ਬਦਾਨੀ ਦਿੱਲੀ ਕੈਪੀਟਲਸ ਦਾ ਮੁੱਖ ਕੋਚ ਬਣਨ ਦੀ ਦੌੜ ’ਚ
Wednesday, Oct 16, 2024 - 07:34 PM (IST)
ਨਵੀਂ ਦਿੱਲੀ– ਭਾਰਤ ਦਾ ਖੱਬੇ ਹੱਥ ਦਾ ਸਾਬਕਾ ਖਿਡਾਰੀ ਹੇਮੰਗ ਬਦਾਨੀ ਦਿੱਲੀ ਕੈਪੀਟਲਸ ਦਾ ਮੁੱਖ ਕੋਚ ਬਣਨ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਿਹਾ ਹੈ ਜਦਕਿ ਤੇਜ਼ ਗੇਂਦਬਾਜ਼ ਮੁਨਾਫ ਪਟੇਲ ਦਾ ਨਾਂ ਫ੍ਰੈਂਚਾਈਜ਼ੀ ਦੇ ਸਹਿਯੋਗੀ ਸਟਾਫ ਵਿਚ ਭੂਮਿਕਾ ਲਈ ਚਰਚਾ ਵਿਚ ਹੈ। ਦਿੱਲੀ ਕੈਪੀਟਲਸ ਨੇ ਕੁਝ ਹਫਤੇ ਪਹਿਲਾਂ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਨੂੰ ਉਸਦੀ ਉਪਲਬੱਧਤਾ ਸਬੰਧੀ ਸਮੱਸਿਆਵਾਂ ਕਾਰਨ ਮੁੱਖ ਕੋਚ ਦੇ ਰੂਪ ਵਿਚ ਹਟਾ ਦਿੱਤਾ ਹੈ। ਪੋਂਟਿੰਗ 2018 ਤੋਂ ਟੀਮ ਦੇ ਨਾਲ ਸੀ। ਇੰਡੀਅਨ ਪ੍ਰੀਮੀਅਰ ਲੀਗ ਦੇ ਇਕ ਸੂਤਰ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ ’ਤੇ ਕਿਹਾ,‘‘ਦਿੱਲੀ ਕੈਪੀਟਲਸ ਦੀ ਮੈਨੇਜਮੈਂਟ ਉੱਚ ਪੱਧਰੀ ਘਰੇਲੂ ਕੋਚ ਲੱਭ ਰਹੀ ਹੈ ਅਤੇ ਹੇਮੰਗ ਤੇ ਮੁਨਾਫ ਗੇਂਦਬਾਜ਼ੀ ਕੋਚ ਹੋ ਸਕਦੇ ਹਨ।’’
ਜ਼ਿਆਦਾਤਰ ਹੋਰਨਾਂ ਫ੍ਰੈਂਚਾਈਜ਼ੀਆਂ ਦੀ ਤਰ੍ਹਾਂ ਦਿੱਲੀ ਕੈਪੀਟਲਸ ਦੇ ਵੀ ਆਗਾਮੀ ਨਿਲਾਮੀ ਤੋਂ ਪਹਿਲਾਂ ਤਿੰਨ ਖਿਡਾਰੀਆਂ ਨੂੰ ਰਿਟੇਨ (ਆਪਣੇ ਨਾਲ ਬਰਕਰਾਰ ਰੱਖਣ) ਕਰਨ ਦੀ ਉਮੀਦ ਹੈ। ਟੀਮ ਕਪਤਾਨ ਰਿਸ਼ਭ ਪੰਤ (18 ਕਰੋੜ ਰੁਪਏ), ਆਲਰਾਊਂਡਰ ਅਕਸ਼ਰ ਪਟੇਲ (14 ਕਰੋੜ) ਤੇ ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ (11 ਕਰੋੜ) ਨੂੰ ਰਿਟੇਨ ਕਰ ਸਕਦੀ ਹੈ।
5 ਖਿਡਾਰੀਆਂ ਨੂੰ ਰਿਟੇਨ ਕਰਨ ’ਤੇ 75 ਕਰੋੜ ਰੁਪਏ ਖਰਚ ਹੋਣਗੇ, ਇਸ ਲਈ ਇਹ ਮੰਨਿਆਂ ਜਾ ਰਿਹਾ ਹੈ ਕਿ ਪਿਛਲੇ ਸਾਲ ਦੇ ਸਟਾਰ ਖਿਡਾਰੀ ਜੈਕ ਫ੍ਰੇਜ਼ਰ ਮੈਕਗੁਰਕ ਤੇ ਦੱਖਣੀ ਅਫਰੀਕਾ ਦੇ ਟ੍ਰਿਸਟਨ ਸਟੱਬਸ ਨੂੰ ਟੀਮ ਰਾਈਟ ਟੂ ਮੈਚ (ਆਰ. ਟੀ. ਐੱਮ.) ਕਾਰਡ ਰਾਹੀਂ ਚੁਣ ਸਕਦੀ ਹੈ, ਬਸ਼ਰਤੇ ਉਸਦੀ ਕੀਮਤ ਟੀਮ ਦੇ ਬਜਟ ਦੇ ਅੰਦਰ ਹੋਵੇ।
ਬਦਾਨੀ ਦਾ ਨਾਂ ਮੁੱਖ ਕੋਚ ਦੇ ਰੂਪ ਵਿਚ ਆਉਣ ਕਾਰਨ ਅਗਲੇ ਦੋ ਸਾਲਾਂ ਲਈ ਮੈਨੇਜਮੈਂਟ ਵਿਚ ਬਦਲਾਅ ਦਾ ਮਾਮਲਾ ਹੋ ਸਕਦਾ ਹੈ। ਟੀਮ ਦੇ ਸਾਂਝੇ ਮਾਲਕਾਂ ਵਿਚੋਂ ਇਕ ਜੀ. ਐੱਮ. ਆਰ. ਹੁਣ ਟੀਮ ਦਾ ਸੰਚਾਲਨ ਕਰੇਗਾ। ਦੂਜਾ ਸਹਿ-ਮਾਲਕ ਜੇ. ਐੱਸ. ਡਬਲਯੂ. ਹੈ। ਮੰਨਿਆ ਜਾਂਦਾ ਹੈ ਕਿ ਦੋਵੇਂ ਸਾਂਝੇ-ਮਾਲਕਾਂ ਵਿਚਾਲੇ 2-2 ਸਾਲ ਤੱਕ ਟੀਮ ਦਾ ਮੈਨੇਜਮੈਂਟ ਕਰਨ ’ਤੇ ਸਹਿਮਤ ਹੈ।
ਬਦਾਨੀ ਇਸ ਤੋਂ ਪਹਿਲਾਂ ਸਨਰਾਈਜਰਜ਼ ਹੈਦਰਾਬਾਦ ਵਿਚ ਬ੍ਰਾਇਨ ਲਾਰਾ ਦੇ ਨਾਲ ਕੰਮ ਕਰ ਚੁੱਕਾ ਹੈ ਪਰ ਜੇਕਰ ਉਸ ਨੂੰ ਇਹ ਕੰਮ ਮਿਲਦਾ ਹੈ ਤਾਂ ਇਹ ਉਸਦੇ ਲਈ ਬਹੁਤ ਵੱਡਾ ਮੌਕਾ ਹੋਵੇਗਾ। ਤਾਮਿਲਨਾਡੂ ਦੇ ਸਾਬਕਾ ਬੱਲੇਬਾਜ਼ ਬਦਾਨੀ ਨੇ 2001-2004 ਵਿਚਾਲੇ ਭਾਰਤ ਲਈ ਚਾਰ ਟੈਸਟ ਤੇ 40 ਵਨ ਡੇ ਮੈਚ ਖੇਡੇ ਹਨ, ਜਿਨ੍ਹਾਂ ਵਿਚ 2001 ਦੀ ਦੋ-ਪੱਖੀ ਲੜੀ ਵਿਚ ਆਸਟ੍ਰੇਲੀਆ ਵਿਰੁੱਧ ਵਨ ਡੇ ਸੈਂਕੜਾ ਉਸਦੇ ਕਰੀਅਰ ਦਾ ਮੁੱਖ ਖਿੱਚ ਦਾ ਕੇਂਦਰ ਰਿਹਾ। ਉਸ ਤੋਂ ਉਮੀਦ ਕੀਤੀ ਜਾਵੇਗੀ ਕਿ ਉਹ ਦਿੱਲੀ ਕੈਪੀਟਲਸ ਨੂੰ ਉਸਦਾ ਪਹਿਲਾ ਆਈ. ਪੀ. ਐੱਲ. ਖਿਤਾਬ ਦਿਵਾਏ ਜਿਹੜਾ 2008 ਵਿਚ ਲੀਗ ਦੀ ਸ਼ੁਰੂਆਤ ਤੋਂ ਬਾਅਦ ਤੋਂ ਟੀਮ ਤੋਂ ਦੂਰ ਰਿਹਾ ਹੈ। ਦਿੱਲੀ ਸਿਰਫ 1 ਵਾਰ 2020 ਵਿਚ ਫਾਈਨਲ ਵਿਚ ਪਹੁੰਚੀ ਹੈ ਜਦੋਂ ਉਹ ਮੁੰਬਈ ਇੰਡੀਅਨਜ਼ ਹੱਥੋਂ ਹਾਰ ਗਈ ਸੀ।