ਇੰਗਲੈਂਡ ਦੇ ਹੈਰੀ ਕੇਨ ਤੇ ਸਪੇਨ ਦੇ ਦਾਨੀ ਓਲਮੋ ਸਮੇਤ 6 ਨੂੰ ਗੋਲਡਨ ਬੂਟ
Tuesday, Jul 16, 2024 - 09:13 PM (IST)

ਬਰਲਿਨ– ਇੰਗਲੈਂਡ ਦੇ ਸਟ੍ਰਾਈਕਰ ਹੈਰੀ ਕੇਨ ਸਮੇਤ 6 ਖਿਡਾਰੀਆਂ ਨੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਵਿਚ ਸਭ ਤੋਂ ਵੱਧ ਗੋਲ ਕਰਕੇ ਗੋਲਡਨ ਬੂਟ ਜਿੱਤਿਆ। ਕੇਨ ਤੋਂ ਇਲਾਵਾ ਸਪੇਨ ਦੇ ਦਾਨੀ ਓਲਮੋ, ਜਰਮਨੀ ਦੇ ਜਮਾਲ ਮੁਸਿਆਲਾ, ਨੀਦਰਲੈਂਡ ਦੇ ਕੋਡੀ ਗਾਕਪੋ, ਸਲੋਵਾਕੀਆ ਦੇ ਇਵਾਨ ਸ਼ਰਾਂਜ ਤੇ ਜਾਰਜੀਆ ਦੇ ਜਾਰਜਸ ਐੱਮ. ਨੇ ਵੀ ਤਿੰਨ-ਤਿੰਨ ਗੋਲ ਕੀਤੇ।
ਕੇਨ ਲਗਾਤਾਰ ਦੋ ਯੂਰੋ ਫਾਈਨਲ ਹਾਰ ਜਾਣ ਦੀ ਤ੍ਰਾਸਦੀ ਝੱਲ ਚੁੱਕਾ ਹੈ। ਤਿੰਨ ਸਾਲ ਪਹਿਲਾਂ ਫਾਈਨਲ ਵਿਚ ਇਟਲੀ ਹੱਥੋਂ ਪੈਨਲਟੀ ਸ਼ੂਟਆਊਟ ਵਿਚ ਹਾਰੀ ਟੀਮ ਵਿਚ ਵੀ ਉਹ ਸ਼ਾਮਲ ਸੀ। ਇਸ ਤੋਂ ਇਲਾਵਾ ਚੈਂਪੀਅਨਸ ਲੀਗ ਫਾਈਨਲ ਤੇ ਦੋ ਵਾਰ ਇੰਗਲਿਸ਼ ਲੀਗਸ ਕੱਪ ਵਿਚ ਵੀ ਉਹ ਫਾਈਨਲ ਵਿਚ ਹਾਰ ਝੱਲ ਚੁੱਕਾ ਹੈ। ਕੇਨ ਯੂਰੋ ਚੈਂਪੀਅਨਸ਼ਿਪ ਤੇ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਗੋਲ ਕਰਨ ਵਾਲੇ ਚਾਰ ਪੁਰਸ਼ ਖਿਡਾਰੀਆਂ ਵਿਚ ਹੈ। ਉਸ ਨੇ 2018 ਵਿਸ਼ਵ ਕੱਪ ਵਿਚ ਇਹ ਕਮਾਲ ਕੀਤਾ ਸੀ।
ਜੇਕਰ ਕਈ ਖਿਡਾਰੀਆਂ ਨੇ ਬਰਾਬਰ ਗੋਲ ਕੀਤੇ ਹਨ ਤਾਂ ਹੁਣ ਯੂਏਫਾ ਉਨ੍ਹਾਂ ਨੂੰ ਗੋਲਡਨ ਬੂਟ ਐਵਾਰਡ ਸਾਂਝਾ ਕਰਨ ਦੀ ਮਨਜ਼ੂਰੀ ਦਿੰਦਾ ਹੈ। ਪਹਿਲਾਂ ਅਜਿਹਾ ਨਹੀਂ ਸੀ ਕਿਉਂਕਿ ਪਿਛਲੀ ਵਾਰ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਤੇ ਚੈੱਕ ਗਣਰਾਜ ਦੇ ਪੈਟ੍ਰਿਕ ਸ਼ਿਕ ਦੇ 5-5 ਗੋਲ ਸਨ ਪਰ ਇਕ ਗੋਲ ਵਿਚ ਸਹਾਇਕ ਦੀ ਭੂਮਿਕਾ ਨਿਭਾਉਣ ਕਾਰਨ ਰੋਨਾਲਡੋ ਨੂੰ ਜੇਤੂ ਐਲਾਨ ਕੀਤਾ ਗਿਆ ਸੀ। ਯੂਏਫਾ ਨੇ ਸਪੇਨ ਦੇ ਮਿਡਫੀਲਡਰ ਰੋਡ੍ਰੀ ਨੂੰ ‘ਪਲੇਅਰ ਆਫ ਦਿ ਟੂਰਨਾਮੈਂਟ’ ਚੁਣਿਆ।