ਵਨ ਡੇ ਸੀਰੀਜ਼ ’ਚ ਹਾਰਦਿਕ ਪੰਡਯਾ ਤੇ ਜਸਪ੍ਰੀਤ ਬੁਮਰਾਹ ਨੂੰ ਦਿੱਤਾ ਜਾ ਸਕਦੈ ਆਰਾਮ
Tuesday, Dec 30, 2025 - 10:58 AM (IST)
ਨਵੀਂ ਦਿੱਲੀ– ਆਗਾਮੀ ਟੀ-20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖਦੇ ਹੋਏ ਹਾਰਦਿਕ ਪੰਡਯਾ ਤੇ ਜਸਪ੍ਰੀਤ ਬੁਮਰਾਹ ਨੂੰ ਨਿਊਜ਼ੀਲੈਂਡ ਵਿਰੁੱਧ ਤਿੰਨ ਵਨ ਡੇ ਮੈਚਾਂ ਲਈ ਆਰਾਮ ਦਿੱਤਾ ਜਾ ਸਕਦਾ ਹੈ। ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਵਿਰੁੱਧ 5 ਕੌਮਾਂਤਰੀ ਟੀ-20 ਮੈਚ ਨਾਗਪੁਰ (21 ਜਨਵਰੀ), ਰਾਏਪੁਰ (23 ਜਨਵਰੀ), ਗੁਹਾਟੀ (25 ਜਨਵਰੀ), ਵਿਸ਼ਾਖਾਪਟਨਮ (28 ਜਨਵਰੀ) ਤੇ ਤਿਰੂਵਨੰਤਪੁਰਮ (31 ਜਨਵਰੀ) ਵਿਚ ਹੋਣਗੇ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਪੰਡਯਾ ਤੇ ਜਸਪ੍ਰੀਤ ਬੁਮਰਾਹ ਨਿਊਜ਼ੀਲੈਂਡ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ ਵਿਚ ਵਾਪਸੀ ਕਰਨਗੇ। ਇਨ੍ਹਾਂ ਤੋਂ ਪਹਿਲਾਂ ਹੋਣ ਵਾਲੇ ਤਿੰਨ ਵਨ ਡੇ ਮੈਚ 11 ਜਨਵਰੀ (ਬੜੌਦਾ), 14 ਜਨਵਰੀ (ਰਾਜਕੋਟ) ਤੇ 18 ਜਨਵਰੀ (ਇੰਦੌਰ) ਨੂੰ ਹੋਣਗੇ। ਇਨ੍ਹਾਂ ਵਿਚ ਬੁਮਰਾਹ ਤੇ ਪੰਡਯਾ ਨੂੰ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਵਨ ਡੇ ਟੀਮ ਦਾ ਐਲਾਨ 4-5 ਜਨਵਰੀ ਨੂੰ ਹੋਣ ਦੀ ਉਮੀਦ ਹੈ।
ਅਜਿਹਾ ਸਮਝਿਆ ਜਾ ਰਿਹਾ ਹੈ ਕਿ ਟੀਮ ਮੈਨੇਜਮੈਂਟ ਨੇ ਫੈਸਲਾ ਕੀਤਾ ਹੈ ਕਿ ਟੀ-20 ਵਿਸ਼ਵ ਕੱਪ ਲਈ ਅਹਿਮ ਇਨ੍ਹਾਂ ਦੋ ਖਿਡਾਰੀਆਂ ਨੂੰ ਵਨ ਡੇ ਟੀਮ ਵਿਚੋਂ ਬਾਹਰ ਰੱਖਿਆ ਜਾਵੇਗਾ। ਹਾਰਦਿਕ ਪੰਡਯਾ ਜਿਹੜਾ ਸਿਰਫ ਸਫੈਦ ਗੇਂਦ ਦੀ ਕ੍ਰਿਕਟ ਖੇਡਦਾ ਹੈ, ਫਿਟਨੈੱਸ ਦੀ ਦਿੱਕਤ ਕਾਰਨ ਮਾਰਚ ਵਿਚ ਚੈਂਪੀਅਨਜ਼ ਟਰਾਫੀ ਫਾਈਨਲ ਤੋਂ ਬਾਅਦ ਤੋਂ ਕੋਈ ਵਨ ਡੇ ਨਹੀਂ ਖੇਡਿਆ ਹੈ। ਜਸਪ੍ਰੀਤ ਬੁਮਰਾਹ ਜਿਸ ਦੇ ਵਰਕਲੋਡ ’ਤੇ ਟੀਮ ਵਿਚ ਉਸਦੀ ਅਹਿਮੀਅਤ ਨੂੰ ਦੇਖਦੇ ਹੋਏ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ, 2023 ਵਿਸ਼ਵ ਕੱਪ ਫਾਈਨਲ ਤੋਂ ਬਾਅਦ ਤੋਂ ਉਹ ਕਿਸੇ ਵਨ ਡੇ ਵਿਚ ਨਹੀਂ ਖੇਡਿਆ ਹੈ। ਹਾਲਾਂਕਿ ਉਮੀਦ ਹੈ ਕਿ ਪੰਡਯਾ ਚੱਲ ਰਹੇ ਵਿਜੇ ਹਜ਼ਾਰੇ ਟੂਰਨਾਮੈਂਟ ਵਿਚ ਬੜੌਦਾ ਲਈ ਖੇਡੇਗਾ।
