IPL 2022 ''ਚ ਇਸ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ ਹਾਰਦਿਕ ਪੰਡਯਾ, ਛੇਤੀ ਹੋ ਸਕਦੈ ਐਲਾਨ
Friday, Jan 21, 2022 - 06:37 PM (IST)
ਅਹਿਮਦਾਬਾਦ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਨਵੀਂ ਫ੍ਰੈਂਚਾਈਜ਼ੀ ਅਹਿਮਦਾਬਾਦ ਹਾਰਦਿਕ ਪੰਡਯਾ ਨੂੰ ਕਪਤਾਨ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਨੂੰ ਸ਼ਾਇਦ ਸ਼ਨੀਵਾਰ ਨੂੰ ਅਧਿਕਾਰਤ ਤੌਰ 'ਤੇ ਕਪਤਾਨ ਐਲਾਨਿਆ ਜਾ ਸਕਦਾ ਹੈ, ਕਿਉਂਕਿ ਸ਼ਨੀਵਾਰ ਦੋਵੇਂ ਆਈ. ਪੀ. ਐੱਲ. ਟੀਮਾਂ ਨੂੰ ਖਿਡਾਰੀਆਂ ਨੂੰ ਸਾਈਨ ਕਰਨ ਲਈ ਦਿੱਤੀ ਗਈ ਸਮਾਂ ਮਿਆਦ ਦਾ ਆਖ਼ਰੀ ਦਿਨ ਹੈ।
ਫ੍ਰੈਂਚਾਈਜ਼ੀ ਦਾ ਇਹ ਕਦਮ ਟੀਮ 'ਚ ਨਾ ਸਿਰਫ਼ ਇਕ ਆਲਰਾਊਂਡਰ ਦਾ ਸਥਾਨ ਸੁਰੱਖਿਅਤ ਕਰੇਗਾ ਸਗੋਂ ਖੁਦ ਨੂੰ ਸਥਾਨਕ ਗੁਜਰਾਤੀ ਪਛਾਣ ਦੇ ਨਾਲ ਜੋੜਨ ਦੇ ਫ੍ਰੈਂਚਾਈਜ਼ੀ ਦੇ ਇਰਾਦੇ ਨੂੰ ਵੀ ਪੂਰਾ ਕਰੇਗਾ। ਗੁਜਰਾਤ 'ਚ ਜਨਮੇ ਹਾਰਦਿਕ ਤੋਂ ਇਲਾਵਾ ਸੀ. ਵੀ. ਸੀ. ਦੀ ਅਗਵਾਈ ਵਾਲੇ ਅਹਿਮਦਾਬਾਦ ਸਮੂਹ ਨੇ ਅਫਗਾਨਿਸਤਾਨ ਦੇ ਸਟਾਰ ਲੈੱਗ ਸਪਿਨਰ ਰਾਸ਼ਿਦ ਖ਼ਾਨ ਨੂੰ ਵੀ 15 ਕਰੋੜ ਰੁਪਏ ਦੀ ਸਮਾਨ ਕੀਮਤ 'ਤੇ ਸਾਈਨ ਕੀਤਾ ਹੈ।
ਦੂਜੇ ਖਿਡਾਰੀ ਦੇ ਤੌਰ 'ਤੇ ਰਾਸ਼ਿਦ ਲਈ ਖ਼ਰਚ ਕੀਤੀ ਗਈ ਰਾਸ਼ੀ ਮਿਆਰੀ ਮੁੱਲ ਸਲੈਬ ਤੋਂ ਉੱਪਰ ਹੈ। ਫ੍ਰੈਂਚਾਈਜ਼ੀ ਨੇ ਇਸ ਲਈ ਆਪਣੀ ਜੇਬ ਤੋਂ ਵੱਧ 4 ਕਰੋੜ ਰੁਪਏ ਖਰਚ ਕਰਨ ਦਾ ਫ਼ੈਸਲਾ ਕੀਤਾ ਹੈ। ਰਿਪੋਰਟ ਦੇ ਮੁਤਾਬਕ ਅਹਿਮਦਬਾਦ ਦੇ ਤੀਜੇ ਖਿਡਾਰੀ ਭਾਰਤੀ ਟੈਸਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਹੋ ਸਕਦੇ ਹਨ ਜਿਨ੍ਹਾਂ ਨੂੰ 7 ਕਰੋੜ ਰੁਪਏ 'ਚ ਖਰੀਦਿਆ ਜਾ ਸਕਦਾ ਹੈ।