ICC Rankings : ਟੀ20 ਰੈਂਕਿੰਗ ''ਚ ਸੂਰਯਕੁਮਾਰ ਦੂਜੇ ਸਥਾਨ ''ਤੇ ਬਰਕਰਾਰ, ਸ਼੍ਰੇਅਸ-ਕੁਲਦੀਪ ਅੱਗੇ ਵਧੇ

Wednesday, Oct 12, 2022 - 07:28 PM (IST)

ਦੁਬਈ : ਫਾਰਮ 'ਚ ਚੱਲ ਰਹੇ ਬੱਲੇਬਾਜ਼ ਸੂਰਯਕੁਮਾਰ ਯਾਦਵ ਬੁੱਧਵਾਰ ਨੂੰ ਇੱਥੇ ਜਾਰੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਟੀ-20 ਅੰਤਰਰਾਸ਼ਟਰੀ ਰੈਂਕਿੰਗ 'ਚ ਬੱਲੇਬਾਜ਼ਾਂ 'ਚ ਦੂਜੇ ਸਥਾਨ 'ਤੇ ਬਰਕਰਾਰ ਹਨ ਅਤੇ ਭਾਰਤ ਦੇ ਚੋਟੀ ਦੇ ਬੱਲੇਬਾਜ਼ ਬਣੇ ਹੋਏ ਹਨ। ਦੱਖਣੀ ਅਫਰੀਕਾ ਖਿਲਾਫ ਭਾਰਤ ਦੀ ਹਾਲੀਆ ਘਰੇਲੂ ਟੀ-20 ਸੀਰੀਜ਼ ਦੌਰਾਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਸੂਰਯਕੁਮਾਰ ਪਾਕਿਸਤਾਨ ਦੇ ਵਿਕਟਕੀਪਰ-ਬੱਲੇਬਾਜ਼ ਮੁਹੰਮਦ ਰਿਜ਼ਵਾਨ ਤੋਂ ਪਿੱਛੇ ਹਨ। ਸੂਰਯਕੁਮਾਰ ਦੇ 838 ਅੰਕ ਹਨ।

ਸੂਰਯਕੁਮਾਰ ਚੋਟੀ ਦੇ 10 'ਚ ਇਕੱਲੇ ਭਾਰਤੀ ਬੱਲੇਬਾਜ਼ ਹਨ। ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਅਤੇ ਅਨੁਭਵੀ ਵਿਰਾਟ ਕੋਹਲੀ ਕ੍ਰਮਵਾਰ 13ਵੇਂ ਅਤੇ 14ਵੇਂ ਸਥਾਨ 'ਤੇ ਹਨ, ਜਦਕਿ ਕਪਤਾਨ ਰੋਹਿਤ ਸ਼ਰਮਾ 16ਵੇਂ ਸਥਾਨ 'ਤੇ ਹਨ। ਨਿਊਜ਼ੀਲੈਂਡ 'ਚ ਮੌਜੂਦਾ ਟੀ-20 ਅੰਤਰਰਾਸ਼ਟਰੀ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਮੇਜ਼ਬਾਨ ਦੇਸ਼ ਦੇ ਡੇਵੋਨ ਕਾਨਵੇ ਚੋਟੀ ਦੇ ਪੰਜ ਬੱਲੇਬਾਜ਼ਾਂ 'ਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ : T20 WC : ਸ਼ੰਮੀ ਫਿਟਨੈੱਸ ਟੈਸਟ 'ਚ ਪਾਸ, ਬੁਮਰਾਹ ਦੀ ਲੈਣਗੇ ਜਗ੍ਹਾ ; ਸਿਰਾਜ-ਸ਼ਾਰਦੁਲ ਵੀ ਜਾਣਗੇ AUS

ਕਾਨਵੇ ਨੇ ਬੰਗਲਾਦੇਸ਼ ਦੇ ਖਿਲਾਫ ਅਜੇਤੂ 70 ਦੌੜਾਂ ਬਣਾਈਆਂ ਅਤੇ ਫਿਰ ਪਾਕਿਸਤਾਨ ਖਿਲਾਫ ਵੀ ਅਜੇਤੂ 49 ਦੌੜਾਂ ਦੀ ਪਾਰੀ ਖੇਡੀ। ਉਹ ਬੱਲੇਬਾਜ਼ੀ ਰੈਂਕਿੰਗ 'ਚ 760 ਰੇਟਿੰਗ ਅੰਕਾਂ ਨਾਲ ਆਸਟ੍ਰੇਲੀਆ ਦੇ ਐਰੋਨ ਫਿੰਚ ਅਤੇ ਦੱਖਣੀ ਅਫਰੀਕਾ ਦੇ ਡੇਵਿਡ ਮਲਾਨ ਤੋਂ ਬਾਅਦ ਤੀਜੇ ਸਥਾਨ 'ਤੇ ਹੈ। ਦੱਖਣੀ ਅਫਰੀਕਾ ਦਾ ਏਡਨ ਮਾਰਕਰਮ 777 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਚੋਟੀ ਦੇ ਤਿੰਨ ਬੱਲੇਬਾਜ਼ ਰਿਜ਼ਵਾਨ, ਸੂਰਯਕੁਮਾਰ ਅਤੇ ਬਾਬਰ ਆਜ਼ਮ ਆਪਣੀ ਪਿਛਲੀ ਰੈਂਕਿੰਗ 'ਤੇ ਬਣੇ ਹੋਏ ਹਨ।

ਵਨ-ਡੇ ਕੌਮਾਂਤਰੀ ਰੈਂਕਿੰਗ 'ਚ  ਭਾਰਤ ਦੇ ਦੱਖਣੀ ਅਫਰੀਕਾ ਨੂੰ 2-1 ਨਾਲ ਹਰਾਉਣ ਦੇ ਬਾਵਜੂਦ ਸ਼ਿਖਰ ਧਵਨ ਨੂੰ ਰੈਂਕਿੰਗ 'ਚ ਛੇ ਸਥਾਨ ਦਾ ਨੁਕਸਾਨ ਹੋਇਆ ਹੈ। ਉਹ 17ਵੇਂ ਸਥਾਨ 'ਤੇ ਹੈ। ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਤੋਂ ਬਾਹਰ ਹੋਏ ਕੋਹਲੀ ਅਤੇ ਰੋਹਿਤ ਨੂੰ ਵੀ ਇਕ ਸਥਾਨ ਦਾ ਨੁਕਸਾਨ ਹੋਇਆ ਹੈ। ਕੋਹਲੀ ਸੱਤਵੇਂ ਜਦਕਿ ਰੋਹਿਤ ਅੱਠਵੇਂ ਸਥਾਨ 'ਤੇ ਹਨ। ਸ਼੍ਰੇਅਸ ਅਈਅਰ (33) ਅਤੇ ਸੰਜੂ ਸੈਮਸਨ (93) ਨੇ ਬੱਲੇਬਾਜ਼ੀ ਰੈਂਕਿੰਗ ਵਿੱਚ ਲੰਮੀ ਛਾਲ ਮਾਰੀ ਹੈ। ਤੀਜੇ ਵਨਡੇ ਵਿੱਚ ਚਾਰ ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਸੱਤ ਸਥਾਨ ਦੇ ਫਾਇਦੇ ਨਾਲ ਸਿਖਰਲੇ 25 ਵਿੱਚ ਪਹੁੰਚ ਗਏ ਹਨ। ਜਸਪ੍ਰੀਤ ਬੁਮਰਾਹ 10ਵੇਂ ਸਥਾਨ ਦੇ ਨਾਲ ਭਾਰਤ ਦਾ ਚੋਟੀ ਦਾ ਗੇਂਦਬਾਜ਼ ਬਣਿਆ ਹੋਇਆ ਹੈ। ਸਪਿਨਰ ਯੁਜਵੇਂਦਰ ਚਾਹਲ 20ਵੇਂ ਸਥਾਨ 'ਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News