ਮੈਚ ਜਿੱਤਣ ਤੋਂ ਬਾਅਦ ਭੱਜੀ ਨੇ ਕਿਹਾ- ਲੋਕਾਂ ਨੂੰ ਜ਼ਿਆਦਾ ਦੌੜਾਂ 'ਤੇ ਸ਼ਿਕਾਇਤ ਨਹੀਂ ਹੁੰਦੀ
Sunday, Mar 24, 2019 - 04:15 PM (IST)

ਚੇਨਈ— ਆਈ.ਪੀ.ਐੱਲ. 2019 ਦੇ ਪਹਿਲੇ ਮੈਚ 'ਚ ਚੇਪਕ ਸਟੇਡੀਅਮ ਦੀ ਹੌਲੀ ਪਿੱਚ ਦੀ ਭਾਵੇਂ ਹੀ ਕਾਫੀ ਆਲੋਚਨਾ ਹੋ ਰਹੀ ਹੈ ਪਰ ਤਜਰਬੇਕਾਰ ਆਫ ਸਪਿਨਰ ਹਰਭਜਨ ਸਿੰਘ ਨੇ ਕਿਹਾ ਕਿ ਵਿਕਟ 'ਤੇ ਬੱਲੇਬਾਜ਼ੀ ਕਰਨਾ ਮੁਸ਼ਕਲ ਸੀ, ਪਰ ਇਸ 'ਤੇ ਖੇਡਿਆ ਜਾ ਸਕਦਾ ਸੀ। ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਇੱਥੇ ਇੰਡੀਅਨ ਪ੍ਰੀਮਅਰ ਲੀਗ ਦੇ ਸ਼ੁਰੂਆਤੀ ਮੈਚ ਦੇ ਬਾਅਦ ਵਿਕਟ ਪ੍ਰਤੀ ਨਿਰਾਸ਼ਾ ਪ੍ਰਗਟਾਈ ਸੀ।
ਬੈਂਗਲੁਰੂ ਦੀ ਟੀਮ 17.1 ਓਵਰ 'ਚ 70 ਦੌੜਾਂ 'ਤੇ ਆਊਟ ਹੋ ਗਈ ਸੀ ਜਦਕਿ ਚੇਨਈ ਸੁਪਰ ਕਿੰਗਜ਼ ਨੇ 17.1 ਓਵਰ 'ਚ ਟੀਚਾ ਹਾਸਲ ਕਰ ਕੇ 7 ਵਿਕਟਾਂ ਨਾਲ ਮੈਚ ਜਿੱਤਿਆ। ਹਰਭਜਨ ਨੇ ਮੈਚ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ, ''ਇਹ ਬੱਲੇਬਾਜ਼ੀ ਕਰਨ ਲਈ ਮੁਸ਼ਕਲ ਪਿੱਚ ਸੀ ਪਰ ਅਜਿਹਾ ਨਹੀਂ ਸੀ ਕਿ ਇਸ 'ਤੇ ਖੇਡਿਆ ਨਹੀਂ ਜਾ ਸਕਦਾ ਸੀ। ਅਸੀਂ ਚੰਗੇ ਵਿਕਟਾਂ 'ਤੇ ਮੈਚ ਦੇਖਣ ਦੇ ਇੰਨੇ ਆਦੀ ਹੋ ਗਏ ਹਾਂ ਕਿ ਜਦੋਂ ਲੋਕ 170-180 ਦੌੜਾਂ ਦਾ ਸਕੋਰ ਬਣਾਉਂਦੇ ਹਨ ਤਾਂ ਕੋਈ ਵੀ ਸ਼ਿਕਾਇਤ ਨਹੀਂ ਕਰਦਾ।'' ਉਨ੍ਹਾਂ ਕਿਹਾ, ''ਪਰ ਜੇਕਰ ਇਹ ਥੋੜ੍ਹੀ ਸਪਿਨ ਜਾਂ ਸੀਮ ਲੈਂਦੀ ਹੈ ਤਾਂ ਹਰ ਕਿਸੇ ਨੂੰ ਸਮੱਸਿਆ ਹੋ ਜਾਂਦੀ ਹੈ ਅਤੇ ਕਹਿੰਦੇ ਹਨ ਕਿ ਅਜਿਹਾ ਕਿਊਂ ਹੋ ਰਿਹਾ ਹੈ?''