ਵਿਰਾਟ-ਧੋਨੀ ਨੂੰ ਪਛਾੜਨ ਵਾਲੇ ਹਾਰਦਿਕ ਪੰਡਯਾ ''ਤੇ ਪੰਜਾਬ ਦਾ ਇਹ ਮੰਤਰੀ ਹੈ ''ਭਾਰੀ''

08/14/2017 12:48:32 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਹਰਫਨਮੌਲਾ ਖਿਡਾਰੀ ਹਾਰਦਿਕ ਪੰਡਯਾ ਨੇ ਸ਼੍ਰੀਲੰਕਾ ਦੇ ਖਿਲਾਫ ਪੱਲੇਕੇਲੇ ਟੈਸਟ 'ਚ ਸ਼ਾਨਦਾਰ 96 ਗੇਂਦਾਂ 'ਚ 108 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡਣ ਵਾਲੇ ਪੰਡਯਾ ਨੇ ਇਸ ਟੈਸਟ 'ਚ ਧਾਕੜ ਖਿਡਾਰੀਆਂ ਨੂੰ ਪਿੱਛੇ ਛੱਡਦੇ ਹੋਏ ਕਈ ਰਿਕਾਰਡ ਆਪਣੇ ਨਾਂ ਕੀਤੇ। ਉਨ੍ਹਾਂ ਨੇ 86 ਗੇਂਦਾਂ 'ਚ ਸੈਂਕੜਾ ਪੂਰਾ ਕੀਤਾ ਅਤੇ ਆਪਣੇ ਨਾਂ ਭਾਰਤ ਵੱਲੋਂ ਪੰਜਵਾਂ ਸਭ ਤੋਂ ਤੇਜ਼ ਸੈਂਕੜਾ ਬਣਾਉਣ ਦਾ ਰਿਕਾਰਡ ਕਰ ਲਿਆ। ਹਾਰਦਿਕ ਪੰਡਯਾ ਦੀ ਧਮਾਕੇਦਾਰ ਪਾਰੀ ਦਾ ਹੀ ਅਸਰ ਸੀ ਕਿ ਇਕ ਸਮੇਂ 337/7 ਦੇ ਸਕੋਰ ਨਾਲ 'ਚ ਜੂਝਦੀ ਨਜ਼ਰ ਆ ਰਹੀ ਟੀਮ ਇੰਡੀਆ ਨੇ ਆਖਰਕਾਰ 487 ਦੌੜਾਂ ਬਣਾ ਦਿੱਤੀਆਂ ਅਤੇ ਉਹ ਟੀਮ ਇੰਡੀਆ ਨੂੰ ਇਤਿਹਾਸ ਰਚਣ ਦੇ ਕਰੀਬ ਲੈ ਆਏ। ਆਪਣੀ ਇਸ ਧਮਾਕੇਦਾਰ ਪਾਰੀ 'ਚ ਪੰਡਯਾ ਨੇ 7 ਛੱਕੇ ਅਤੇ 8 ਚੌਕੇ ਲਗਾਏ।

ਪੰਡਯਾ ਨੇ 'ਛੱਕੇ' ਮਾਰਨ 'ਚ ਧੋਨੀ-ਵਿਰਾਟ ਨੂੰ ਛੱਡਿਆ ਪਿੱਛੇ
ਸ਼੍ਰੀਲੰਕਾ ਦੇ ਖਿਲਾਫ ਤੀਜੇ ਟੈਸਟ ਮੈਚ 'ਚ ਹਾਰਦਿਕ ਪੰਡਯਾ ਨੇ ਧਮਾਕੇਦਾਰ 108 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 112.5 ਰਿਹਾ। ਇਹ ਹਾਰਦਿਕ ਪੰਡਯਾ ਦਾ ਤੀਜਾ ਟੈਸਟ ਮੈਚ ਸੀ। ਆਪਣੇ ਡੈਬਿਊ ਟੈਸਟ 'ਚ ਤਿੰਨ ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ ਹਾਰਦਿਕ ਪੰਡਯਾ ਨੇ ਇਸ ਸਾਲ ਸਭ ਤੋਂ ਜ਼ਿਆਦਾ ਛੱਕੇ ਮਾਰਨ ਦੇ ਮਾਮਲੇ 'ਚ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ। ਹਾਰਦਿਕ ਨੇ ਕੌਮਾਂਤਰੀ ਕ੍ਰਿਕਟ 'ਚ ਇਸ ਸਾਲ 26 ਛੱਕੇ ਮਾਰੇ ਹਨ ਜਦਕਿ ਵਿਰਾਟ ਕੋਹਲੀ ਇਸ ਸਾਲ 19 ਛੱਕੇ ਹੀ ਲਗਾ ਸਕੇ ਹਨ। ਜਦਕਿ ਤੀਜੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਕ੍ਰਮਵਾਰ ਰਵਿੰਦਰ ਜਡੇਜਾ (14), ਮਹਿੰਦਰ ਸਿੰਘ ਧੋਨੀ (13) ਅਤੇ ਯੁਵਰਾਜ ਸਿੰਘ (10) ਹਨ।

ਨਵਜੋਤ ਸਿੰਘ ਸਿੱਧੂ ਨੂੰ ਨਹੀਂ ਪਛਾੜ ਸਕੇ ਪੰਡਯਾ
ਹਾਰਦਿਕ ਪੰਡਯਾ ਨੇ ਆਪਣੀ ਪਾਰੀ ਦੇ ਦੌਰਾਨ 7 ਸ਼ਾਨਦਾਰ ਛੱਕੇ ਲਗਾਏ। ਇਸ ਤਰ੍ਹਾਂ ਨਾਲ ਉਹ ਭਾਰਤ ਵੱਲੋਂ ਇਕ ਟੈਸਟ ਪਾਰੀ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦੇ ਮਾਮਲੇ 'ਚ ਵਰਿੰਦਰ ਸਹਿਵਾਗ ਅਤੇ ਹਰਭਜਨ ਸਿੰਘ ਦੇ ਨਾਲ ਦੂਜੇ ਨੰਬਰ 'ਤੇ ਪਹੁੰਚ ਗਏ। ਪਹਿਲੇ ਨੰਬਰ 'ਤੇ ਨਵਜੋਤ ਸਿੰਘ ਸਿੱਧੂ ਹਨ, ਜਿਨ੍ਹਾਂ ਨੇ ਇਕ ਟੈਸਟ ਪਾਰੀ 'ਚ 8 ਛੱਕੇ ਲਗਾਏ ਸਨ। ਸਿੱਧੂ ਨੇ ਇਹ ਕਾਰਨਾਮਾ ਸਾਲ 1994 'ਚ ਸ਼੍ਰੀਲੰਕਾ ਦੇ ਖਿਲਾਫ ਲਖਨਊ 'ਚ ਕੀਤਾ ਸੀ। ਸਹਿਵਾਗ ਨੇ ਸਾਲ 2009 'ਚ ਸ਼੍ਰੀਲੰਕਾ ਦੇ ਖਿਲਾਫ ਅਤੇ ਹਰਭਜਨ ਸਿੰਘ ਨੇ ਸਾਲ 2010 'ਚ ਨਿਊਜ਼ੀਲੈਂਡ ਦੇ ਖਿਲਾਫ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ।


Related News