ਹਾਰਦਿਕ ਨੇ ਦਿੱਤਾ ਮਾਈਕਲ ਵਾਨ ਨੂੰ ਜਵਾਬ, ਭਾਰਤੀ ਖਿਡਾਰੀਆਂ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ
Thursday, Nov 17, 2022 - 07:24 PM (IST)

ਵੇਲਿੰਗਟਨ– ਨਿਊਜ਼ੀਲੈਂਡ ਵਿਰੁੱਧ ਟੀ-20 ਲੜੀ ਲਈ ਭਾਰਤ ਦੇ ਕਪਤਾਨ ਹਾਰਦਿਕ ਪੰਡਯਾ ਨੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਮਾਈਕਲ ਵਾਨ ਨੂੰ ਜਵਾਬ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਖਿਡਾਰੀਆਂ ਨੂੰ ‘ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਨਹੀਂ ਹੈ।’’ਜ਼ਿਕਰਯੋਗ ਹੈ ਕਿ ਵਾਨ ਨੇ ਟੀ-20 ਵਿਸ਼ਵ ਕੱਪ 2022 ਦੀ ਸਮਾਪਤੀ ਤੋਂ ਬਾਅਦ ਡੇਲੀ ਟੈਲੀਗ੍ਰਾਫ ਅਖਬਾਰ ਵਿਚ ਲਿਖਿਆ ਸੀ ਕਿ ਭਾਰਤ ਨੇ ‘ਸੀਮਤ ਓਵਰ ਕ੍ਰਿਕਟ’ ਵਿਚ ਹਮੇਸ਼ਾ ਉਮੀਦਾਂ ਤੋਂ ਘੱਟ ਪ੍ਰਦਰਸ਼ਨ ਕੀਤਾ ਹੈ।’’
ਪੰਡਯਾ ਨੇ ਟੀ-20 ਲੜੀ ਤੋਂ ਪਹਿਲਾਂ ਇੱਥੇ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਕਿਹਾ,‘‘ਜਦੋਂ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰਦੇ ਤਾਂ ਲੋਕ ਆਪਣੇ ਵਿਚਾਰ ਦੇਣਗੇ, ਜਿਸ ਦਾ ਅਸੀਂ ਸਨਮਾਨ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਲੋਕਾਂ ਦਾ ਵੱਖ-ਵੱਖ ਨਜ਼ਰੀਆ ਹੁੰਦਾ ਹੈ। ਕੌਮਾਂਤਰੀ ਪੱਧਰ ’ਤੇ ਹੋਣ ਦੇ ਨਾਤੇ, ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕਿਸੇ ਨੂੰ ਕੁਝ ਸਾਬਤ ਕਰਨ ਦੀ ਲੋੜ ਹੈ।’’ਪੰਡਯਾ ਨੇ ਕਿਹਾ,‘‘ਇਹ ਇਕ ਖੇਡ ਹੈ। ਤੁਸੀਂ ਬਿਹਤਰ ਹੋਣ ਦੀ ਕੋਸ਼ਿਸ਼ ਕਰਦੇ ਹੋ ਤੇ ਜਦੋਂ ਇਸਦਾ ਨਤੀਜਾ ਮਿਲਣ ਦਾ ਸਮਾਂ ਹੁੰਦਾ ਹੈ, ਤਦ ਨਤੀਜਾ ਮਿਲਦਾ ਹੈ। ਕੁਝ ਚੀਜ਼ਾਂ ਹਨ, ਜਿਨ੍ਹਾਂ ’ਤੇ ਸਾਨੂੰ ਕੰਮ ਕਰਨ ਦੀ ਲੋੜ ਹੈ। ਅੱਗੇ ਵਧਦੇ ਹੋਏ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰਾਂਗੇ ਤੇ ਉਨ੍ਹਾਂ ’ਤੇ ਕੰਮ ਕਰਾਂਗੇ।’’
ਭਾਰਤ ਨੂੰ ਪੰਡਯਾ ਦੀ ਕਪਤਾਨੀ ਵਿਚ ਨਿਊਜ਼ੀਲੈਂਡ ਵਿਰੁੱਧ 3 ਮੈਚਾਂ ਦੀ ਟੀ-20 ਲੜੀ ਖੇਡਣੀ ਹੈ ਜਿਸ ਤੋਂ ਬਾਅਦ ਸ਼ਿਖਰ ਧਵਨ 3 ਵਨ ਡੇ ਮੈਚਾਂ ਵਿਚ ਟੀਮ ਦੀ ਕਮਾਨ ਸੰਭਾਲੇਗਾ। ਭਾਰਤ ਦੇ ਨਿਊਜ਼ੀਲੈਂਡ ਦੌਰੇ ਲਈ ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ ਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਪੰਡਯਾ ਨੂੰ ਭਰੋਸਾ ਹੈ ਕਿ ਸੀਨੀਅਰਾਂ ਦੀ ਗੈਰ-ਹਾਜ਼ਰੀ ਵਿਚ ਨੌਜਵਾਨ ਇਸ ਮੌਕੇ ’ਤੇ ਅੱਗੇ ਆ ਕੇ ਚੰਗਾ ਪ੍ਰਦਰਸ਼ਨ ਕਰਨਗੇ।