬਲਿਟਜ਼ ਦੀਆਂ ਵੱਖ-ਵੱਖ ਪ੍ਰਤੀਯੋਗਿਤਾਵਾਂ ਖੇਡੀਆਂ ਜਾਣਗੀਆਂ। ਰੈਪਿਡ ਵਿਚ ਜਿੱਥੇ 11 ਸਿੰਗਲ ਰਾਊਂਡ ਸਵਿਸ ਸਿਸਟਮ ਦੇ ਅਨੁਸਾਰ ਖੇਡੇ ਜਾਣਗੇ ਤਾਂ ਉੱਥੇ ਹੀ ਬਲਿਟਜ ਵਿਚ 11 ਡਬਲ ਰਾਊਂਡ ਸਵਿਸ ਸਿਸਟਮ ਦੇ ਆਧਾਰ 'ਤੇ ਖੇਡੇ ਜਾਣਗੇ।
ਜ਼ਿਕਰਯੋਗ ਹੈ ਕਿ ਕਿਸੇ ਵੀ ਇਕ ਦੇਸ਼ ਤੋਂ 2 ਤੋਂ ਵੱਧ ਖਿਡਾਰੀ ਇਸ ਵਿਚ ਹਿੱਸਾ ਨਹੀਂ ਲੈ ਸਕਦੇ। ਇਸ ਤਰ੍ਹਾਂ ਨਾਲ ਮਹਿਲਾ ਵਰਗ ਵਿਚ ਭਾਰਤ ਆਪਣਾ ਪੂਰਾ ਕੋਟਾ ਇਸਤੇਮਾਲ ਕਰਨ ਵਿਚ ਕਾਮਯਾਬ ਰਿਹਾ ਹੈ। ਰੈਪਿਡ ਵਿਚ ਹਰ ਖਿਡਾਰੀ ਨੂੰ 15 ਮਿੰਟ ਪ੍ਰਤੀ ਖਿਡਾਰੀ ਦਿੱਤੇ ਜਾਣਗੇ ਜਦਕਿ ਹਰ ਚਾਲ ਵਿਚ 10 ਸੈਕੰਡ ਵਾਧੂ ਮਿਲਣਗੇ। ਉਥੇ ਹੀ ਬਲਿਟਜ਼ ਵਿਚ 3 ਮਿੰਟ ਪ੍ਰਤੀ ਖਿਡਾਰੀ ਦਿੱਤੇ ਜਾਣਗੇ ਜਦਕਿ ਹਰ ਚਾਲ ਵਿਚ 2 ਸੈਕੰਡ ਵਾਧੂ ਮਿਲਣਗੇ। ਕੋਨੇਰੂ ਹੰਪੀ ਇਸ ਸਮੇਂ ਮੌਜੂਦਾ ਵਿਸ਼ਵ ਰੈਂਕਿੰਗ ਵਿਚ 2549 ਅੰਕਾਂ ਨਾਲ ਵਿਸ਼ਵ ਰੈਂਕਿੰਗ ਵਿਚ ਛੇਵੇਂ ਸਥਾਨ 'ਤੇ ਹੈ ਤੇ ਹਰਿਕਾ ਦ੍ਰੋਣਾਵਲੀ 2483 ਅੰਕਾਂ ਨਾਲ ਵਿਸ਼ਵ ਰੈਂਕਿੰਗ ਵਿਚ ਇਸ ਸਮੇਂ 14ਵੇਂ ਸਥਾਨ 'ਤੇ ਹੈ। 8 ਮਾਰਚ ਤੋਂ ਬਾਅਦ ਜਾਰੀ ਹੋਵੇਗੀ ਪੁਰਸ ਵਰਗ ਦੀ ਸੂਚੀ : ਪੁਰਸ਼ ਖਿਡਾਰੀਆਂ ਦੀ ਆਖਰੀ ਸੂਚੀ 8 ਮਾਰਚ ਤੋਂ ਬਾਅਦ ਜਾਰੀ ਕੀਤੀ ਜਾਵੇਗੀ ਤੇ ਜੇਕਰ ਵਿਸ਼ਵਨਾਥਨ ਆਨੰਦ ਇਸ ਵਿਚ ਨਹੀਂ ਖੇਡਦਾ ਤਾਂ ਪੇਂਟਾਲਾ ਹਰਿਕ੍ਰਿਸ਼ਣਾ ਤੇ ਵਿਦਿਤ ਗੁਜਰਾਤੀ ਨੂੰ ਇਸ ਵਿਚ ਜਗ੍ਹਾ ਮਿਲ ਸਕਦੀ ਹੈ।