ਮੈਂ ਸਪਿਨਰਾਂ ਵਿਰੁੱਧ ਆਪਣੇ ਡਿਫੈਂਸ ’ਤੇ ਕੰਮ ਕੀਤੈ : ਗਿੱਲ
Thursday, Sep 05, 2024 - 11:37 AM (IST)
ਬੈਂਗਲੁਰੂ–ਸ਼ੁਭਮਨ ਗਿੱਲ ਸਮਝਦਾ ਹੈ ਕਿ ਉਸਦਾ ਟੈਸਟ ਕਰੀਅਰ ਅਜੇ ਤੱਕ ਉਮੀਦਾਂ ਦੇ ਮੁਤਾਬਕ ਸਿਖਰ ’ਤੇ ਨਹੀਂ ਪਹੁੰਚਿਆ ਹੈ ਪਰ ਇਸ ਬੱਲੇਬਾਜ਼ ਨੂੰ ਆਗਾਮੀ ਸੈਸ਼ਨ ਵਿਚ ਹੋਣ ਵਾਲੇ ਰਵਾਇਤੀ ਸਵਰੂਪ ਦੇ 10 ਮੁਕਾਬਲਿਆਂ ਵਿਚ ਸਪਿਨਰਾਂ ਵਿਰੁੱਧ ਆਪਣੇ ਡਿਫੈਂਸ ਵਿਚ ਸੁਧਾਰ ਦੀ ਉਮੀਦ ਹੈ। ਗਿੱਲ ਨੇ ਇਸ ਸਾਲ ਇੰਗਲੈਂਡ ਵਿਰੁੱਧ ਘਰੇਲੂ ਲੜੀ ਵਿਚ ਤਕਰੀਬਨ 500 ਦੌੜਾਂ ਬਣਾਈਆਂ ਸਨ ਤੇ ਅਜੇ ਤੱਕ ਟੈਸਟ ਕ੍ਰਿਕਟ ਵਿਚ ਉਸਦਾ ਹੁਣ ਤੱਕ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਸੀ। ਉਹ ਹੁਣ 19 ਸਤੰਬਰ ਤੋਂ ਬੰਗਲਾਦੇਸ਼ ਵਿਰੁੱਧ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਲੜੀ ਵਿਚ ਇਸ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦਾ ਹੈ, ਜਿਸ ਵਿਚ ਉਸ ਨੂੰ ਮਹਿਮਾਨ ਟੀਮ ਦੇ ਤਜਰਬੇਕਾਰ ਸਪਿਨਰਾਂ ਤੋਂ ਚੁਣੌਤੀ ਮਿਲੇਗੀ।
ਦਿਲੀਪ ਟਰਾਫੀ ਵਿਚ ਟੀਮ-ਏ ਦੀ ਅਗਵਾਈ ਕਰਨ ਵਾਲੇ ਗਿੱਲ ਨੇ ਕਿਹਾ,‘‘ਮੈਂ ਸਪਿਨਰਾਂ ਵਿਰੁੱਧ ਆਪਣੇ ਡਿਫੈਂਸ ’ਤੇ ਥੋੜ੍ਹਾ ਕੰਮ ਕੀਤਾ ਹੈ। ਜਦੋਂ ਤੁਸੀਂ ਸਪਿਨਰਾਂ ਵਿਰੁੱਧ ‘ਟਰਨਿੰਗ’ ਪਿੱਚ ’ਤੇ ਖੇਡ ਰਹੇ ਹੁੰਦੇ ਹੋ ਤਾਂ ਤੁਹਾਨੂੰ ਚੰਗਾ ਡਿਫੈਂਸ ਕਰਨ ਵਿਚ ਸਮਰੱਥ ਹੋਣਾ ਚਾਹੀਦਾ ਹੈ ਕਿਉਂਕਿ ਫਿਰ ਤੁਸੀਂ ਦੌੜਾਂ ਬਣਾਉਣ ਵਾਲੀਆਂ ਸ਼ਾਟਾਂ ਖੇਡ ਸਕਦੇ ਹੋ।’’