ਪੰਜਾਬ ਪ੍ਰੋ ਰੈਸਲਿੰਗ ਲੀਗ ਦੇ ਸੈਮੀਫਾਈਨਲ ''ਚ
Tuesday, Jan 29, 2019 - 01:17 AM (IST)

ਗ੍ਰੇਟਰ ਨੋਇਡਾ- ਰਾਸ਼ਟਰੀ ਚੈਂਪੀਅਨ ਅਨੀਤਾ ਨੇ ਸੋਮਵਾਰ ਨੂੰ ਏਸ਼ੀਅਨ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਨਵਜੋਤ ਕੌਰ ਵਿਰੁੱਧ ਵੱਡਾ ਉਲਟਫੇਰ ਕਰਦਿਆਂ ਪ੍ਰੋ ਰੈਸਲਿੰਗ ਲੀਗ (ਪੀ. ਡਬਲਯੂ. ਐੱਲ.) ਦੇ ਚੌਥੇ ਸੈਸ਼ਨ ਵਿਚ ਪੰਜਾਬ ਰਾਇਲਜ਼ ਨੂੰ ਯੂ. ਪੀ. ਦੰਗਲ 'ਤੇ ਜਿੱਤ ਦਿਵਾਈ। 4-3 ਨਾਲ ਜਿੱਤ ਦੇ ਨਾਲ ਪੰਜਾਬ ਅੰਕ ਸੂਚੀ ਵਿਚ ਚੋਟੀ 'ਤੇ ਹੈ ਤੇ ਸੈਮੀਫਾਈਨਲ ਵਿਚ ਪਹੁੰਚ ਗਿਆ ਹੈ। ਇਸ ਹਾਰ ਦੇ ਬਾਵਜੂਦ ਯੂ. ਪੀ. ਦੰਗਲ ਵੀ ਸੈਮੀਫਾਈਨਲ ਵਿਚ ਪਹੁੰਚਣ ਵਿਚ ਸਫਲ ਰਹੀ।
ਚੈਂਪੀਅਨ ਪੰਜਾਬ 8 ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚਿਆ ਹੈ ਤੇ ਪਹਿਲੇ ਸੈਮੀਫਾਈਨਲ ਵਿਚ ਉਸ ਦੀ ਟੱਕਰ ਚੌਥੇ ਸਥਾਨ 'ਤੇ ਰਹੀ ਟੀਮ ਯੂ. ਪੀ. ਦੰਗਲ ਨਾਲ ਹੋਵੇਗੀ। ਦੂਜੇ ਸਥਾਨ 'ਤੇ ਰਹੀ ਟੀਮ ਹਰਿਆਣਾ ਹੈਮਰਸ ਦੂਜੇ ਸੈਮੀਫਾਈਨਲ ਵਿਚ ਤੀਜੇ ਸਥਾਨ ਦੀ ਟੀਮ ਦਿੱਲੀ ਸੁਲਤਾਨਸ ਨਾਲ ਖੇਡੇਗੀ।
ਬੱਚੇ ਨੂੰ ਜਨਮ ਦੇਣ ਤੋਂ ਬਾਅਦ ਪੀ. ਡਬਲਯੂ. ਐੱਲ. ਰਾਹੀਂ ਕੁਸ਼ਤੀ ਵਿਚ ਵਾਪਸੀ ਕਰ ਰਹੀ ਹਰਿਆਣਾ ਪੁਲਸ ਦੀ ਅਨੀਤਾ ਨੂੰ ਮਹਿਲਾ 62 ਕਿਲੋ ਦੇ ਮੁਕਾਬਲੇ ਵਿਚ ਤਕਨੀਕੀ ਰੂਪ ਨਾਲ ਬਿਹਤਰ ਪਹਿਲਵਾਨ ਨਵਜੋਤ ਵਿਰੁੱਧ ਜਿੱਤ ਲਈ ਆਪਣਾ ਸਭ ਕੁਝ ਝੋਕਣਾ ਪਿਆ। ਮੁਕਾਬਲਾ 1-1 ਨਾਲ ਬਰਬਾਰ ਰਿਹਾ ਪਰ ਅਨੀਤਾ ਨੂੰ ਆਖਰੀ ਅੰਕ ਜਿੱਤਣ ਦੀ ਵਜ੍ਹਾ ਨਾਲ ਜੇਤੂ ਐਲਾਨ ਕੀਤਾ ਗਿਆ। ਉਸ ਦੀ ਜਿੱਤ ਦੇ ਨਾਲ ਹੀ ਮੌਜੂਦਾ ਚੈਂਪੀਅਨ ਪੰਜਾਬ ਨੇ ਇਕ ਮੈਚ ਬਾਕੀ ਰਹਿੰਦਿਆਂ ਹੀ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ।