ਵਿਸ਼ਵ ਕੱਪ 2019 : ਸੁਰੱਖਿਆ ਨੂੰ ਲੈ ਕੇ ICC ਨੇ BCCI ਨੂੰ ਦਿੱਤਾ ਭਰੋਸਾ
Sunday, Mar 03, 2019 - 01:49 PM (IST)

ਦੁਬਈ : ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਨੇ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਭਰੋਸਾ ਦਿੱਤਾ ਹੈ ਕਿ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਦੌਰਾਨ ਸਖਤ ਸੁਰੱਖਿਆ ਇੰਤਜ਼ਾਮ ਕੀਤੇ ਜਾਣਗੇ। ਆਈ. ਸੀ. ਸੀ. ਦੀ ਸ਼ਨੀਵਾਰ ਨੂੰ ਹੋਈ ਬੈਠਕ ਦੌਰਾਨ ਬੀ. ਸੀ. ਸੀ. ਆਈ. ਨੂੰ ਭਰੋਸਾ ਦਿੱਤਾ ਗਿਆ। ਆਈ. ਸੀ. ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਡੇਵਿਡ ਰਿਚਰਡਸਨ ਨੇ ਕਿਹਾ, ''ਜਿਵੇਂ ਕਿ ਤੁਸੀਂ ਇਕ ਵਿਸ਼ਵ ਪੱਧਰੀ ਖੇਡ ਆਯੋਜਨ ਦੌਰਾਨ ਸੁਰੱਖਿਆ ਇੰਤਜ਼ਾਮ ਦੀ ਉਮੀਦ ਕਰਦੇ ਹੋ। ਆਈ. ਸੀ. ਸੀ. ਨੇ ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਦੇ ਨਾਲ ਮਿਲ ਕੇ ਸੁਰੱਖਿਆ ਇੰਤਜ਼ਾਮ ਕੀਤੇ ਹਨ। ਅਸੀਂ ਟੂਰਨਾਮੈਂਟ ਦੇ ਮੇਜ਼ਬਾਨ ਦੇਸ਼ਾਂ ਵਿਚ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰਦੇ ਹਾਂ ਅਤੇ ਖਿਡਾਰੀਆਂ, ਅਧਿਕਾਰੀਆਂ ਅਤੇ ਪ੍ਰਸ਼ੰਸਕਾਂ ਦੀ ਸੁਰੱਖਿਆ ਯਕੀਨੀ ਕਰਦੇ ਹਾਂ।''
ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧਣ 'ਤੇ ਬੀ. ਸੀ. ਸੀ. ਆਈ. ਨੇ ਵਿਸ਼ਵ ਕੱਪ ਵਰਗੇ ਵੱਡੇ ਆਯੋਜਨ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਸੀ। ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਖੇ 14 ਫਰਵਰੀ ਨੂੰ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ. ਆਰ. ਪੀ. ਐੱਫ.) ਦੇ ਕਾਫਲੇ 'ਤੇ ਹੋਏ ਫਿਦਾਈਨ ਹਮਲੇ ਵਿਲ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ ਹਾਲਾਤ ਬਣੇ ਹੋਏ ਹਨ।
ਜ਼ਿਕਰਯੋਗ ਹੈ ਕਿ ਦੁਨੀਆ ਵਿਚ ਆਈ. ਸੀ. ਸੀ. ਕੌਮਾਂਤਰੀ ਪੱਧਰ 'ਤੇ ਵੱਡੇ ਟੂਰਨਾਮੈਂਟਾਂ ਦਾ ਆਯੋਜਨ ਕਰਦੀ ਹੈ ਜਿਸ ਦੇ ਤਹਿਤ ਇਸ ਸਾਲ 30 ਮਈ ਤੋਂ 14 ਜੁਲਾਈ ਤੱਕ ਇੰਗਲੈਂਡ ਅਤੇ ਵੇਲਸ ਵਿਚ ਵਿਸ਼ਵ ਕੱਪ ਖੇਡਿਆ ਜਾਵੇਗਾ।