ਲਕਸ਼ ਸੇਨ ਇੰਡੀਆ ਓਪਨ ਦੇ ਫ਼ਾਈਨਲ ''ਚ

01/15/2022 8:26:38 PM

ਨਵੀਂ ਦਿੱਲੀ- ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਦਾ ਤਮਗ਼ਾ ਜੇਤੂ ਲਕਸ਼ ਸੇਨ ਨੇ ਸ਼ਨੀਵਾਰ ਨੂੰ ਇੱਥੇ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਦੇ ਐਨਜੀ ਤਜੇ ਯੋਂਗ ਨੂੰ ਹਰਾ ਕੇ ਆਪਣੇ ਪਹਿਲੇ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦੇ ਫਾਈਨਲ ਵਿਚ ਜਗ੍ਹਾ ਬਣਾਈ। ਉੱਤਰਾਖੰਡ ਦੇ 20 ਸਾਲ ਦੇ ਖਿਡਾਰੀ ਨੇ ਵਿਸ਼ਵ ਰੈਂਕਿੰਗ ਵਿਚ 60ਵੇਂ ਸਥਾਨ ’ਤੇ ਕਾਬਜ ਯੋਂਗ ਨੂੰ ਪੁਰਸ਼ ਸਿੰਗਲਜ਼ ਸੈਮੀਫਾਈਨਲ ਦੇ ਫਸਵੇਂ ਮੁਕਾਬਲੇ ਵਿਚ 19-21, 21-16, 21-12 ਨਾਲ ਹਰਾਇਆ। ਤੀਜਾ ਦਰਜਾ ਹਾਸਲ ਲਕਸ਼ ਐਤਵਾਰ ਨੂੰ ਫਾਈਨਲ ਵਿਚ ਸਿੰਗਾਪੁਰ ਦੇ ਵਿਸ਼ਵ ਚੈਂਪੀਅਨ ਲੋਹ ਕੀਨ ਯੂ ਨਾਲ ਭਿੜਨਗੇ। 

ਲੋਹ ਨੂੰ ਕੈਨੇਡਾ ਦੇ ਬਰਾਇਨ ਯਾਂਗ ਦੇ ਗ਼ਲੇ ਵਿਚ ਖ਼ਾਰਸ਼ ਤੇ ਸਿਰਦਰਦ ਤੋਂ ਬਾਅਦ ਸੈਮੀਫਾਈਨਲ ਤੋਂ ਹਟਣ ਕਾਰਨ ਵਾਕਓਵਰ ਦਿੱਤਾ ਗਿਆ। ਦੋਵੇਂ ਖਿਡਾਰੀ ਪਿਛਲੇ ਸਾਲ ਡਚ ਓਪਨ ਦੇ ਫਾਈਨਲ ਵਿਚ ਇਕ-ਦੂਜੇ ਦਾ ਸਾਹਮਣਾ ਕਰ ਚੁੱਕੇ ਹਨ ਜਿਸ ਵਿਚ ਪੰਜਵਾਂ ਦਰਜਾ ਹਾਸਲ ਲੋਹ ਨੇ ਬਾਜ਼ੀ ਮਾਰੀ ਸੀ। ਸੇਨ ਦੋ ਸੁਪਰ 100 ਖ਼ਿਤਾਬ ਜਿੱਤ ਚੁੱਕੇ ਹਨ ਜਿਸ ਵਿਚ ਡਚ ਓਪਨ ਤੇ ਸਾਰਲੋਰਲਕਸ ਓਪਨ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਦੋ ਹੋਰ ਖਿਡਾਰੀਆਂ ਨੇ ਇੰਡੀਆ ਓਪਨ ਦੇ ਆਪਣੇ ਮਿਕਸਡ ਡਬਲਜ਼ ਸੈਮੀਫਾਈਨਲ ਮੁਕਾਬਲੇ ਤੋਂ ਪਹਿਲਾਂ ਨਾਂ ਵਾਪਸ ਲੈ ਲਿਆ। ਰੂਸੀ ਮਿਕਸਡ ਡਬਲਜ਼ ਖਿਡਾਰੀ ਰੋਡੀਓਨ ਅਲੀਮੋਵ ਕੋਰੋਨਾ ਪੀੜਤ ਪਾਏ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਟੂਰਨਾਮੈਂਟ ਤੋਂ ਹਟਣਾ ਪਿਆ। ਉਨ੍ਹਾਂ ਦੀ ਜੋੜੀਦਾਰ ਏਲੀਨਾ ਦਾਵਲੇਤੋਵਾ ਨੂੰ ਵੀ ਕਰੀਬੀ ਸੰਪਰਕ ਵਿਚ ਰਹਿਣ ਕਾਰਨ ਨਾਂ ਵਾਪਸ ਲੈਣਾ ਪਿਆ।


Tarsem Singh

Content Editor

Related News