ਕਪਤਾਨੀ ਦੇ ਮਾਮਲੇ ਵਿਚ ਕਿਸੇ ਦੀ ਨਕਲ ਕਰਨਾ ਪਸੰਦ ਨਹੀਂ : ਕਰੁਣਾਲ
Friday, May 19, 2023 - 11:18 AM (IST)
ਕੋਲਕਾਤਾ (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਖਰੀ ਪੜਾਅ ਦੇ ਅਹਿਮ ਮੁਕਾਬਲਿਆਂ ਵਿਚ ਲਖਨਊ ਸੁਪਰ ਜਾਇੰਟਸ ਦੀ ਅਗਵਾਈ ਕਰ ਰਹੇ ਕਰੁਣਾਲ ਪੰਡਯਾ ਨੇ ਕਿਹਾ ਕਿ ਉਹ ਕਪਤਾਨੀ ਦੇ ਮਾਮਲੇ ਵਿਚ ਸਾਰਿਆਂ ਤੋਂ ਸਿਖਣਾ ਚਾਹੁੰਦਾ ਹੈ ਪਰ ਕਿਸੇ ਦੀ ‘ਨਕਲ’ ਨਹੀਂ ਕਰਦਾ ਹੈ। ਭਾਰਤੀ ਟੀ-20 ਟੀਮ ਦੇ ਕਪਤਾਨ ਹਾਰਦਿਕ ਪੰਡਯਾ ਦੇ ਵੱਡੇ ਭਰਾ ਕਰੁਣਾਲ ਨੂੰ ਲਖਨਊ ਸੁਪਰ ਜਾਇੰਟਸ ਨੇ ਨਿਯਮਿਤ ਕਪਤਾਨ ਲੋਕੇਸ਼ ਰਾਹੁਲ ਦੇ ਜ਼ਖਮੀ ਹੋਣ ਤੋਂ ਬਾਅਦ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਦਾਰੀ ਦਿੱਤੀ ਗਈ ਹੈ।
ਕਰੁਣਾਲ ਨੇ ਕਿਹਾ ਕਿ ਲੋਕੇਸ਼ ਰਾਹੁਲ ਦਾ ਟੀਮ ਤੋਂ ਬਾਹਰ ਹੋਣਾ ਕਾਫੀ ਨਿਰਾਸ਼ਾਜਨਕ ਰਿਹਾ। ਮੈਂ ਚੁਣੌਤੀ ਨੂੰ ਸਵੀਕਾਰ ਕੀਤਾ ਅਤੇ ਇਸ ਉੱਤੇ ਖਰਾ ਉੱਤਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਾਫ ਹੈ ਕਿ ਮੈਂ ਟੀਮ ਦਾ ਉਪ-ਕਪਤਾਨ ਸੀ ਅਤੇ ਮੇਰੇ ’ਚ ਕੋਈ ਬਦਲਾਅ (ਕਪਤਾਨੀ ਦੌਰਾਨ) ਨਹੀਂ ਆਇਆ ਹੈ। ਮੈਂ ਹਮੇਸ਼ਾ ਤੋਂ ਕ੍ਰਿਕਟ ਉਂਝ ਹੀ ਖੇਡਿਆ ਹੈ ਜਿਵੇਂ ਕਿ ਮੈਂ ਚਾਹੁੰਦਾ ਸੀ। ਮੈਂ ਕਪਤਾਨੀ ਨੂੰ ਵੀ ਉਸੇ ਤਰ੍ਹਾਂ ਲਿਆ ਹੈ। ਮੈਂ ਕਿਸੇ ਦੀ ਨਕਲ ਨਹੀਂ ਕਰਨਾ ਚਾਹੁੰਦਾ । ਹਾਂ, ਇਹ ਜ਼ਰੂਰ ਹੈ ਕਿ ਮੈਂ ਹਰ ਕਿਸੇ ਤੋਂ ਚੰਗੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਕਰਨਾ ਚਾਹੁੰਦਾ ਹਾਂ।