ਹਾਕੀ ਇੰਡੀਆ ਨੇ ਪੈਰਿਸ ਓਲੰਪਿਕ ਲਈ ਕੀਤੀ 16 ਮੈਂਬਰੀਂ ਟੀਮ ਦੀ ਘੋਸ਼ਣਾ, ਹਰਮਨਪ੍ਰੀਤ ਕਪਤਾਨ

Wednesday, Jun 26, 2024 - 04:28 PM (IST)

ਨਵੀਂ ਦਿੱਲੀ- ਹਾਕੀ ਇੰਡੀਆ ਨੇ ਬੁੱਧਵਾਰ ਨੂੰ ਅਗਲੇ ਮਹੀਨੇ ਹੋਣ ਵਾਲੇ ਪੈਰਿਸ ਓਲੰਪਿਕ ਲਈ 16 ਮੈਂਬਰੀ ਟੀਮ ਦਾ ਐਲਾਨ ਕੀਤਾ ਜਿਸ ਵਿਚ ਹਰਮਨਪ੍ਰੀਤ ਸਿੰਘ ਨੂੰ ਕਪਤਾਨ ਅਤੇ ਹਾਰਦਿਕ ਸਿੰਘ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਭਾਰਤੀ ਟੀਮ 'ਚ ਪੰਜ ਖਿਡਾਰੀ ਓਲੰਪਿਕ 'ਚ ਆਪਣਾ ਡੈਬਿਊ ਕਰਨਗੇ, ਇਨ੍ਹਾਂ ਤੋਂ ਇਲਾਵਾ ਪਿਛਲੇ ਪੜਾਅ 'ਚ ਹਿੱਸਾ ਲੈਣ ਵਾਲੇ ਕੁਝ ਸੀਨੀਅਰ ਖਿਡਾਰੀ ਵੀ ਟੀਮ 'ਚ ਸ਼ਾਮਲ ਹਨ। ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਨੂੰ ਮੌਜੂਦਾ ਚੈਂਪੀਅਨ ਬੈਲਜੀਅਮ, ਆਸਟ੍ਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਨਾਲ ਪੂਲ ਬੀ ਵਿੱਚ ਰੱਖਿਆ ਗਿਆ ਹੈ। ਪੂਲ ਅੰਕ ਸੂਚੀ ਵਿੱਚ ਚੋਟੀ ਦੀਆਂ ਚਾਰ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚਣਗੀਆਂ। ਭਾਰਤੀ ਖਿਡਾਰੀ ਇਸ ਸਮੇਂ ਸਾਈ ਸੈਂਟਰ, ਬੈਂਗਲੁਰੂ ਵਿੱਚ ਰਾਸ਼ਟਰੀ ਕੈਂਪ ਵਿੱਚ ਓਲੰਪਿਕ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਤਜਰਬੇਕਾਰ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਮਿਡਫੀਲਡਰ ਮਨਪ੍ਰੀਤ ਸਿੰਘ ਚੌਥੀ ਵਾਰ ਓਲੰਪਿਕ ਵਿੱਚ ਹਿੱਸਾ ਲੈਣਗੇ ਜਦਕਿ ਕਪਤਾਨ ਹਰਮਨਪ੍ਰੀਤ ਲਈ ਇਹ ਤੀਜੀ ਓਲੰਪਿਕ ਹੋਵੇਗੀ।

ਭਾਰਤ ਲਈ ਪੰਜ ਖਿਡਾਰੀ ਆਪਣਾ ਓਲੰਪਿਕ ਡੈਬਿਊ ਕਰਨਗੇ, ਜਿਨ੍ਹਾਂ ਵਿੱਚ ਜਰਮਨਪ੍ਰੀਤ ਸਿੰਘ, ਸੰਜੇ, ਰਾਜ ਕੁਮਾਰ ਪਾਲ, ਅਭਿਸ਼ੇਕ ਅਤੇ ਸੁਖਜੀਤ ਸਿੰਘ ਸ਼ਾਮਲ ਹਨ। ਟੋਕੀਓ 'ਚ 41 ਸਾਲਾਂ ਦੇ ਵਕਫ਼ੇ ਤੋਂ ਬਾਅਦ ਤਮਗਾ ਜਿੱਤਣ ਲਈ ਇਤਿਹਾਸਕ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਡਿਫੈਂਡਰ ਰੁਪਿੰਦਰਪਾਲ ਸਿੰਘ ਅਤੇ ਬੀਰੇਂਦਰ ਲਾਕੜਾ ਸੰਨਿਆਸ ਲੈ ਚੁੱਕੇ ਹਨ ਜਦਕਿ ਸੁਰਿੰਦਰ ਕੁਮਾਰ ਟੀਮ ਤੋਂ ਬਾਹਰ ਹਨ। ਟੋਕੀਓ ਵਿੱਚ ਮੁੱਖ ਟੀਮ ਦਾ ਹਿੱਸਾ ਰਹੇ ਨੀਲਕਾਂਤ ਸ਼ਰਮਾ ਨੂੰ ਬਦਲਵੇਂ ਖਿਡਾਰੀਆਂ ਵਿੱਚ ਰੱਖਿਆ ਗਿਆ ਹੈ ਅਤੇ ਦਿਲਪ੍ਰੀਤ ਸਿੰਘ ਨੂੰ ਮੌਕਾ ਨਹੀਂ ਮਿਲਿਆ। ਗੋਲਕੀਪਰ ਕ੍ਰਿਸ਼ਨਾ ਪਾਠਕ ਲਗਾਤਾਰ ਦੂਜੀ ਓਲੰਪਿਕ ਲਈ ਬਦਲਵੇਂ ਖਿਡਾਰੀ ਹੋਣਗੇ। ਡਿਫੈਂਸ ਵਿੱਚ ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ, ਅਮਿਤ ਰੋਹੀਦਾਸ, ਸੁਮਿਤ ਅਤੇ ਸੰਜੇ ਸ਼ਾਮਲ ਹਨ ਜਦਕਿ ਮਿਡਫੀਲਡ ਵਿੱਚ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਸ਼ਾਮਲ ਹਨ। ਫਾਰਵਰਡਾਂ ਵਿੱਚ ਅਭਿਸ਼ੇਕ, ਸੁਖਜੀਤ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ ਅਤੇ ਗੁਰਜੰਟ ਸਿੰਘ ਸ਼ਾਮਲ ਹਨ। ਪਾਠਕ ਅਤੇ ਨੀਲਕਾਂਤ ਤੋਂ ਇਲਾਵਾ ਡਿਫੈਂਡਰ ਜੁਗਰਾਜ ਸਿੰਘ ਭਾਰਤ ਦੇ ਤੀਜਾ ਬਦਲਵੇਂ ਖਿਡਾਰੀ ਹਨ।
ਮੁੱਖ ਕੋਚ ਕ੍ਰੇਗ ਫੁਲਟਨ ਨੇ ਕਿਹਾ, “ਪੈਰਿਸ ਓਲੰਪਿਕ ਟੀਮ ਦੀ ਚੋਣ ਪ੍ਰਕਿਰਿਆ ਸਾਡੇ ਖਿਡਾਰੀਆਂ ਦੀ ਪ੍ਰਤਿਭਾ ਦੀ ਗਹਿਰਾਈ ਕਾਰਨ ਬਹੁਤ ਮੁਕਾਬਲੇ ਵਾਲੀ ਸੀ। ਹਾਲਾਂਕਿ ਮੈਨੂੰ ਭਰੋਸਾ ਹੈ ਕਿ ਚੁਣਿਆ ਗਿਆ ਹਰ ਖਿਡਾਰੀ ਪੈਰਿਸ 'ਚ ਆਪਣਾ ਸਰਵੋਤਮ ਪ੍ਰਦਰਸ਼ਨ ਕਰੇਗਾ। ਉਨ੍ਹਾਂ ਨੇ ਕਿਹਾ, “ਚੁਣੇ ਗਏ ਹਰੇਕ ਖਿਡਾਰੀ ਨੇ ਤਿਆਰੀ ਦੇ ਪੜਾਅ ਦੌਰਾਨ ਬੇਮਿਸਾਲ ਹੁਨਰ, ਸਮਰਪਣ ਅਤੇ ਲਚਕੀਲੇਪਣ ਦਾ ਪ੍ਰਦਰਸ਼ਨ ਕੀਤਾ ਹੈ। 
ਫੁਲਟਨ ਨੇ ਕਿਹਾ, “ਸਾਡਾ ਫੋਕਸ ਟੀਮ ਬਣਾਉਣ 'ਤੇ ਹੈ ਜੋ ਵੱਖ-ਵੱਖ ਖੇਡਣ ਦੀਆਂ ਸ਼ੈਲੀਆਂ ਅਤੇ ਸਥਿਤੀਆਂ ਨੂੰ ਅਨੁਕੂਲ ਬਣਾ ਸਕੇ। ਮੇਰਾ ਮੰਨਣਾ ਹੈ ਕਿ ਅਸੀਂ ਇਹ ਪ੍ਰਾਪਤ ਕੀਤਾ ਹੈ।  ਭਾਰਤੀ ਟੀਮ 27 ਜੁਲਾਈ ਨੂੰ ਨਿਊਜ਼ੀਲੈਂਡ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਟੀਮ ਦਾ ਸਾਹਮਣਾ 29 ਜੁਲਾਈ ਨੂੰ ਅਰਜਨਟੀਨਾ ਨਾਲ ਹੋਵੇਗਾ। ਫਿਰ ਭਾਰਤ ਦਾ ਸਾਹਮਣਾ 30 ਜੁਲਾਈ ਨੂੰ ਆਇਰਲੈਂਡ, 1 ਅਗਸਤ ਨੂੰ ਬੈਲਜੀਅਮ ਅਤੇ 2 ਅਗਸਤ ਨੂੰ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤ ਨੇ ਹੁਣ ਤੱਕ ਅੱਠ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਨਾਲ ਕੁੱਲ 12 ਓਲੰਪਿਕ ਤਗਮੇ ਜਿੱਤੇ ਹਨ। ਪੂਲ ਏ ਵਿੱਚ ਨੀਦਰਲੈਂਡ, ਜਰਮਨੀ, ਬ੍ਰਿਟੇਨ, ਸਪੇਨ, ਦੱਖਣੀ ਅਫਰੀਕਾ ਅਤੇ ਮੇਜ਼ਬਾਨ ਦੇਸ਼ ਫਰਾਂਸ ਸ਼ਾਮਲ ਹਨ।
ਟੀਮ:
ਗੋਲਕੀਪਰ: ਪੀ ਆਰ ਸ਼੍ਰੀਜੇਸ਼
ਡਿਫੈਂਡਰ: ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਸੁਮਿਤ, ਸੰਜੇ
ਮਿਡਫੀਲਡਰ: ਰਾਜਕੁਮਾਰ ਪਾਲ, ਸ਼ਮਸ਼ੇਰ ਸਿੰਘ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਵਿਵੇਕ ਸਾਗਰ ਪ੍ਰਸਾਦ
ਫਾਰਵਰਡ: ਅਭਿਸ਼ੇਕ, ਸੁਖਜੀਤ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ, ਗੁਰਜੰਟ ਸਿੰਘ।
ਵਿਕਲਪਿਕ ਖਿਡਾਰੀ: ਨੀਲਕਾਂਤ ਸ਼ਰਮਾ, ਜੁਗਰਾਜ ਸਿੰਘ, ਕ੍ਰਿਸ਼ਨ ਬਹਾਦਰ ਪਾਠਕ।


Aarti dhillon

Content Editor

Related News