ICC ਨੇ ਕ੍ਰਿਕਟ ਦੇ 5 ਨਿਯਮਾਂ ''ਚ ਕੀਤਾ ਵੱਡਾ ਬਦਲਾਅ, ਟੀ-20 ਤੋਂ ਲੈ ਕੇ ਟੈਸਟ ਮੈਚਾਂ ਤੱਕ ਪਵੇਗਾ ਅਸਰ
Tuesday, Jun 02, 2026 - 10:46 PM (IST)
ਅਹਿਮਦਾਬਾਦ : ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਕ੍ਰਿਕਟ ਨੂੰ ਹੋਰ ਰੋਮਾਂਚਕ ਬਣਾਉਣ ਲਈ ਨਿਯਮਾਂ ਵਿੱਚ 5 ਵੱਡੇ ਬਦਲਾਅ ਕੀਤੇ ਹਨ। ਅਹਿਮਦਾਬਾਦ ਵਿੱਚ 31 ਮਈ ਨੂੰ ਹੋਈ ਆਈਸੀਸੀ ਦੀ ਬੋਰਡ ਮੀਟਿੰਗ ਵਿੱਚ ਇਹਨਾਂ ਫੈਸਲਿਆਂ 'ਤੇ ਮੁਹਰ ਲਗਾਈ ਗਈ। ਇਹ ਨਵੇਂ ਨਿਯਮ ਟੈਸਟ, ਵਨਡੇ ਅਤੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਲਾਗੂ ਹੋਣਗੇ।
1. ਟੀ-20 'ਚ ਬ੍ਰੇਕ ਦਾ ਸਮਾਂ ਘਟਿਆ
ਨਵੇਂ ਨਿਯਮਾਂ ਅਨੁਸਾਰ, ਹੁਣ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਦੋਵਾਂ ਪਾਰੀਆਂ ਦੇ ਵਿਚਕਾਰ ਹੋਣ ਵਾਲਾ ਬ੍ਰੇਕ 20 ਮਿੰਟ ਦੀ ਬਜਾਏ ਸਿਰਫ਼ 15 ਮਿੰਟ ਦਾ ਹੋਵੇਗਾ। ਇਸ ਦਾ ਮਕਸਦ ਮੈਚ ਨੂੰ ਘੱਟ ਸਮੇਂ ਵਿੱਚ ਖ਼ਤਮ ਕਰਨਾ ਹੈ।
2. ਮੈਦਾਨ 'ਤੇ ਉਤਰ ਸਕਣਗੇ ਹੈੱਡ ਕੋਚ
ਹੁਣ ਤੱਕ ਸਿਰਫ਼ ਵਾਧੂ ਖਿਡਾਰੀ ਹੀ ਡਰਿੰਕਸ ਬ੍ਰੇਕ ਦੌਰਾਨ ਮੈਦਾਨ 'ਤੇ ਜਾਂਦੇ ਸਨ, ਪਰ ਹੁਣ ਟੀਮ ਦੇ ਹੈੱਡ ਕੋਚ ਵੀ ਡਰਿੰਕਸ ਬ੍ਰੇਕ ਦੌਰਾਨ ਮੈਦਾਨ 'ਤੇ ਜਾ ਕੇ ਖਿਡਾਰੀਆਂ ਨਾਲ ਸਿੱਧੀ ਗੱਲਬਾਤ ਕਰ ਸਕਣਗੇ ਅਤੇ ਉਨ੍ਹਾਂ ਦਾ ਮਨੋਬਲ ਵਧਾ ਸਕਣਗੇ।
3. ਟੈਸਟ ਮੈਚ 'ਚ ਪਿੰਕ ਬਾਲ ਦਾ ਇਸਤੇਮਾਲ
ਟੈਸਟ ਮੈਚਾਂ ਵਿੱਚ ਅਕਸਰ ਖ਼ਰਾਬ ਰੋਸ਼ਨੀ ਕਾਰਨ ਖੇਡ ਰੁਕ ਜਾਂਦੀ ਹੈ। ਹੁਣ ਅੰਪਾਇਰਾਂ ਦੀ ਸਹਿਮਤੀ ਨਾਲ ਲਾਲ ਗੇਂਦ ਦੀ ਜਗ੍ਹਾ ਪਿੰਕ (ਗੁਲਾਬੀ) ਗੇਂਦ ਦੀ ਵਰਤੋਂ ਕਰਕੇ ਮੈਚ ਨੂੰ ਅੱਗੇ ਵਧਾਇਆ ਜਾ ਸਕੇਗਾ। ਇਹ ਫੈਸਲਾ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਅੰਕਾਂ ਦੀ ਅਹਿਮੀਅਤ ਨੂੰ ਦੇਖਦੇ ਹੋਏ ਲਿਆ ਗਿਆ ਹੈ।
4. ਲੈੱਗ ਸਾਈਡ ਵਾਈਡ ਲਈ ਨਵੀਂ ਲਾਈਨ
ਹੁਣ ਲੈੱਗ ਸਾਈਡ ਤੋਂ ਜਾਣ ਵਾਲੀ ਹਰ ਗੇਂਦ ਨੂੰ ਸਿੱਧਾ ਵਾਈਡ ਕਰਾਰ ਨਹੀਂ ਦਿੱਤਾ ਜਾਵੇਗਾ। ਇਸ ਲਈ ਹੁਣ ਇੱਕ ਖ਼ਾਸ ਲਾਈਨ ਨਿਰਧਾਰਿਤ ਕੀਤੀ ਜਾਵੇਗੀ, ਜਿਸ ਦੇ ਆਧਾਰ 'ਤੇ ਹੀ ਅੰਪਾਇਰ ਫੈਸਲਾ ਸੁਣਾਉਣਗੇ। ਇਹ ਨਿਯਮ ਅਜੇ ਟਰਾਇਲ ਵਜੋਂ ਸ਼ੁਰੂ ਕੀਤਾ ਗਿਆ ਹੈ।
5. ਹਾਕ-ਆਈ (Hawk-Eye) ਰਾਹੀਂ ਐਕਸ਼ਨ ਦੀ ਜਾਂਚ
ਗੇਂਦਬਾਜ਼ਾਂ ਦੇ ਗ਼ੈਰ-ਕਾਨੂੰਨੀ ਗੇਂਦਬਾਜ਼ੀ ਐਕਸ਼ਨ 'ਤੇ ਨਜ਼ਰ ਰੱਖਣ ਲਈ ਮੈਚ ਅਧਿਕਾਰੀਆਂ ਨੂੰ ਹੁਣ ਹਾਕ-ਆਈ ਡੇਟਾ ਤੱਕ ਪਹੁੰਚ ਦਿੱਤੀ ਗਈ ਹੈ। ਇਸ ਦੀ ਮਦਦ ਨਾਲ ਅੰਪਾਇਰ ਰੀਅਲ ਟਾਈਮ ਵਿੱਚ ਹੀ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਕਰ ਸਕਣਗੇ।
