ਕੀ ਭਾਰਤੀ ਕ੍ਰਿਕਟ ਟੀਮ ਜਾਵੇਗੀ ਪਾਕਿਸਤਾਨ? ਅਨੁਰਾਗ ਠਾਕੁਰ ਨੇ ਦਿੱਤੇ ਇਹ ਸੰਕੇਤ
Thursday, Oct 20, 2022 - 04:47 PM (IST)
ਨਵੀਂ ਦਿੱਲੀ (ਭਾਸ਼ਾ)- ਖਿਡਾਰੀਆਂ ਦੀ ਸੁਰੱਖਿਆ ਨੂੰ ਸਭ ਤੋਂ ਮਹੱਤਵਪੂਰਨ ਦੱਸਦੇ ਹੋਏ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਵਿਚ ਹੋਣ ਵਾਲੇ 2023 ਏਸ਼ੀਆ ਕੱਪ ਵਿਚ ਹਿੱਸਾ ਲਵੇਗੀ ਜਾਂ ਨਹੀਂ, ਇਸ ਬਾਰੇ ਗ੍ਰਹਿ ਮੰਤਰਾਲਾ ਫੈਸਲਾ ਲਵੇਗਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਟੀਮ ਦੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਅਤੇ ਭਾਰਤੀ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਕੱਲ੍ਹ ਕਿਹਾ ਸੀ ਕਿ ਭਾਰਤੀ ਟੀਮ ਏਸ਼ੀਆ ਕੱਪ ਖੇਡਣ ਲਈ ਪਾਕਿਸਤਾਨ ਨਹੀਂ ਜਾਵੇਗੀ ਅਤੇ ਟੂਰਨਾਮੈਂਟ ਕਿਸੇ ਨਿਰਪੱਖ ਸਥਾਨ 'ਤੇ ਖੇਡੇਗੀ। ਇਸ 'ਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ 2023 'ਚ ਭਾਰਤ 'ਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ 'ਚ ਉਨ੍ਹਾਂ ਦੀ ਭਾਗੀਦਾਰੀ ਪ੍ਰਭਾਵਿਤ ਹੋ ਸਕਦੀ ਹੈ। ਸ਼ਾਹ ਦੇ ਬਿਆਨ ਤੋਂ ਬਾਅਦ ਪੈਦਾ ਹੋਏ ਵਿਵਾਦ ਬਾਰੇ ਪੁੱਛੇ ਜਾਣ 'ਤੇ ਠਾਕੁਰ ਨੇ ਕਿਹਾ, 'ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਜ਼ਰੂਰੀ ਹੈ। ਭਾਰਤੀ ਟੀਮ ਏਸ਼ੀਆ ਕੱਪ 'ਚ ਜਾਵੇਗੀ ਜਾਂ ਨਹੀਂ ਇਸ ਦਾ ਫੈਸਲਾ ਗ੍ਰਹਿ ਮੰਤਰਾਲਾ ਕਰੇਗਾ।'
ਇਹ ਪੁੱਛੇ ਜਾਣ 'ਤੇ ਕਿ ਕੀ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਦੇ ਸਰਹੱਦ ਪਾਰ ਕਰਨ ਦੀ ਸੰਭਾਵਨਾ ਹੈ, ਠਾਕੁਰ ਨੇ ਕਿਹਾ, 'ਸੰਭਾਵਨਾਵਾਂ ਹਮੇਸ਼ਾ ਰਹਿੰਦੀਆਂ ਹਨ। ਕਿਸੇ ਨੇ ਸੋਚਿਆ ਸੀ ਕਿ ਕੋਰੋਨਾ ਆਵੇਗਾ। ਕੁਝ ਵੀ ਹੋ ਸਕਦਾ ਹੈ ਪਰ ਇਸ ਦੀ ਸੰਭਾਵਨਾ ਜ਼ਿਆਦਾ ਨਹੀਂ ਹੈ।' ਉਨ੍ਹਾਂ ਕਿਹਾ, 'ਅਸੀਂ ਆਈ.ਸੀ.ਸੀ. ਟੂਰਨਾਮੈਂਟਾਂ 'ਚ ਪਾਕਿਸਤਾਨ ਨਾਲ ਖੇਡਦੇ ਆਏ ਹਾਂ ਪਰ ਦੋ-ਪੱਖੀ ਸੀਰੀਜ਼ 'ਤੇ ਸਾਡਾ ਸਟੈਂਡ ਜੋ ਪਹਿਲਾਂ ਸੀ,ਅਜੇ ਵੀ ਉਹੀ ਹੈ। ਅੱਤਵਾਦ ਦੇ ਸਾਏ ਹੇਠ ਕ੍ਰਿਕਟ ਨਹੀਂ ਖੇਡੀ ਜਾ ਸਕਦੀ।' ਇਹ ਪੁੱਛੇ ਜਾਣ 'ਤੇ ਕਿ ਕੀ ਆਸਟ੍ਰੇਲੀਆ ਅਤੇ ਇੰਗਲੈਂਡ ਵਰਗੀਆਂ ਟੀਮਾਂ ਦੇ ਪਾਕਿਸਤਾਨ ਦੌਰੇ ਤੋਂ ਬਾਅਦ ਵੀ ਸੁਰੱਖਿਆ ਦੀਆਂ ਚਿੰਤਾਵਾਂ ਹਨ, ਠਾਕੁਰ ਨੇ ਕਿਹਾ, 'ਆਸਟ੍ਰੇਲੀਆ, ਇੰਗਲੈਂਡ ਅਤੇ ਭਾਰਤ ਦੀ ਸਥਿਤੀ 'ਚ ਫਰਕ ਹੈ।' ਉਨ੍ਹਾਂ ਨੇ ਪੰਜਵੀਆਂ ਖੇਲੋ ਇੰਡੀਆ ਯੂਥ ਖੇਡਾਂ ਦੀ ਮੇਜ਼ਬਾਨੀ ਮੱਧ ਪ੍ਰਦੇਸ਼ ਨੂੰ ਸੌਂਪੇ ਜਾਣ ਦੇ ਮੌਕੇ 'ਤੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਹ ਗੱਲਬਾਤ ਕਹੀ।