ਈਮਾਨਦਾਰੀ ਕਾਫੀ ਮਾਇਨੇ ਰੱਖਦੀ ਹੈ : ਵਿਰਾਟ
Thursday, Apr 18, 2019 - 09:15 PM (IST)

ਨਵੀਂ ਦਿੱਲੀ- ਵਿਰਾਟ ਕੋਹਲੀ ਨੂੰ ਹੁਣ ਵੀ ਉਹ ਸਮਾਂ ਯਾਦ ਹੈ, ਜਦੋਂ ਕਪਤਾਨ ਦੇ ਤੌਰ 'ਤੇ ਮਹਿੰਦਰ ਸਿੰਘ ਧੋਨੀ ਨੇ ਉਸਦਾ ਸਮਰਥਨ ਕੀਤਾ ਸੀ ਤੇ ਹੁਣ ਬਦਲੇ ਹੋਏ ਹਾਲਾਤ ਵਿਚ 'ਮੰਦਭਾਗੀ ਆਲੋਚਨਾ' ਝੱਲ ਰਹੇ ਸਾਬਕਾ ਕਪਤਾਨ ਦੇ ਨਾਲ ਮੌਜੂਦਾ ਕਪਤਾਨ ਕੋਹਲੀ ਮਜ਼ਬੂਤੀ ਨਾਲ ਖੜ੍ਹਾ ਹੈ। ਭਾਰਤੀ ਕਪਤਾਨ ਨੇ ਇੱਥੇ ਇਕ ਇੰਟਰਵਿਊ ਵਿਚ ਵਿਸ਼ਵ ਕੱਪ ਲਈ ਚੁਣੀ ਗਈ 15 ਮੈਂਬਰੀ ਟੀਮ ਦੇ ਸੰਯੋਜਨ 'ਤੇ ਖੁਸ਼ੀ ਪ੍ਰਗਟਾਈ। ਕੋਹਲੀ ਨੇ ਕੌਮਾਂਤਰੀ ਕ੍ਰਿਕਟ ਵਿਚ ਆਪਣੇ ਪਹਿਲੇ ਕਪਤਾਨ ਦਾ ਬਚਾਅ ਕਰਦਿਆਂ ਕਿਹਾ, ''ਇਹ ਦੇਖਣਾ ਮੰਦਭਾਗਾ ਹੈ ਕਿ ਕਈ ਲੋਕ ਉਸਦੀ (ਧੋਨੀ) ਆਲੋਚਨਾ ਕਰ ਰਹੇ ਹਨ। ਮੇਰੇ ਲਈ ਈਮਾਨਦਾਰੀ ਸਭ ਤੋਂ ਵੱਧ ਮਾਇਨੇ ਰੱਖਦੀ ਹੈ।'' ਕੋਹਲੀ ਨੇ ਕਿਹਾ, ''ਜਦੋਂ ਮੈਂ ਟੀਮ ਵਿਚ ਆਇਆ ਸੀ ਤਾਂ ਉਸਦੇ ਕੋਲ ਮੈਚਾਂ ਤੋਂ ਬਾਅਦ ਦੂਜੇ ਖਿਡਾਰੀਆਂ ਨੂੰ ਅਜ਼ਮਾਉਣ ਦਾ ਬਦਲ ਸੀ। ਹਾਲਾਂਕਿ ਮੈਂ ਆਪਣੇ ਮੌਕਿਆਂ ਦਾ ਫਾਇਦਾ ਚੁੱਕਿਆ ਪਰ ਮੇਰੇ ਲਈ ਇਸ ਤਰ੍ਹਾਂ ਦਾ ਸਮਰਥਨ ਮਿਲਣਾ ਕਾਫੀ ਜ਼ਰੂਰੀ ਸੀ। ਉਸ ਨੇ ਮੈਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਦਾ ਵੀ ਮੌਕਾ ਦਿੱਤਾ, ਜਦਕਿ ਜ਼ਿਆਦਾਤਰ ਨੌਜਵਾਨਾਂ ਨੂੰ ਤੀਜੇ ਨੰਬਰ 'ਤੇ ਬੱਲੇਬਾਜ਼ੀ ਦਾ ਮੌਕਾ ਨਹੀਂ ਮਿਲਦਾ ਹੈ।''