ਦ੍ਰਾਵਿੜ ਤੇ ਜ਼ਹੀਰ ਨਾਲ ਕੰਮ ਕਰਨ ''ਚ ਮੈਨੂੰ ਕੋਈ ਪਰੇਸ਼ਾਨੀ ਨਹੀਂ : ਸ਼ਾਸਤਰੀ
Thursday, Jul 20, 2017 - 03:39 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਸਾਫ ਕਹਿ ਦਿੱਤਾ ਹੈ ਕਿ ਜੇਕਰ ਆਗਾਮੀ ਸਮੇਂ 'ਚ ਰਾਹੁਲ ਦ੍ਰਾਵਿੜ ਅਤੇ ਜ਼ਹੀਰ ਖਾਨ ਟੀਮ ਨਾਲ ਜੁੜਦੇ ਹਨ ਤਾਂ ਉਸ ਨੂੰ ਉਨ੍ਹਾਂ ਨਾਲ ਕੰਮ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੈ। ਉਸ ਨੇ ਦ੍ਰਾਵਿੜ ਨੂੰ ਲੈ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਦੇ ਆਉਣ ਨਾਲ ਟੀਮ ਨੂੰ ਬਹੁਤ ਫਾਇਦਾ ਹੋਵੇਗਾ। ਜੇਕਰ ਉਹ ਫੈਸਲਾ ਕਰਕੇ ਬੀ. ਸੀ. ਸੀ. ਆਈ. ਨੂੰ ਦੱਸਦੇ ਹਨ ਕਿ ਉਹ ਕਿਸ ਪ੍ਰਕਾਰ ਆਪਣਾ ਸਮਾਂ ਕੱਢਦੇ ਹਨ ਤਾਂ ਮੈਂ ਪੂਰੀ ਤਰ੍ਹਾਂ ਤਿਆਰ ਹਾਂ। ਇਸ ਤੋਂ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ।
ਜ਼ਹੀਰ ਨੂੰ ਸੱਦਿਆ ਜਾ ਸਕਦੈ
ਕ੍ਰਿਕਟ ਸਲਾਹਕਾਰ ਕਮੇਟੀ (ਸੀ. ਏ. ਸੀ.) ਨੇ ਗੇਂਦਬਾਜ਼ੀ ਸਲਾਹਕਾਰ ਦੇ ਰੂਪ 'ਚ ਜ਼ਹੀਰ ਨੂੰ ਚੁਣਿਆ ਸੀ। ਇਸ ਬਾਰੇ 'ਚ ਸ਼ਾਸਤਰੀ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਬੀ. ਸੀ. ਸੀ. ਆਈ. ਦੀਆਂ ਲੋੜਾਂ ਮੁਤਾਬਕ ਜ਼ਹੀਰ ਉਪਲੱਬਧ ਰਹਿਣ ਤਾਂ ਉਨ੍ਹਾਂ ਨੂੰ ਲੋੜ ਪੈਣ 'ਤੇ ਸੱਦਿਆ ਜਾ ਸਕਦਾ ਹੈ।
ਸ਼ਾਸਤਰੀ ਨੇ ਕਿਹਾ ਕਿ ਉਸ ਦਾ ਇਨ੍ਹਾਂ ਖਿਡਾਰੀਆਂ ਦਾ ਅਪਮਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ, ਜਿਨ੍ਹਾਂ ਨੇ ਆਪਣੇ ਕਰੀਅਰ 'ਚ ਇੰਨੀਆਂ ਵੱਡੀਆਂ ਉਪਲੱਬਧੀਆਂ ਹਾਸਲ ਕੀਤੀਆਂ ਹਨ।
ਇਨ੍ਹਾਂ ਦੇ ਤਜਰਬੇ ਦਾ ਟੀਮ ਨੂੰ ਹੋਵੇਗਾ ਫਾਇਦਾ
ਸ਼ਾਸਤਰੀ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੇ ਤਜਰਬੇ ਦਾ ਟੀਮ ਨੂੰ ਫਾਇਦਾ ਹੋਵੇਗਾ। ਉਸ ਨੇ ਕਿਹਾ ਕਿ ਮੈਂ ਖੁਦ ਇਸ ਬਾਰੇ 'ਚ ਗੰਭੀਰ ਵਿਚਾਰ ਕੀਤਾ ਹੈ। 2 ਸਾਲ ਦਾ ਸਮਾਂ ਕਾਫੀ ਲੰਬਾ ਹੁੰਦਾ ਹੈ, ਜਿਸ ਦੌਰਾਨ ਸਮੇਂ-ਸਮੇਂ 'ਤੇ ਸਲਾਹਕਾਰਾਂ ਨੂੰ ਬੁਲਾਉਣ ਦੀ ਲੋੜ ਪਵੇਗੀ ਅਤੇ ਇਸ 'ਚ ਕਾਫੀ ਯੋਜਨਾ ਬਣਾਉਣ ਦੀ ਲੋੜ ਹੈ।