ICC ਰੈਂਕਿੰਗ : ਅਸ਼ਵਿਨ ਸੰਯੁਕਤ ਚੌਥੇ ਸਥਾਨ ''ਤੇ, ਅਈਅਰ ਨੇ ਵੀ ਵੱਡੀ ਛਾਲ ਮਾਰੀ
12/28/2022 5:10:29 PM

ਦੁਬਈ : ਬੰਗਲਾਦੇਸ਼ ਖਿਲਾਫ ਮੀਰਪੁਰ 'ਚ ਖੇਡੇ ਗਏ ਦੂਜੇ ਟੈਸਟ 'ਚ ਭਾਰਤ ਦੀ ਜਿੱਤ ਦੇ ਸੂਤਰਧਾਰ ਰਹੇ ਰਵੀਚੰਦਰਨ ਅਸ਼ਵਿਨ ਅਤੇ ਸ਼੍ਰੇਅਸ ਅਈਅਰ ਆਈਸੀਸੀ ਰੈਂਕਿੰਗ 'ਚ ਕ੍ਰਮਵਾਰ ਚੌਥੇ ਅਤੇ 16ਵੇਂ ਸਥਾਨ 'ਤੇ ਪਹੁੰਚ ਗਏ ਹਨ। ਮੈਚ ਵਿੱਚ ਛੇ ਵਿਕਟਾਂ ਲੈਣ ਵਾਲੇ ਅਸ਼ਵਿਨ ਜਸਪ੍ਰੀਤ ਬੁਮਰਾਹ ਦੇ ਨਾਲ ਗੇਂਦਬਾਜ਼ਾਂ ਵਿੱਚ ਸੰਯੁਕਤ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਉਸ ਨੇ ਦੂਜੀ ਪਾਰੀ 'ਚ ਅਜੇਤੂ 42 ਦੌੜਾਂ ਬਣਾਈਆਂ, ਜਿਸ ਦੀ ਮਦਦ ਨਾਲ ਉਹ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਤਿੰਨ ਸਥਾਨ ਚੜ੍ਹ ਕੇ 84ਵੇਂ ਸਥਾਨ 'ਤੇ ਪਹੁੰਚ ਗਿਆ।
ਬੀਤੇ ਸਮੇਂ ਵਿੱਚ ਨੰਬਰ ਇੱਕ ਗੇਂਦਬਾਜ਼ ਅਤੇ ਹਰਫਨਮੌਲਾ ਰਹੇ ਚੁੱਕੇ, ਅਸ਼ਵਿਨ ਨੇ ਆਲਰਾਊਂਡਰਾਂ ਦੀ ਰੈਂਕਿੰਗ ਵਿੱਚ ਸੱਤ ਰੇਟਿੰਗ ਅੰਕ ਹਾਸਲ ਕੀਤੇ ਹਨ। ਰਵਿੰਦਰ ਜਡੇਜਾ 369 ਰੇਟਿੰਗ ਅੰਕਾਂ ਨਾਲ ਆਲਰਾਊਂਡਰਾਂ ਦੀ ਰੈਂਕਿੰਗ 'ਚ ਚੋਟੀ 'ਤੇ ਬਰਕਰਾਰ ਹੈ, ਜਦਕਿ ਅਸ਼ਵਿਨ ਦੇ 343 ਅੰਕ ਹਨ। ਅਸ਼ਵਿਨ ਨਾਲ 71 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਨ ਵਾਲੇ ਅਈਅਰ ਕਰੀਅਰ ਦੀ ਸਰਵੋਤਮ 16ਵੀਂ ਰੈਂਕਿੰਗ 'ਤੇ ਪਹੁੰਚ ਗਏ। 'ਪਲੇਅਰ ਆਫ ਦਿ ਸੀਰੀਜ਼' ਚੁਣੇ ਜਾਣ ਦੇ ਬਾਵਜੂਦ ਚੇਤੇਸ਼ਵਰ ਪੁਜਾਰਾ ਤਿੰਨ ਸਥਾਨ ਹੇਠਾਂ 19ਵੇਂ ਜਦਕਿ ਵਿਰਾਟ ਕੋਹਲੀ ਦੋ ਸਥਾਨ ਹੇਠਾਂ 14ਵੇਂ ਸਥਾਨ 'ਤੇ ਪਹੁੰਚ ਗਏ ਹਨ।
ਰਿਸ਼ਭ ਪੰਤ ਬੱਲੇਬਾਜ਼ਾਂ 'ਚ ਛੇਵੇਂ ਜਦਕਿ ਗੇਂਦਬਾਜ਼ਾਂ 'ਚ ਉਮੇਸ਼ ਯਾਦਵ 33ਵੇਂ ਸਥਾਨ 'ਤੇ ਹਨ। ਬੰਗਲਾਦੇਸ਼ ਦੇ ਬੱਲੇਬਾਜ਼ ਲਿਟਨ ਦਾਸ ਕਰੀਅਰ ਦੀ ਸਰਵੋਤਮ 12ਵੀਂ ਰੈਂਕਿੰਗ 'ਤੇ ਪਹੁੰਚ ਗਏ ਹਨ ਜਦਕਿ ਮੋਮਿਨੁਲ ਹੱਕ 68ਵੇਂ, ਜ਼ਾਕਿਰ ਹਸਨ 70ਵੇਂ ਅਤੇ ਨੂਰੁਲ ਹਸਨ 93ਵੇਂ ਸਥਾਨ 'ਤੇ ਹਨ। ਸਪਿਨਰ ਤਾਇਜੁਲ ਇਸਲਾਮ ਅਤੇ ਮੇਹਿਦੀ ਹਸਨ ਮਿਰਾਜ ਦੋ-ਦੋ ਸਥਾਨਾਂ ਦੇ ਫਾਇਦੇ ਨਾਲ 28ਵੇਂ ਅਤੇ 29ਵੇਂ ਸਥਾਨ 'ਤੇ ਹਨ।