ਹੁਣ ਪਾਕਿਸਤਾਨੀ ਖਿਡਾਰੀ ਦੀ ਪਤਨੀ ਨੇ ਛੇੜੀ ਜੰਗ ਦੀ ਗੱਲ!
Monday, Sep 22, 2025 - 09:49 PM (IST)

ਸਪੋਰਟਸ ਡੈਸਕ- ਏਸ਼ੀਆ ਕੱਪ 'ਚ ਦੋ ਵਾਰ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਪਾਕਿਸਤਾਨ ਬਾਜ ਨਹੀਂ ਆ ਰਿਹਾ। ਐਤਵਾਰ ਨੂੰ ਸੁਪਰ-4 ਮੁਕਾਬਲੇ ਤੋਂ ਪਹਿਲਾਂ ਵੀ ਪਾਕਿਸਤਾਨੀ ਖਿਡਾਰੀਆਂ ਅਤੇ ਫੈਨਜ਼ ਨੇ ਕਈ ਵਾਰ ਭਾਰਤੀ ਪਲੇਅਰਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ। ਮੈਚ ਦੌਰਾਨ ਵੀ ਕਾਫੀ ਤਲਖੀ ਦੇਖੀ ਗਈ ਪਰ 6 ਵਿਕਟਾਂ ਨਾਲ ਹਾਰਨ ਮਗਰੋਂ ਇਕ ਵਿਵਾਦ ਉਦੋਂ ਖੜ੍ਹਾ ਹੋ ਗਿਆ ਜਦੋਂ ਹਾਰਿਸ ਰਾਊਫ ਦੀ ਪਤਨੀ ਨੇ ਇੰਸਟਾਗ੍ਰਾਮ ਸਟੋਰ ਲਗਾਈ। ਇਸ ਵਿਚ ਮੁਜਨਾ ਮਸੂਦ ਨੇ ਆਪਣੇ ਪਤੀ ਨੂੰ ''6-0'' ਦਾ ਇਸ਼ਾਰਾ ਕਰਦੇ ਹੋਏ ਦਿਖਾਇਆ। ਉਸਨੇ ਇਸ ਦੇ ਨਾਲ ਕੈਪਸ਼ਨ ਲਿਖੀ- 'ਮੈਚ ਹਾਰੇ ਪਰ ਜੰਗ ਜਿੱਤੇ।'
ਮੈਚ ਦੌਰਾਨ ਵੀ ਜਦੋਂ ਹਾਰਿਸ ਰਾਊਫ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਸਨ ਤਾਂ ਫੈਨਜ਼ ਨੇ ਉਨ੍ਹਾਂ ਨੂੰ ਕੋਹਲੀ ਦੇ ਨਾਂ ਨਾਲ ਚਿੜਾਉਣ ਦੀ ਕੋਸ਼ਿਸ਼ ਕੀਤੀ ਸੀ। ਇਸਦੇ ਜਵਾਬ 'ਚ ਰਾਊਫ ਨੇ ਇਸ਼ਾਰੇ 'ਚ ਜਹਾਜ਼ ਕ੍ਰੈਸ਼ ਹੁੰਦੇ ਦਿਖਾਇਆ। ਮੈਚ ਤੋਂ ਪਹਿਲਾਂ ਪ੍ਰੈਕਟਿਸ ਦੌਰਾਨ ਵੀ ਭਾਰਤੀ ਮੀਡੀਆ ਨੂੰ ਦੇਖ ਕੇ ਉਹ '6-0' ਦਾ ਰੋਲਾ ਪਾ ਰਹੇ ਸਨ। ਇਸਨੂੰ ਆਪਰੇਸ਼ਨ ਸਿੰਦੂਰ ਦੇ ਸੰਦਰਭ 'ਚ ਅਹਿਮ ਮੰਨਿਆ ਜਾ ਰਿਹਾ ਹੈ, ਜਿਥੇ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਪਹਿਲਗਾਮ ਹਮਲੇ ਤੋਂ ਬਾਅਦ 6 ਭਾਰਤੀ ਲੜਾਕੂ ਜਹਾਜ਼ ਮਾਰ ਸੁੱਟੇ ਸਨ।
ਮੈਚ ਦੌਰਾਨ ਦੁਬਈ ਦੇ ਮੈਦਾਨ 'ਤੇ ਭਾਰਤ ਨੇ ਸ਼ੁਰੂਆਤ ਤੋਂ ਹੀ ਪਾਕਿਸਤਾਨ 'ਤੇ ਦਬਦਬਾ ਬਣਾਇਆ। ਸ਼ੁਭਮਨ ਗਿੱਲ ਅਤੇ ਅਭਿਸ਼ੇਕ ਦੀ ਸ਼ੁਰੂਆਤੀ ਸਾਂਝੇਦਾਰੀ ਨੇ ਭਾਰਤ ਦੀ 6 ਵਿਕਟਾਂ ਦੀ ਜਿੱਤ ਦੀ ਨੀਂਹ ਰੱਖੀ। ਮੈਚ ਵਿੱਚ ਤਣਾਅ ਵੀ ਦੇਖਣ ਨੂੰ ਮਿਲਿਆ, ਗਿੱਲ ਅਤੇ ਅਭਿਸ਼ੇਕ ਪਾਕਿਸਤਾਨੀ ਗੇਂਦਬਾਜ਼ਾਂ ਸ਼ਾਹੀਨ ਅਫਰੀਦੀ ਅਤੇ ਹਾਰਿਸ ਰਾਊਫ ਨਾਲ ਬਹਿਸ ਕਰਨ ਵਿੱਚ ਉਲਝ ਗਏ। ਹਾਲਾਂਕਿ ਡ੍ਰਿੰਕਸ ਬ੍ਰੇਕ ਤੋਂ ਬਾਅਦ ਪਾਕਿਸਤਾਨ ਨੇ ਕੁਝ ਵਿਕਟਾਂ ਲਈਆਂ, ਪਰ ਭਾਰਤ ਨੇ ਪੂਰੇ ਮੈਚ ਦੌਰਾਨ ਆਪਣਾ ਕੰਟਰੋਲ ਬਣਾਈ ਰੱਖਿਆ।