ਟੀ-20i ਦੇ ਬੇਤਾਜ ਬਾਦਸ਼ਾਹ ਬਣੇ ''ਹਿੱਟਮੈਨ'' ਰੋਹਿਤ ਸ਼ਰਮਾ, ਕਈ ਵੱਡੇ ਰਿਕਾਰਡ ਕੀਤੇ ਆਪਣੇ ਨਾਂ, ਮਾਰੋ ਇਕ ਝਾਤ
Tuesday, Jun 25, 2024 - 04:46 AM (IST)
ਸਪੋਰਟਸ ਡੈਸਕ- ਸੇਂਟ ਲੁਸੀਆ ਦੇ ਡੈਰੇਨ ਸੈਮੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ਦੇ ਮੁਕਾਬਲੇ 'ਚ ਭਾਰਤ ਨੇ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਇਹੀ ਨਹੀਂ, ਇਸ ਜਿੱਤ ਨਾਲ ਭਾਰਤ ਨੇ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਵੀ ਆਸਟ੍ਰੇਲੀਆ ਕੋਲੋਂ ਲੈ ਲਿਆ ਹੈ।
ਇਸ ਜਿੱਤ 'ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ। ਇਕ ਪਾਸੇ ਜਿੱਥੇ ਭਾਰਤੀ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਖਾਤਾ ਵੀ ਨਾ ਖੋਲ੍ਹ ਸਕੇ, ਉੱਥੇ ਹੀ ਰੋਹਿਤ ਸ਼ਰਮਾ ਨੇ ਆਪਣੇ ਅੰਦਾਜ਼ 'ਚ ਖੇਡਦੇ ਹੋਏ ਤਾਬੜਤੋੜ ਬੱਲੇਬਾਜ਼ੀ ਕੀਤੀ। 'ਹਿੱਟਮੈਨ' ਨੇ 41 ਗੇਂਦਾਂ ਦੀ ਪਾਰੀ 'ਚ 7 ਚੌਕੇ ਤੇ 8 ਛੱਕੇ ਲਗਾਏ ਤੇ 92 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਹਾਲਾਂਕਿ ਉਹ ਸੈਂਕੜਾ ਜੜਨ ਤੋਂ ਖੁੰਝ ਗਿਆ, ਪਰ ਇਸ ਦੇ ਬਾਵਜੂਦ ਉਹ ਟੀਮ ਨੂੰ ਚੰਗੇ ਸਕੋਰ ਤੱਕ ਪਹੁੰਚਾਉਣ 'ਚ ਸਫ਼ਲ ਰਿਹਾ।
ਰੋਹਿਤ ਦੀ ਪਾਰੀ ਕਿੰਨੀ ਤਾਬੜਤੋੜ ਸੀ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਸ ਨੇ 19 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਾਂ ਭਾਰਤ ਦਾ ਸਕੋਰ 5 ਓਵਰਾਂ 'ਚ 52 ਦੌੜਾਂ ਸੀ।
ਉਸ ਦੀ ਇਹ ਪਾਰੀ ਭਾਰਤੀ ਟੀਮ ਨੂੰ ਆਸਟ੍ਰੇਲੀਆ ਦੀ ਸਖ਼ਤ ਚੁਣੌਤੀ ਤੋਂ ਪਾਰ ਪਾਉਣ ਲਈ ਅਹਿਮ ਸਾਬਿਤ ਹੋਈ। ਹਿੱਟਮੈਨ ਦੀ ਇਹ ਪਾਰੀ ਕਈ ਤਰੀਕਿਆਂ ਨਾਲ ਖ਼ਾਸ ਰਹੀ। ਇਸ ਪਾਰੀ ਨਾਲ ਉਸ ਨੇ ਟੀ-20 ਕ੍ਰਿਕਟ ਦੇ ਕਈ ਵੱਡੇ ਰਿਕਾਰਡ ਆਪਣੇ ਨਾਂ ਕਰ ਲਏ ਹਨ। ਇਸ ਪਾਰੀ 'ਚ ਉਸ ਨੇ 8 ਛੱਕੇ ਲਗਾਏ ਹਨ। ਇਸ ਤਰ੍ਹਾਂ ਉਹ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ 200 ਛੱਕਿਆਂ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਬੱਲੇਬਾਜ਼ ਬਣ ਗਿਆ ਹੈ। ਉਸ ਦੇ ਨਾਂ ਹੁਣ 203 ਛੱਕੇ ਹਨ, ਜਦਕਿ ਉਸ ਤੋਂ ਬਾਅਦ ਅਗਲਾ ਨਾਂ ਮਾਰਟਿਨ ਗਪਟਿਲ ਦਾ ਆਉਂਦਾ ਹੈ, ਜਿਸ ਨੇ 173 ਛੱਕੇ ਜੜੇ ਹਨ।
ਇਸ ਤੋਂ ਬਾਅਦ ਉਹ ਅੰਤਰਰਾਸ਼ਟਰੀ ਟੀ-20 ਕ੍ਰਿਕਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਉਸ ਦੇ ਨਾਂ ਹੁਣ ਇਸ ਫਾਰਮੈਟ 'ਚ 4,165 ਦੌੜਾਂ ਬਣਾ ਚੁੱਕਾ ਹੈ। ਉਸ ਤੋਂ ਬਾਅਦ ਪਾਕਿਸਤਾਨ ਦੇ ਬਾਬਰ ਆਜ਼ਮ ਦਾ ਨਾਂ ਆਉਂਦਾ ਹੈ, ਜਿਸ ਨੇ 4,145 ਦੌੜਾਂ ਬਣਾਈਆਂ ਹਨ। ਵਿਰਾਟ ਕੋਹਲੀ ਦਾ ਨਾਂ ਇਸ ਲਿਸਟ 'ਚ ਤੀਜੇ ਨੰਬਰ 'ਤੇ ਆਉਂਦਾ ਹੈ, ਜਿਸ ਨੇ 4103 ਦੌੜਾਂ ਬਣਾਈਆਂ ਹਨ।
-ਰੋਹਿਤ ਸ਼ਰਮਾ 4165*
-ਬਾਬਰ ਆਜ਼ਮ 4145
-ਵਿਰਾਟ ਕੋਹਲੀ 4103
-ਪਾਲ ਸਟਰਲਿੰਗ 3601
ਇਹੀ ਨਹੀਂ, ਰੋਹਿਤ ਸ਼ਰਮਾ ਇਸ ਵਿਸ਼ਵ ਕੱਪ 'ਚ ਸਭ ਤੋਂ ਤੇਜ਼ ਅਰਧ ਸੈਂਕੜਾ ਠੋਕਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਉਸ ਨੇ ਆਸਟ੍ਰੇਲੀਆ ਖ਼ਿਲਾਫ਼ ਸਿਰਫ਼ 19 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤੋਂ ਬਾਅਦ ਅਗਲਾ ਨਾਂ ਅਮਰੀਕਾ ਦੇ ਐਰਨ ਜੌਨਸ ਤੇ ਕੁਇੰਟਨ ਡੀਕੌਕ ਦਾ ਹੈ, ਜਿਨ੍ਹਾਂ ਨੇ 22 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ।
ਰੋਹਿਤ ਸ਼ਰਮਾ- 19 ਗੇਂਦਾਂ
ਐਰਨ ਜੌਨਸ- 22 ਗੇਂਦਾਂ
ਕੁਇੰਟਨ ਡੀ ਕੌਕ- 22 ਗੇਂਦਾਂ
ਮਾਰਕਸ ਸਟਾਇਨਿਸ- 25 ਗੇਂਦਾਂ
ਇਸ ਮੈਚ 'ਚ ਵਿਰਾਟ ਕੋਹਲੀ ਦੇ ਜਲਦੀ ਆਊਟ ਹੋ ਜਾਣ ਤੋਂ ਬਾਅਦ ਜਦੋਂ ਤੀਜੇ ਓਵਰ 'ਚ ਗੇਂਦਬਾਜ਼ੀ ਲਈ ਮਿਚੇਲ ਸਟਾਰਕ ਆਏ ਤਾਂ ਰੋਹਿਤ ਸ਼ਰਮਾ ਨੇ ਉਸ ਦਾ ਰੱਜ ਕੇ ਕੁਟਾਪਾ ਚਾੜ੍ਹਿਆ। ਉਸ ਨੇ ਸਟਾਰਕ ਦੇ ਇਸ ਓਵਰ 'ਚ 4 ਛੱਕਿਆਂ ਤੇ 1 ਚੌਕੇ ਸਣੇ 29 ਦੌੜਾਂ ਜੋੜੀਆਂ, ਜਿਸ ਦੀ ਬਦੌਲਤ ਭਾਰਤੀ ਟੀਮ ਤੇਜ਼ ਸ਼ੁਰੂਆਤ ਹਾਸਲ ਕਰਨ 'ਚ ਕਾਮਯਾਬ ਹੋ ਸਕੀ ਤੇ ਅੰਤ 'ਚ ਟੀਮ ਨੇ ਸਕੋਰਬੋਰਡ 'ਤੇ 205 ਦੌੜਾਂ ਟੰਗ ਦਿੱਤੀਆਂ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 205 ਦੌੜਾਂ ਬਣਾਈਆਂ ਸੀ, ਜਿਸ ਦੇ ਜਵਾਬ 'ਚ ਆਸਟ੍ਰੇਲੀਆ ਦੀ ਟੀਮ 181 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 24 ਦੌੜਾਂ ਨਾਲ ਆਪਣੇ ਨਾਂ ਕਰ ਲਿਆ ਤੇ ਸੈਮੀਫਾਈਨਲ ਦੀ ਟਿਕਟ ਵੀ ਹਾਸਲ ਕਰ ਲਈ। ਹੁਣ ਆਸਟ੍ਰੇਲੀਆ ਨੂੰ ਸੈਮੀਫਾਈਨਲ 'ਚ ਪਹੁੰਚਣ ਲਈ ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਨਤੀਜੇ 'ਤੇ ਨਿਰਭਰ ਰਹਿਣਾ ਪਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e