ਯਕੀਨ ਸੀ ਮੈਂ ਛੱਕਾ ਮਾਰ ਸਕਦਾ ਹਾਂ, ਇਸ ਲਈ ਨਹੀਂ ਲਿਆ ਸਿੰਗਲ : ਕਾਰਤਿਕ
Wednesday, Feb 13, 2019 - 08:43 PM (IST)

ਨਵੀਂ ਦਿੱਲੀ—ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਨੇ ਕਿਹਾ ਕਿ ਨਿਊਜ਼ੀਲੈਂਡ ਖਿਲਾਫ ਫੈਸਲਾਕੁੰਜ ਤੀਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਕੁਣਾਲ ਪੰਡਯਾ ਨੂੰ ਇਕ ਦੌੜ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਹ ਛੱਕਾ ਮਾਰ ਸਕਦੇ ਹਨ। ਹੈਮਿਲਟਨ 'ਚ ਤੀਜੇ ਅਤੇ ਆਖਰੀ ਟੀ-20 'ਚ ਚੀਜ਼ਾਂ ਭਾਰਤੀ ਟੀਮ ਦੀ ਯੋਜਨਾ ਅਨੁਸਾਰ ਨਹੀਂ ਹੋਈ ਅਤੇ ਕਾਰਤਿਕ ਨੂੰ ਇਸ ਨੂੰ ਸਵੀਕਾਰ ਕਰਨ 'ਚ ਕੋਈ ਪ੍ਰੇਸ਼ਾਨੀ ਨਹੀਂ ਹੈ। ਭਾਰਤ ਨੂੰ ਆਖਰੀ ਓਵਰ 'ਚ 16 ਦੌੜਾਂ ਦੀ ਲੋੜ ਸੀ। ਕਾਰਤਿਕ ਨੇ ਤੀਜੀ ਗੇਂਦ 'ਤੇ ਵੱਡੇ ਸ਼ਾਟ ਖੇਡਣ 'ਚ ਸਮਰੱਥ ਕੁਣਾਲ ਨੂੰ ਇਕ ਦੌੜ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਇਹ ਬਹਿਸ ਸ਼ੁਰੂ ਹੋਈ ਕਿ ਉਨ੍ਹਾਂ ਨੇ ਸਹੀ ਫੈਸਲਾ ਕੀਤਾ ਜਾਂ ਨਹੀਂ।
ਕਾਰਤਿਕ ਨੇ ਕਿਹਾ, ''ਮੈਂਨੂੰ ਲੱਗਿਆ ਕਿ ਉਸ ਸਥਿਤੀ (145 ਦੌੜਾਂ 'ਤੇ 6 ਵਿਕਟਾਂ) ਦੇ ਬਾਅਦ ਮੈਂ ਅਤੇ ਕੁਣਾਲ ਨੇ ਬਹੁਤ ਵਧੀਆ ਬੱਲੇਬਾਜ਼ੀ ਕੀਤੀ। ਅਸੀਂ ਮੈਚ ਨੂੰ ਅਜਿਹੀ ਸਥਿਤੀ 'ਚ ਲਿਆਉਣ 'ਚ ਸਫਲ ਰਹੇ ਜਿੱਥੇ ਗੇਂਦਬਾਜ਼ ਦਬਾਅ 'ਚ ਸੀ। ਸਾਨੂੰ ਕੰਮ ਖਤਮ ਕਰਨ 'ਚ ਯਕੀਨ ਸੀ ਤੇ ਉਸ ਸਮੇਂ (ਇਕ ਦੌੜ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ) ਮੈਨੂੰ ਵਿਸ਼ਵਾਸ ਸੀ ਕਿ ਮੈਂ ਛੱਕਾ ਮਾਰ ਸਕਦਾ ਹਾਂ।''
ਪਿਛਲੇ ਕੁਝ ਸਾਲਾਂ 'ਚ ਹਾਲਾਂਕਿ ਕਾਰਤਿਕ ਛੋਟੇ ਫਾਰਮੈਟਾਂ 'ਚ ਭਾਰਤ ਲਈ ਸਭ ਤੋਂ ਪ੍ਰਭਾਰੀ ਫਿਨਿਸ਼ਰ ਦੇ ਰੂਪ 'ਚ ਉਭਰੇ ਹਨ। ਕਾਰਤਿਕ ਹੈਮਿਲਟਨ 'ਚ ਖੁੰਝ ਗਏ ਪਰ ਉਹ ਅਤੇ ਕੁਣਾਲ ਹੀ ਮੈਚ ਨੂੰ ਆਖਰੀ ਓਵਰ ਤਕ ਲੈ ਕੇ ਗਏ ਜਦਕਿ ਭਾਰਤੀ ਟੀਮ 16ਵੇਂ ਓਵਰ 'ਚ 145 ਦੌੜਾਂ ਤਕ ਛੇ ਵਿਕਟਾਂ ਗੁਆ ਚੁੱਕੀ ਸੀ ਅਤੇ ਉਸ ਨੂੰ ਜਿੱਤ ਲਈ 28 ਗੇਂਦਾਂ 'ਚ 68 ਦੌੜਾਂ ਦੀ ਜ਼ਰੂਰਤ ਸੀ।