ਸਮਿਥ ਨਾਲ ਨਜਿੱਠਣ ਦਾ ਤਰੀਕਾ ਲੱਭ ਲਿਆ ਹੈ : ਅਸ਼ਵਿਨ
Thursday, Nov 14, 2024 - 11:31 AM (IST)
ਚੇਨਈ– ਭਾਰਤ ਦੇ ਸੀਨੀਅਰ ਆਫ ਸਪਿਨਰ ਆਰ. ਅਸ਼ਵਿਨ ਨੇ ਕਿਹਾ ਕਿ ਉਸ ਨੇ ਆਗਾਮੀ ਪੰਜ ਮੈਚਾਂ ਦੀ ਟੈਸਟ ਲੜੀ ਵਿਚ ਆਸਟ੍ਰੇਲੀਅਨ ਬੱਲੇਬਾਜ਼ੀ ਦੇ ਮੁੱਖ ਆਧਾਰ ਸਟੀਵ ਸਮਿਥ ਨਾਲ ਨਜਿੱਠਣ ਦਾ ਤੀਰਕਾ ਲੱਭ ਲਿਆ ਹੈ। ਚੋਟੀ ਪੱਧਰ ’ਤੇ ਇਨ੍ਹਾਂ ਦੋਵਾਂ ਦੀ ਵਿਰੋਧਤਾ ਇਕ ਦਹਾਕੇ ਪੁਰਾਣੀ ਹੈ। ਇਹ ਦੋਵੇਂ ਤਜਰਬੇਕਾਰ ਖਿਡਾਰੀ 22 ਨਵੰਬਰ ਤੋਂ ਪਰਥ ਵਿਚ ਸ਼ੁਰੂ ਹੋਣ ਵਾਲੀ ਬਾਰਡਰ-ਗਾਵਸਕਰ ਟਰਾਫੀ ਦੌਰਾਨ ਆਹਮੋ-ਸਾਹਮਣੇ ਹੋਣਗੇ। ਅਸ਼ਵਿਨ ਤੇ ਸਮਿਥ ਆਈ. ਪੀ. ਐੱਲ. ਫ੍ਰੈਂਚਾਈਜ਼ੀ ਰਾਈਜ਼ਿੰਗ ਪੁਣੇ ਸੁਪਰ ਜਾਇੰਟਸ (ਆਰ. ਪੀ. ਐੱਸ. ਜੀ.) ਤੇ ਦਿੱਲੀ ਕੈਪੀਟਲਜ਼ ਵਿਚ ਇਕੱਠੇ ਸਮਾਂ ਬਿਤਾ ਚੁੱਕੇ ਹਨ, ਜਿਸ ਨਾਲ ਭਾਰਤੀ ਸਪਿਨਰ ਨੂੰ ਸਮਿਥ ਦੀ ‘ਰਣਨੀਤੀ ਨੂੰ ਸਮਝਣ’ ਵਿਚ ਮਦਦ ਮਿਲੀ।
ਅਸ਼ਵਿਨ ਨੇ ਕਿਹਾ, ‘‘ਸਟੀਵ ਸਮਿਥ ਸਪਿਨ ਵਿਰੁੱਧ ਇਕ ਖਿਡਾਰੀ ਦੇ ਰੂਪ ਵਿਚ ਵਿਸ਼ੇਸ਼ ਰੂਪ ਨਾਲ ਖਿੱਚ ਦਾ ਕੇਂਦਰ ਹੈ। ਉਸਦੇ ਕੋਲ ਅਨੋਖੀ ਤਕਨੀਕ ਹੈ, ਇੱਥੋਂ ਤੱਕ ਕਿ ਤੇਜ਼ ਗੇਂਦਬਾਜ਼ਾਂ ਨੂੰ ਖੇਡਣ ਦੀ ਵੀ।’’ਉਸ ਨੇ ਕਿਹਾ, ‘‘ਪਰ ਸਪਿਨ ਦੇ ਮਾਮਲੇ ਵਿਚ ਮੈਨੂੰ ਲੱਗਦਾ ਹੈ ਕਿ ਉਹ ਚੰਗੀ ਰਣਨੀਤੀ ਤੇ ਚੰਗੀ ਤਿਆਰੀ ਦੇ ਨਾਲ ਆਇਆ ਸੀ ਤੇ ਹਾਂ, ਉਹ ਇਸ ਨੂੰ ਕਿਸੇ ਵੀ ਹਾਲਾਤ ਵਿਚ ਲਾਗੂ ਕਰ ਕਰਦਾ ਸੀ ਅਤੇ ਪਿਛਲੇ ਕੁਝ ਸਾਲਾਂ ਵਿਚ ਮੈਂ ਇਸ ਨੂੰ ਸਮਝਣ ਦੇ ਤਰੀਕੇ ਤੇ ਸਾਧਨ ਲੱਭ ਲਏ ਹਨ।’’
ਅਸ਼ਵਿਨ ਨੇ ਕਿਹਾ,‘‘ਜਦੋਂ ਉਹ ਦਿੱਲੀ ਕੈਪੀਟਲਜ਼ ਵਿਚ ਰਿਹਾ, ਆਰ. ਪੀ. ਐੱਸ. ਜੀ. ਵਿਚ ਰਿਹਾ, ਉਹ ਨੈੱਟ ਸੈਸ਼ਨ ਜਿਹੜੇ ਮੈਂ ਉਸਦੇ ਨਾਲ ਬਿਤਾਏ, ਉਨ੍ਹਾਂ ਵਿਚ ਮੈਨੂੰ ਇਹ ਸਮਝਣ ਵਿਚ ਆਇਆ ਕਿ ਉਹ ਕਿਵੇਂ ਤਿਆਰੀ ਕਰਦਾ ਹੈ ਤੇ ਉਸ ਨੂੰ ਕੀ ਪਸੰਦ ਹੈ ਤੇ ਕੀ ਨਹੀਂ।’’ ਸਮਿਥ ਨੂੰ ਸਭ ਤੋਂ ਪਹਿਲਾਂ ਭਾਰਤ ਦੇ 2013-14 ਦੇ ਆਸਟ੍ਰੇਲੀਆ ਦੌਰੇ ਦੌਰਾਨ ਗੇਂਦਬਾਜ਼ੀ ਕਰਨ ਵਾਲੇ ਅਸ਼ਵਿਨ ਨੇ ਆਪਣੇ ਸਖਤ ਵਿਰੋਧੀ ਦੀ ਸ਼ਲਾਘਾ ਕੀਤੀ। ਆਸਟ੍ਰੇਲੀਅਨ ਬੱਲੇਬਾਜ਼ ਨੇ ਇਸ ਧਾਕੜ ਸਪਿਨਰ ਦਾ ਸਾਹਮਣਾ ਕਰਦੇ ਹੋਏ 570 ਗੇਂਦਾਂ ਵਿਚ 348 ਦੌੜਾਂ ਬਣਾਈਆਂ ਹਨ। ਸਮਿਥ ਸਿਰਫ 3 ਵਾਰ ਅਸ਼ਵਿਨ ਦੀ ਗੇਂਦ ’ਤੇ ਆਊਟ ਹੋਇਆ ਹੈ।
ਅਸ਼ਵਿਨ ਨੇ ਕਿਹਾ,‘‘ਉਹ ਬਹੁਤ ਸੋਚਣ ਵਾਲਾ ਕ੍ਰਿਕਟਰ ਵੀ ਹੈ। ਉਹ ਹਰ ਸਮੇਂ ਤੁਹਾਡੇ ਤੋਂ ਬਿਹਤਰ ਪ੍ਰਦਰਸ਼ਨ ਕਰਵਾਉਣਾ ਚਾਹੁੰਦਾ ਹੈ। ਉਸਦੇ ਕੋਲ ਅਭਿਆਸ ਕਰਨ ਤੇ ਮੈਦਾਨ ਵਿਚ ਤੁਹਾਡਾ ਸਾਹਮਣਾ ਕਰਨ ਦੇ ਅਨੋਖੇ ਤਰੀਕੇ ਹਨ ਅਤੇ ਕਦੇ-ਕਦੇ ਇਕ ਗੇਂਦਬਾਜ਼ ਦੇ ਤੌਰ ’ਤੇ ਜਦੋਂ ਤੁਸੀਂ ਬੱਲੇਬਾਜ਼ ਨੂੰ ਉਸਦੀ ਪ੍ਰਕਿਰਿਆ ਵਿਚੋਂ ਲੰਘਦੇ ਹੋਏ ਦੇਖਦੇ ਹੋ ਤਾਂ ਤੁਸੀਂ ਪਛਾਣ ਲੈਂਦੇ ਹੋ ਕਿ ਕਮੀ ਕਿੱਥੇ ਹੈ।’’ਭਾਰਤੀ ਸਪਿਨਰ ਨੇ ਕਿਹਾ,‘‘ਪਰ ਬਹੁਤ ਬਾਅਦ ਵਿਚ ਜਦੋਂ ਮੈਨੂੰ ਲੱਗਦਾ ਹੈ ਕਿ ਮੈਂ ਸਮਝ ਲਿਆ ਹੈ ਕਿ ਉਹ ਕੀ ਕਰਦਾ ਹੈ ਜਾਂ ਕਿਵੇਂ ਬੱਲੇਬਾਜ਼ੀ ਕਰਦਾ ਹੈ ਤਾਂ ਮੈਂ ਉਸ ਤੋਂ ਅੱਗੇ ਨਿਕਲ ਜਾਂਦਾ ਹਾਂ।’’
ਆਧੁਨਿਕ ਸਮੇਂ ਦੇ ਮਹਾਨ ਬੱਲੇਬਾਜ਼ਾਂ ਵਿਚ ਸ਼ਾਮਲ ਸਮਿਥ ਡੇਵਿਡ ਵਾਰਨਰ ਦੇ ਸੰਨਿਆਸ ਤੋਂ ਬਾਅਦ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਖਰਾਬ ਪ੍ਰਦਰਸ਼ਨ ਕਰਨ ਤੋਂ ਬਾਅਦ ਕੁਝ ਵੱਡੀਆਂ ਪਾਰੀਆਂ ਖੇਡਣ ਲਈ ਬੇਤਾਬ ਹੋਵੇਗਾ। ਉਸਨੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਚਾਰ ਟੈਸਟ ਮੈਚਾਂ ਵਿਚ 28.50 ਦੀ ਔਸਤ ਨਾਲ ਸਿਰਫ 171 ਦੌੜਾਂ ਬਣਾਈਆਂ। ਅਸ਼ਵਿਨ 38 ਵਿਕਟਾਂ ਲੈ ਕੇ ਆਸਟ੍ਰੇਲੀਆ ਵਿਚ ਭਾਰਤ ਲਈ ਤੀਜਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਹੈ। ਉਸ ਤੋਂ ਅੱਗੇ ਅਨਿਲ ਕੁੰਬਲੇ (49) ਤੇ ਕਪਿਲ ਦੇਵ (51) ਹਨ।