ਹਰਭਜਨ ਨੂੰ ਅਸ਼ਵਿਨ ''ਤੇ ਟਿੱਪਣੀ ਕਰਨ ''ਤੇ ਸਾਬਕਾ ਭਾਰਤੀ ਦਿੱਗਜ ਨੇ ਲਿਆ ਲੰਮੇ ਹੱਥੀਂ
Thursday, Jan 10, 2019 - 03:12 PM (IST)
ਮੁੰਬਈ— ਭਾਰਤ ਦੇ ਸਾਬਕਾ ਵਿਕਟਕੀਪਰ ਫਾਰੁਖ ਇੰਜੀਨੀਅਰ ਨੇ ਰਵੀਚੰਦਰਨ ਅਸ਼ਵਿਨ ਦੇ ਆਸਟਰੇਲੀਆ 'ਤੇ ਹਾਲ 'ਚ ਮਿਲੀ ਟੈਸਟ ਸੀਰੀਜ਼ 'ਚ ਜਿੱਤ ਦੇ ਦੌਰਾਨ ਪ੍ਰਦਰਸ਼ਨ ਦੀ ਆਲੋਚਨਾਤਮਕ ਟਿੱਪਣੀ ਕਰਨ ਲਈ ਸਾਬਕਾ ਟੈਸਟ ਆਫ ਸਪਿਨਰ ਹਰਭਜਨ ਸਿੰਘ ਦੀ ਆਲੋਚਨਾ ਕੀਤੀ। ਇੰਜੀਨੀਅਰ ਨੇ ਬੁੱਧਵਾਰ ਸ਼ਾਮ ਨੂੰ ਇੱਥੇ ਕ੍ਰਿਕਟ ਕਲੱਬ ਆਫ ਇੰਡੀਆ 'ਚ ਲੀਜੈਂਡਸ ਕਲੱਬ ਵੱਲੋਂ ਆਯੋਜਿਤ 'ਟਾਕ ਸ਼ੋਅ' ਦੇ ਦੌਰਾਨ ਕਿਹਾ, ''ਕੀ ਤੁਸੀਂ ਅਸ਼ਵਿਨ ਦੇ ਬਾਰੇ 'ਚ ਹਰਭਜਨ ਦੀ ਟਿੱਪਣੀ ਪੜ੍ਹੀ। ਉਹ ਉੱਥੇ ਸਹੀ ਨਹੀਂ ਸੀ। ਪਹਿਲਾ ਸਪਿਨਰ ਅਤੇ ਦੂਜਾ ਸਪਿਨਰ ਕੀ ਹੈ? ਸਪਿਨਰ ਸਪਿਨਰ ਹੀ ਹੈ।''

ਸਾਲ 1960 ਤੋਂ ਲੈਕੇ 1970 ਦੇ ਸ਼ੁਰੂ ਤਕ ਭਾਰਤ ਦੇ ਨੰਬਰ ਇਕ ਵਿਕਟਕੀਪਰ ਰਹੇ ਇੰਜੀਨੀਅਰ ਨੇ ਕਿਹਾ, ''ਅਸ਼ਵਿਨ ਬਿਹਤਰੀਨ ਗੇਂਦਬਾਜ਼ ਹੈ। ਮੈਨੂੰ ਅਜਿਹਾ ਲੱਗਾ ਕਿ ਉਹ (ਹਰਭਜਨ) ਅਸ਼ਵਿਨ ਦੀ ਆਲੋਚਨਾ ਕਰ ਰਿਹਾ ਸੀ। ਤੁਸੀਂ ਜਨਤਕ ਤੌਰ 'ਤੇ ਅਜਿਹੀ ਗੱਲ ਨਹੀਂ ਕਰ ਸਕਦੇ, ਖਾਸ ਕਰਕੇ ਉਦੋਂ ਜਦੋਂ ਕਿਸੇ ਆਫ ਸਪਿਨਰ ਨੇ ਤੁਹਾਡੀ ਜਗ੍ਹਾ ਲਈ ਹੋਵੇ। ਇਹ ਅਜਿਹਾ ਹੀ ਹੈ ਜਿਵੇਂ (ਮਹਿੰਦਰ ਸਿੰਘ) ਧੋਨੀ (ਰਿਸ਼ਭ) ਪੰਤ ਦੀ ਆਲੋਚਨਾ ਕਰੇ। ਇਹ ਕ੍ਰਿਕਟ ਨਹੀਂ ਹੈ।

ਜ਼ਿਕਰਯੋਗ ਹੈ ਕਿ ਹਰਭਜਨ ਨੇ ਮੀਡੀਆ 'ਚ ਕਿਹਾ ਸੀ ਕਿ ਅਸ਼ਵਿਨ ਅਜਿਹੇ ਸਮੇਂ ਸੱਟ ਦਾ ਸ਼ਿਕਾਰ ਹੋਏ ਜਦੋਂ ਟੀਮ ਨੂੰ ਉਨ੍ਹਾਂ ਦੀ ਲੋੜ ਸੀ ਅਤੇ ਸਿਡਨੀ 'ਚ ਅੰਤਿਮ ਟੈਸਟ 'ਚ ਮੌਕਾ ਦਿੱਤੇ ਜਾਣ ਵਾਲੇ ਕੁਲਦੀਪ ਯਾਦਵ ਨੇ ਇੰਨੀ ਚੰਗੀ ਗੇਂਦਬਾਜ਼ੀ ਕੀਤੀ ਕਿ ਉਸ ਨੇ ਖੁਦ ਨੂੰ ਨੰਬਰ ਇਕ ਸਪਿਨਰ ਮਨਵਾਇਆ ਹੈ। ਰਵਿੰਦਰ ਜਡੇਜਾ ਨੇ ਅੰਤਿਮ ਦੋ ਟੈਸਟ 'ਚ ਆਪਣੇ ਖੱਬੇ ਹੱਥ ਦੀ ਸਪਿਨ ਨਾਲ ਚੰਗੀ ਗੇਂਦਬਾਜ਼ੀ ਕੀਤੀ।
