ICC ਰੈਂਕਿੰਗ ''ਚ ਹੋਇਆ ਵੱਡਾ ਉਲਟਫੇਰ! ਬਿਨਾਂ ਮੈਚ ਖੇਡੇ ਬਾਬਰ ਆਜ਼ਮ ਤੋਂ ਅੱਗੇ ਨਿਕਲ ਗਏ ਕੋਹਲੀ
Wednesday, Nov 12, 2025 - 05:56 PM (IST)
ਸਪੋਰਟਸ ਡੈਸਕ- ਇੰਟਰਨੈਸ਼ਨਲ ਕ੍ਰਿਕਟ ਕਾਊਂਸਲ (ICC) ਨੇ ਵਨਡੇ ਫਾਰਮੇਡ ਦੀ ਨਵੀਂ ਬੱਲੇਬਾਜ਼ ਰੈਂਕਿੰਗ ਜਾਰੀ ਕਰ ਦਿੱਤੀ ਹੈ, ਜਿਸ ਵਿਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਹੈ। ਸਾਬਕਾ ਭਾਰਤੀ ਕਪਤਾਨ ਰੋਹਿਤ ਸ਼ਰਮਾ 781 ਅੰਕਾਂ ਦੇ ਨਾਲ ਨੰਬਰ ਇਕ ਸਥਾਨ 'ਤੇ ਹਨ ਪਰ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਨੂੰ ਆਪਣੇ ਖਰਾਬ ਫਾਰਮ ਕਾਰਨ ਵੱਡਾ ਨੁਕਸਾਨ ਹੋਇਆ ਹੈ ਜਿਸਦੇ ਚਲਦੇ ਬਿਨਾਂ ਕੋਈ ਮੈਚ ਖੇਡੇ ਭਾਰਤੀ ਸਟਾਰ ਵਿਰਾਟ ਕੋਹਲੀ ਨੂੰ ਫਾਇਦਾ ਵੀ ਹੋਇਆ ਹੈ। ਇਸ ਬਦਲਾਅ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।
ਬਾਬਰ ਨੇ ਕਰਾਇਆ ਕੋਹਲੀ ਦਾ ਫਾਇਦਾ
ਤਾਜ਼ਾ ਵਨਡੇ ਰੈਂਕਿੰਗ 'ਚ ਰੋਹਿਤ ਤੋਂ ਬਾਅਦ ਅਫਗਾਨਿਸਤਾਨ ਦੇ ਇਬਰਾਹਿਮ ਜ਼ਾਦਰਾਨ 764 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਹਨ। ਨਿਊਜ਼ੀਲੈਂਡ ਦੇ ਡੇਰਿਲ ਮਿਚੇਲ 746 ਅੰਕਾਂ ਦੇ ਨਾਲ ਤੀਜੇ ਨੰਬਰ 'ਤੇ ਹਨ। ਭਾਰਤੀ ਕਪਤਾਨ ਸ਼ੁੱਭਮਨ ਗਿੱਲ 745 ਅੰਕਾਂ ਦੇ ਨਾਲ ਚੌਥੇ ਨੰਬਰ 'ਤੇ ਬਣੇ ਹੋਏ ਹਨ। ਉਥੇ ਹੀ ਵਿਰਾਟ ਕੋਹਲੀ ਹੁਣ 725 ਅੰਕਾਂ ਦੇ ਨਾਲ ਪੰਜਵੇਂ ਸਥਾਨ 'ਤੇ ਆ ਗਏ ਹਨ। ਖਾਸ ਗੱਲ ਇਹ ਹੈ ਕਿ ਆਸਟ੍ਰੇਲੀਆ ਖਿਲਾਫ ਖੇਡੀ ਗਈ ਵਨਡੇ ਸੀਰੀਜ਼ ਤੋਂ ਬਾਅਦ ਕੋਹਲੀ ਨੇ ਕੋਈ ਵੀ ਵਨਡੇ ਮੈਚ ਨਹੀਂ ਖੇਡਿਆ ਨਾ ਹੀ ਉਨ੍ਹਾਂ ਦੇ ਅੰਕਾਂ 'ਚ ਬਦਲਾਅ ਆਇਆ ਹੈ, ਇਸਦੇ ਬਾਵਜੂਦ ਉਹ ਟਾਪ-5 'ਚ ਪਹੁੰਚ ਗਏ ਹਨ। ਪਿਛਲੀ ਰੈਂਕਿੰਗ 'ਚ ਉਹ 6ਵੇਂ ਨੰਬਰ 'ਤੇ ਸਨ।
ਦਰਅਸਲ, ਖਰਾਬ ਫਾਰਮ ਨਾਲ ਜੂਝ ਰਹੇ ਬਾਬਰ ਆਜ਼ਮ ਨੂੰ 2 ਸਥਾਨ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੇ ਅੰਕ ਹੁਣ 709 ਹੋ ਗਏ ਹਨ, ਜਿਸਦੇ ਚਲਦੇ ਉਹ 5ਵੇਂ ਤੋਂ 7ਵੇਂ ਸਥਾਨ 'ਤੇ ਪਹੁੰਚ ਗਏ ਹਨ। ਯਾਨੀ ਵਿਰਾਟ ਦੇ ਨਾਲ-ਨਾਲ ਸ਼੍ਰੀਲੰਕਾ ਦੇ ਚਰਿਥ ਅਸਲੰਕਾ ਨੂੰ ਵੀ 1 ਸਥਾਨ ਦਾ ਫਾਇਦਾ ਹੋਇਆ ਹੈ। ਉਹ 7ਵੇਂ ਨੰਬਰ ਤੋਂ ਹੁਣ 6ਵੇਂ ਸਥਾਨ ਪਹੁੰਚ ਗਏ ਹਨ। ਦੂਜੇ ਪਾਸੇ ਆਇਰਲੈਂਡ ਦੇ ਹੈਰੀ ਟੈਕਟਰ 708 ਅੰਕਾਂ ਦੇ ਨਾਲ ਅੱਠਵੇਂ ਸਥਾਨ 'ਤੇ ਹਨ। ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਵੀ 700 ਅੰਕਾਂ ਦੇ ਨਾਲ 9ਵੇਂ ਨੰਬਰ 'ਤੇ ਬਣੇ ਹੋਏ ਹਨ।
