ਇਨ੍ਹਾਂ ਕਾਰਨਾਂ ਕਰਕੇ ਹਾਕੀ ਲਈ ਨਿਰਾਸ਼ਾਜਨਕ ਰਿਹਾ ਸਾਲ 2018
Tuesday, Dec 25, 2018 - 12:23 PM (IST)

ਨਵੀਂ ਦਿੱਲੀ : ਸਾਲ 2018 ਵਿਚ 3 ਵੱਡੇ ਟੂਰਨਾਮੈਂਟ- ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਅਤੇ ਆਪਮੀ ਮੇਜ਼ਬਾਨੀ ਵਿਚ ਵਿਸ਼ਵ ਕੱਪ ਪਰ ਭਾਰਤੀ ਹਾਕੀ ਟੀਮ ਇਸ ਸਾਲ ਨੂੰ ਯਾਦਗਾਰ ਬਣਾਉਣ ਵਿਚ ਅਸਫਲ ਰਹੀ। ਭਾਰਤ ਨੂੰ ਨਵੰਬਰ-ਦਸੰਬਰ ਵਿਚ ਓਡੀਸ਼ਾ ਦੇ ਭੁਵਨੇਸ਼ਵਰ ਵਿਚ ਆਪਣੀ ਮੇਜ਼ਬਾਨੀ ਵਿਚ ਹੋਏ ਵਿਸ਼ਵ ਕੱਪ ਵਿਚ 43 ਸਾਲ ਦੇ ਲੰਬੇ ਫਾਸਲੇ ਤੋਂ ਬਾਅਦ ਖਿਤਾਬ ਜਿੱਤਣ ਦੀ ਉਮੀਦ ਸੀ ਪਰ ਉਸ ਦਾ ਸੁਪਨਾ ਕੁਆਰਟਰ-ਫਾਈਨਲ ਵਿਚ ਹਾਲੈਂਡ ਦੇ ਹੱਥੋਂ ਹਾਰ ਦੇ ਨਾਲ ਸੁਪਨਾ ਟੁੱਟ ਗਿਆ। ਭਾਰਤੀ ਟੀਮ ਨੇ ਕੁਆਰਟਰ-ਫਾਈਨਲ ਵਿਚ ਸਮਰਥਨ ਦੇ ਬਾਵਜੂਦ ਉਮੀਦਾਂ ਦੇ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ ਅਤੇ ਉਸ ਨੂੰ ਬਾਹਰ ਹੋਣਾ ਪਿਆ।
ਕੋਚ ਹਰਿੰਦਰ ਸਿੰਘ ਦੇ ਵਿਵਾਦ ਨੇ ਬਟੋਰੀਆਂ ਸੁਰਖੀਆਂ
ਵਿਸ਼ਵ ਕੱਪ ਦੀ ਹਾਰ ਤੋਂ ਬਾਅਦ ਟੀਮ ਦੇ ਕੋਚ ਹਰਿੰਦਰ ਸਿੰਘ ਨੇ ਅੰਪਾਇਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਕੌਮਾਂਤਰੀ ਹਾਕੀ ਮਹਾਸੰਘ ਨੇ ਹਰਿੰਦਰ ਦੇ ਇਸ ਰਵੱਈਏ 'ਤੇ ਸਖਤ ਇਤਰਾਜ਼ ਜਤਾਉਂਦਿਆਂ ਉਨ੍ਹਾਂ ਨੂੰ ਚਿਤਾਵਨੀ ਦੇ ਦਿੱਤੀ। ਐੱਫ. ਆਈ. ਐੱਚ. ਨੇ ਸਾਫ ਕਰ ਦਿੱਤਾ ਕਿ ਉਹ ਅੰਪਾਇਰ ਦੇ ਫੈਸਲਿਆਂ ਦੀ ਸਮੀਖਿਆ ਨਹੀਂ ਕਰੇਗਾ।
ਮੇਜ਼ਬਾਨ ਭਾਰਤ ਨੂੰ ਵਿਸ਼ਵ ਕੱਪ ਤੋਂ ਹੋਣਾ ਪਿਆ ਬਾਹਰ
ਭਾਰਤ ਨੇ ਇਕਲੌਤਾ ਅਤੇ ਆਖਰੀ ਵਾਰ ਵਿਸ਼ਵ ਕੱਪ 1975 ਵਿਚ ਜਿੱਤਿਆ ਸੀ ਅਤੇ ਆਪਣੀ ਮੇਜ਼ਬਾਨੀ 'ਚ ਉਮੀਦੀ ਸੀ ਕਿ ਟੀਮ ਘੱਟੋਂ-ਘੱਟ ਸੈਮੀਫਾਈਨਲ 'ਚ ਪਹੁੰਚ ਜਾਵੇਗੀ। ਭਾਰਤ ਨੇ ਦੱਖਣੀ ਅਫਰੀਕਾ ਨੂੰ 5-0 ਨਾਲ ਹਰਾਇਆ ਅਤੇ ਇਸ ਟੂਰਨਾਮੈਂਟ ਵਿਚ ਚੈਂਪੀਅਨ ਬਣੀ ਬੈਲਜੀਅਮ ਨਾਲ 2-2 ਨਾਲ ਡਰਾਅ ਖੇਡਿਆ। ਭਾਰਤ ਨੇ ਫਿਰ ਕੈਨੇਡਾ ਨੂੰ ਫਿਰ 5-1 ਨਾਲ ਹਰਾਇਆ ਅਤੇ ਸਿੱਧੇ ਕੁਆਰਟਰ-ਫਾਈਨਲ ਵਿਚ ਜਗ੍ਹਾ ਬਣਾ ਲਈ ਜਿੱਥੇ ਉਸ ਨੂੰ ਹਾਲੈਂਡ ਤੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਏਸ਼ੀਆਈ ਖੇਡਾਂ 'ਚ ਮਲੇਸ਼ੀਆ ਹੱਥੋਂ ਹੋਈ ਹਾਰ
ਇਸ ਤੋਂ ਪਹਿਲਾਂ ਅਗਸਤ ਵਿਚ ਜਕਾਰਤਾ ਏਸ਼ੀਆਈ ਖੇਡਾਂ ਵਿਚ ਭਾਰਤੀ ਹਾਕੀ ਟੀਮ ਸੈਮੀਫਾਈਨਲ ਵਿਚ ਮਲੇਸ਼ੀਆ ਨਾਲ ਸਡਨ ਡੈਥ ਵਿਚ ਹਾਰ ਕੇ ਆਪਣਾ ਖਿਤਾਬ ਗੁਆ ਬੈਠੀ ਸੀ ਅਤੇ ਉਸ ਦੇ ਹੱਥੋਂ 2020 ਦੇ ਟੋਕਿਓ ਓਲੰਪਿਕ ਲਈ ਸਿੱਧੇ ਕੁਆਲੀਫਾਈ ਕਰਨ ਦਾ ਮੌਕਾ ਨਿਕਲ ਗਿਆ। ਭਾਰਤ ਨੇ ਹਾਲਾਂਕਿ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਤਮਗਾ ਜਿੱਤਿਆ ਪਰ ਇਹ ਟੀਮ ਨੂੰ ਹੌਸਲਾ ਦੇਣ ਲਈ ਕਾਫੀ ਨਹੀਂ ਸੀ। ਭਾਰਤ ਕੋਲ ਏਸ਼ੀਆਈ ਖੇਡਾਂ ਵਿਚ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਸ਼ਾਨਦਾਰ ਮੌਕਾ ਸੀ ਪਰ ਟੀਮ ਇਸ ਮੌਕੇ ਨੂੰ ਗੁਆ ਬੈਠੀ। ਭਾਰਤ ਨੇ ਗਰੁਪ ਮੈਚਾਂ ਵਿਚ ਇੰਡੋਨੇਸ਼ੀਆ ਨੂੰ 17-0, ਹਾਂਗਕਾਂਗ ਨੂੰ ਰਿਕਾਰਡ 26-0, ਬਾਅਦ ਵਿਚ ਸੋਨ ਤਮਗਾ ਜਿੱਤਣ ਵਾਲੀ ਜਾਪਾਨ ਨੂੰ 8-0, ਦੱਖਣੀ ਕੋਰੀਆ ਨੂੰ 5-3 ਅਤੇ ਸ਼੍ਰੀਲੰਕਾ ਨੂੰ 20-0 ਨਾਲ ਹਰਾਇਆ ਸੀ ਪਰ ਗੋਲਾਂ ਦੀ ਬਰਸਾਤ ਕਰਨ ਵਾਲੀ ਭਾਰਤੀ ਟੀਮ ਸੈਮੀਫਾਈਨਲ ਵਿਚ ਮਲੇਸ਼ੀਆ ਹੱਥੋ ਸਡਨ ਡੈਥ ਮੁਕਾਬਲੇ 'ਚ ਚਿੱਤ ਹੋ ਗਈ।
ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਤਮਗੇ ਨਾਲ ਕਰਨਾ ਪਿਆ ਸਬਰ
ਅਪ੍ਰੈਲ ਵਿਚ ਹੋਏ ਰਾਸ਼ਟਰਮੰਡਲ ਖੇਡਾਂ ਵਿਚ ਭਾਰਤੀ ਪੁਰਸ਼ ਟੀਮ ਨੂੰ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਤੋਂ 2-3 ਨਾਲ ਹਾਰਨ ਤੋਂ ਬਾਅਦ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਪੁਰਸ਼ ਟੀਮ ਨੇ ਕਾਂਸੀ ਤਮਗੇ ਮੁਕਾਬਲੇ ਵਿਚ ਇੰਗਲੈਂਡ ਨੂੰ 2-1 ਨਾਲ ਹਰਾਇਆ। ਭਾਰਤੀ ਮਹਿਲਾ ਟੀਮ ਰਾਸ਼ਟਮੰਡਲ ਖੇਡਾਂ ਦੇ ਕਾਂਸੀ ਤਮਗੇ ਮੁਕਾਬਲੇ ਵਿਚ ਇੰਗਲੈਂਡ ਤੋਂ 0-6 ਨਾਲ ਹਾਰੀ ਸੀ। ਹਾਲਾਂਕਿ ਏਸ਼ੀਆਈ ਖੇਡਾਂ ਵਿਚ ਮਹਿਲਾ ਟੀਮ ਨੇ ਫਾਈਨਲ ਵਿਚ ਪਹੁੰਚ ਕੇ ਚਾਂਦੀ ਤਮਗਾ ਹਾਸਲ ਕੀਤਾ। ਮਹਿਲਾ ਟੀਮ ਨੂੰ ਫਾਈਨਲ ਵਿਚ ਜਾਪਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਪਾਕਿ ਨਾਲ ਕੀਤਾ ਏਸ਼ੀਅਨ ਕੱਪ ਸਾਂਝਾ
ਇਨ੍ਹਾਂ ਤਿਨਾ ਵੱਡੇ ਟੂਰਨਾਮੈਂਟਾਂ ਨੂੰ ਛੱਡ ਦਿੱਤਾ ਜਾਵੇ ਤਾਂ ਭਾਰਤ ਨੇ ਪਾਕਿਸਤਾਨ ਦੇ ਨਾਲ ਏਸ਼ੀਅਨ ਕੱਪ ਨੂੰ ਸਾਂਝਾ ਕੀਤਾ। ਮਸਕਟ ਨਵਚ ਮੀਂਹ ਕਾਰਨ ਫਾਈਨਲ ਨਹੀਂ ਖੇਡਿਆ ਜਾ ਸਕਿਆ ਅਤੇ ਦੋਵਾਂ ਟੀਮਾਂ ਸਾਂਝੇ ਰੂਪ ਨਾਲ ਜੇਤੂ ਬਣੀਆਂ। ਭਾਰਤ ਨੇ ਇਸ ਸਾਲ 6 ਦੇਸ਼ਾਂ ਦੇ ਸੁਲਤਾਨ ਅਜਲਾਨ ਕੱਪ ਵਿਚ 5ਵਾਂ ਸਥਾਨ ਹਾਸਲ ਕੀਤਾ। ਏਸ਼ੀਆਈ ਕੱਪ ਵਿਚ ਖਿਤਾਬ ਗੁਆਉਣ ਦਾ ਸਭ ਤੋਂ ਵੱਡਾ ਨੁਕਸਾਨ ਸਾਬਕਾ ਕਪਤਾਨ ਅਤੇ ਸਟਾਰ ਮਿਡਫੀਲਡਰ ਸਰਦਾਰ ਸਿੰਘ ਨੂੰ ਚੁੱਕਣਾ ਪਿਆ ਜਿਨ੍ਹਾਂ ਨੇ ਏਸ਼ੀਆਈ ਖੇਡਾਂ ਤੋਂ ਬਾਅਦ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈ ਲਿਆ। ਸਰਦਾਰ ਨੇ ਹਾਲਾਂਕਿ ਕਿਹਾ ਕਿ ਉਹ 2020 ਦੇ ਓਲੰਪਿਕ ਵਿਚ ਖੇਡਣਾ ਚਾਹੁੰਦੇ ਸੀ ਪਰ ਉਹ ਕੋਚਾਂ ਦੀ ਰਣਨੀਤੀ ਵਿਚ ਫਿੱਟ ਨਹੀਂ ਬੈਠ ਰਹੇ ਸੀ ਇਸ ਕਾਰਨ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ।