ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਗੋਪਾਲ ਭੇਂਗਰਾ ਦਾ ਦਿਹਾਂਤ, ਸਰਕਾਰ ਤੋਂ ਨਹੀਂ ਮਿਲੀ ਆਰਥਿਕ ਮਦਦ

Tuesday, Aug 10, 2021 - 11:33 AM (IST)

ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਗੋਪਾਲ ਭੇਂਗਰਾ ਦਾ ਦਿਹਾਂਤ, ਸਰਕਾਰ ਤੋਂ ਨਹੀਂ ਮਿਲੀ ਆਰਥਿਕ ਮਦਦ

ਰਾਂਚੀ— ਹਾਕੀ ’ਚ ਆਪਣੇ ਹੁਨਰ ਨਾਲ ਦੇਸ਼ ਦਾ ਨਾਂ ਦੁਨੀਆ ਭਰ ’ਚ ਰੌਸ਼ਨ ਕਰਨ ਵਾਲੇ ਝਾਰਖੰਡ ਦੇ ਸਾਬਕਾ ਕੌਮਾਂਤਰੀ ਹਾਕੀ ਖਿਡਾਰੀ ਗੋਪਾਲ ਭੇਂਗਰਾ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। 80 ਸਾਲਾ ਗੋਪਾਲ ਭੇਂਗਰਾ ਨੇ ਰਾਂਚੀ ਦੇ ਇਕ ਹਸਪਤਾਲ ’ਚ ਆਖ਼ਰੀ ਸਾਹ ਲਿਆ। ਭੇਂਗਰਾ ਦੀ ਬ੍ਰੇਨ ਹੈਮਰੇਜ ਤੇ ਪੈਰਾਲਾਈਸਿਸ ਦੇ ਨਾਲ-ਨਾਲ ਕਿਡਨੀ ਵੀ ਖ਼ਰਾਬ ਹੋ ਚੁੱਕੀ ਸੀ। ਕਰੀਬ ਹਫ਼ਤੇ ਭਰ ਉਹ ਹਸਪਤਾਲ ਦੇ ਵੈਂਟੀਲੇਟਰ ’ਤੇ ਸਨ। ਭੇਂਗਰਾ ਦੇ ਪੁੱਤਰ ਅਰਜੁਨ ਨੇ ਸੂਬਾ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਾਈ ਸੀ। ਭੇਂਗਰਾ ਦੇ ਪਰਿਵਾਰ ਕੋਲ ਉਨ੍ਹਾਂ ਦੇ ਇਲਾਜ ਲਈ ਪੈਸੇ ਨਹੀਂ ਸਨ। ਸੂਬਾ ਸਰਕਾਰ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਓਲੰਪਿਕ 'ਚ ਮੈਡਲ ਨਾ ਮਿਲਣ 'ਤੇ ਸਾਡੀ ਮਾਨਸਿਕਤਾ 'ਤੇ ਅਸਰ ਪਿਆ : ਤੀਰਅੰਦਾਜ਼ ਦੀਪਿਕਾ ਕੁਮਾਰੀ

ਹਾਲ ਇਹ ਸੀ ਕਿ ਗੋਪਾਲ ਦੇ ਦਿਹਾਂਤ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਕੋਲ ਹਸਪਤਾਲ ਦਾ ਬਿਲ ਅਦਾ ਕਰਨ ਲਈ ਪੈਸੇ ਨਹੀਂ ਸਨ। ਹਸਪਤਾਲ ਮੁਤਾਬਕ ਸਾਬਕਾ ਹਾਕੀ ਖਿਡਾਰੀ ਦੇ ਇਲਾਜ ਦਾ ਬਿੱਲ 58 ਹਜ਼ਾਰ ਬਣਿਆ ਸੀ ਪਰ ਪਰਿਵਾਰਕ ਮੈੈਂਬਰਾਂ ਵੱਲੋਂ ਸਿਰਫ਼ 30 ਹਜ਼ਾਰ ਰੁਪਏ ਦਾ ਹੀ ਭੁਗਤਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਗੋਪਾਲ ਭੇਂਗਰਾ ਦੇ ਸੰਘਰਸ਼ਾਂ ਦੀ ਦਾਸਤਾਂ ਸਿਰਫ਼ ਇੰਨੀ ਹੀ ਨਹੀਂ ਸੀ ਸਗੋਂ ਉਨ੍ਹਾਂ ਨੇ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਪੱਥਰ ਤੋੜਨ ਦਾ ਕੰਮ ਵੀ ਕੀਤਾ। ਇਸ ਦੀ ਜਾਣਕਾਰੀ ਮੀਡੀਆ ’ਚ ਆਉਣ ਦੇ ਬਾਅਦ ਦੇਸ਼ ਦੇ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਹਰ ਮਹੀਨੇ ਉਨ੍ਹਾਂ ਦੇ ਖ਼ਾਤੇ ’ਚ 10 ਹਜ਼ਾਰ ਰੁਪਏ ਭੇਜਣਾ ਸ਼ੁਰੂ ਕੀਤਾ ਸੀ। ਇਹ ਸਿਲਸਿਲਾ 2012 ਤੋਂ ਲਗਾਤਾਰ ਚਲਦਾ ਰਿਹਾ। 
ਇਹ ਵੀ ਪੜ੍ਹੋ : UAE ’ਚ IPL 2021 ਦੇ ਹੋਣ ਵਾਲੇ ਦੂਜੇ ਪੜਾਅ ਦੇ ਲਈ BCCI ਨੇ ਕੀਤਾ ਵੱਡਾ ਬਦਲਾਅ

ਗੋਪਾਲ ਭੇਂਗਰਾ ਨੇ ਫ਼ੌਜ ’ਚ ਨੌਕਰੀ ਕੀਤੀ ਤੇ ਫਿਰ ਉੱਥੋਂ ਹਾਕੀ ਖੇਡਣ ਲੱਗੇ। 1978 ’ਚ ਹਾਕੀ ਵਰਲਡ ਕੱਪ ਤਾਂ ਖੇਡਿਆ ਹੀ ਸਗੋਂ ਉਨ੍ਹਾਂ ਦੀ ਚੋਣ ਓਲੰਪਿਕ ਲਈ ਵੀ ਹੋਈ ਸੀ। ਪਰ ਕੁਝ ਵਜ੍ਹਾ ਕਰਕੇ ਉਹ ਓਲੰਪਿਕ ਖੇਡਣ ਨਹੀਂ ਜਾ ਸਕੇ। 1986 ’ਚ ਉਹ ਆਪਣੇ ਪਿੰਡ ਪਰਤ ਆਏ ਤੇ ਪੈਨਸ਼ਨ ਦੇ ਪੈਸਿਆਂ ਨਾਲ ਉਨ੍ਹਾਂ ਦਾ ਪਰਿਵਾਰ ਦਾ ਗੁਜ਼ਾਰਾ ਹੋਣ ਲੱਗਾ। ਬਾਅਦ ’ਚ ਵਧਦੀਆਂ ਜ਼ਿੰਮੇਵਾਰੀਆਂ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਦਿਹਾੜੀ ਮਜ਼ਦੂਰੀ ਵੀ ਕਰਨੀ ਪਈ ਤੇ ਉਨ੍ਹਾਂ ਨੇ ਇਕ ਮਜ਼ਦੂਰ ਦੇ ਤੌਰ ’ਤੇ ਪੱਥਰ ਤੋੜਨ ਦਾ ਕੰਮ ਵੀ ਕੀਤਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News