ਪੰਜਾਬ ਦੀ ਅੱਧੀ ਟੀਮ ਸਾਊਥ ਇੰਡੀਅਨ : ਮੋਂਟੀ ਪਨੇਸਰ
Sunday, Sep 27, 2020 - 12:55 AM (IST)
ਜਲੰਧਰ (ਜਸਮੀਤ/ਸਚਿਨ)– ਇੰਗਲੈਂਡ ਦਾ ਸਾਬਕਾ ਕ੍ਰਿਕਟਰ ਮੋਂਟੀ ਪਨੇਸਰ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਵਿਚ ਅੱਧੇ ਤੋਂ ਜ਼ਿਆਦਾ ਕ੍ਰਿਕਟਰ ਸਾਊਥ ਇੰਡੀਅਨ ਹੋਣ ਤੋਂ ਹੈਰਾਨ ਹੈ। 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਪੰਜਾਬ ਟੀਮ ਦੀ ਮਾਰਕੀਟਿੰਗ ਸਟ੍ਰੈਟਜੀ ਕਾਫੀ ਚੰਗੀ ਹੈ। ਉਹ ਪੰਜਾਬੀ ਫੈਨਸ ਨੂੰ ਨਾਲ ਜੋੜਦੇ ਹਨ। ਖਾਸ ਤੌਰ 'ਤੇ ਉਸਦਾ 'ਸਾਡਾ ਪੰਜਾਬ' ਦਾ ਨਾਅਰਾ ਹੈ ਪਰ ਜੇਕਰ ਟੀਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਅੱਧੇ ਤੋਂ ਵੱਧ ਕ੍ਰਿਕਟਰ ਸਾਊਥ ਇੰਡੀਅਨ ਹਨ। ਟੀਮ ਦੀ ਕੋਚਿੰਗ ਅਨਿਲ ਕੁੰਬਲੇ ਕੋਲ ਹੈ, ਜਿਹੜਾ ਸਾਊਥ ਇੰਡੀਅਨ ਹੈ ਤੇ ਉਥੇ ਹੀ ਕੇ. ਐੱਲ. ਰਾਹੁਲ ਵੀ ਕਰਨਾਟਕ ਤੋਂ ਆਉਂਦਾ ਹੈ। ਹਾਲਾਂਕਿ ਇਹ ਸੰਯੋਜਨ ਚੰਗਾ ਹੈ ਪਰ ਪੰਜਾਬ ਦੀ ਟੀਮ ਵਿਚ ਪੰਜਾਬੀ ਖਿਡਾਰੀਆਂ ਨੂੰ ਵਧੇਰੇ ਮੌਕਾ ਦੇਣਾ ਚਾਹੀਦਾ ਹੈ।
ਮੋਂਟੀ ਨੇ ਇਸਦੇ ਨਾਲ ਹੀ ਕੇ. ਐੱਲ. ਰਾਹੁਲ ਦੀ ਵੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਜਦੋਂ ਉਹ (ਰਾਹੁਲ) ਪ੍ਰਦਰਸ਼ਨ ਕਰਦਾ ਹੈ ਤਾਂ ਉਹ ਵਿਰਾਟ ਕੋਹਲੀ ਤੋਂ ਵੀ ਅੱਗੇ ਨਿਕਲ ਜਾਂਦਾ ਹੈ ਪਰ ਨਿਰੰਤਰਤਾ ਦੀ ਕਮੀ ਅਜੇ ਵੀ ਉਸ ਵਿਚ ਹੈ। ਕੋਹਲੀ ਲਗਾਤਾਰ ਪ੍ਰਦਰਸ਼ਨ ਕਰਦਾ ਹੈ। ਕੇ. ਐੱਲ. ਰਾਹੁਲ ਵਿਚ ਇਸ ਚੀਜ਼ ਦੀ ਕਮੀ ਹੈ। ਉਮਰ ਦੇ ਨਾਲ ਹੀ ਉਹ ਨਿਖਰਦਾ ਜਾਵੇਗਾ।
ਮੋਂਟੀ ਨੇ ਇਸ ਤੋਂ ਇਲਾਵਾ ਵੱਖ-ਵੱਖ ਮੁੱਦਿਆਂ 'ਤੇ ਗੱਲ ਕੀਤੀ।
ਗਾਵਸਕਰ- ਅਨੁਸ਼ਕਾ ਮੁੱਦੇ 'ਤੇ ਕੀ ਕਹੋਗੇ?
ਪਨੇਸਰ- ਅਨੁਸ਼ਕਾ ਸ਼ਰਮਾ ਸਹੀ ਹੈ। ਉਹ ਕਹਿ ਰਹੀ ਹੈ ਕਿ ਮੈਨੂੰ ਕ੍ਰਿਕਟ ਵਿਚ ਨਾ ਘਸੀਟੋ। ਮੈਂ ਬਾਲੀਵੁਡ ਅਭਿਨੇਤਰੀ ਹਾਂ। ਮੇਰੀ ਆਪਣੀ ਪਛਾਣ ਹੈ। ਮੈਂ ਵਿਰਾਟ ਕੋਹਲੀ ਦੀ ਪਤਨੀ ਹਾਂ, ਬਸ। ਕ੍ਰਿਕਟ ਦੀ ਗੱਲ ਹੈ ਤਾਂ ਕੋਹਲੀ ਦਾ ਨਾਂ ਆਵੇ। ਮੈਂ ਕ੍ਰਿਕਟ ਵਿਚ ਨਹੀਂ ਆਉਣਾ ਚਾਹੁੰਦੀ। ਸਾਨੂੰ ਉਸਦਾ ਸਨਮਾਨ ਕਰਨਾ ਚਾਹੀਦਾ ਹੈ।
ਸਭ ਤੋਂ ਕਮਜ਼ੋਰ ਟੀਮ ਕਿਹੜੀ ਹੈ?
ਪਨੇਸਰ : ਚੇਨਈ। ਉਹ ਅਜੇ ਤਕ ਲੈਅ ਵਿਚ ਨਹੀਂ ਹੈ। ਉਸਦੀ ਪ੍ਰਫੈਕਟ ਪਲੇਇੰਗ-11 ਅਜੇ ਤਕ ਸਾਹਮਣੇ ਨਹੀਂ ਆ ਰਹੀ ਹੈ।
ਸਵਾਲ-ਤੁਹਾਡੀ ਪਸੰਦੀਦਾ ਟੀਮ ਕਿਹੜੀ ਹੈ?
ਜਵਾਬ - ਇਸ ਸਾਲ ਸਾਰੀਆਂ ਟੀਮਾਂ ਬੈਲੰਸਡ ਹਨ ਪਰ ਮੁੰਬਈ ਇੰਡੀਅਨਜ਼ ਚੰਗੀ ਹੈ।
ਸਵਾਲ-ਦਿੱਲੀ ਦੇ ਕਿੰਨੇ ਚਾਂਸ ਹਨ?
ਜਵਾਬ - ਹਾਂ, ਉਸਦਾ ਚੰਗਾ ਚਾਂਸ ਹੈ ਕੁਆਲੀਫਾਈ ਕਰਨ ਵਿਚ। ਕੋਚ ਰਿਕੀ ਪੋਂਟਿੰਗ ਉਸਦੇ ਨਾਲ ਹੈ। ਜਦੋਂ ਤਕ ਇਲੈਵਨ ਚੰਗੀ ਜਾ ਰਹੀ ਹੈ ਤਦ ਤਕ ਪ੍ਰਦਰਸ਼ਨ ਠੀਕ ਰਹੇਗਾ।
ਸਵਾਲ-ਹਰਭਜਨ ਸਿੰਘ ਦਾ ਨਾ ਹੋਣਾ ਕੀ ਸੀ. ਐੱਸ. ਕੇ. 'ਤੇ ਅਸਰ ਪਾ ਰਿਹਾ ਹੈ?
ਜਵਾਬ - ਜਦੋਂ ਤੁਹਾਡਾ ਪ੍ਰਦਰਸ਼ਨ ਹੇਠਾ ਜਾਂਦਾ ਹੈ ਤਾਂ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਤੁਹਾਡੇ ਕੋਲ ਸੀਨੀਅਰ ਖਿਡਾਰੀ ਨਹੀਂ ਹਨ। ਹਰਭਜਨ ਚੰਗਾ ਖਿਡਾਰੀ ਹੈ। ਮੈਨੂੰ ਲੱਗਦਾ ਹੈ ਕਿ ਧੋਨੀ ਵੀ ਉਸ ਨੂੰ ਮਿਸ ਕਰ ਰਿਹਾ ਹੋਵੇਗਾ। ਮੈਚ ਦੌਰਾਨ ਮੁਸ਼ਕਿਲ ਹਾਲਾਤ ਵਿਚ ਆਖਿਰਕਾਰ ਸੀਨੀਅਰ ਖਿਡਾਰੀਆਂ ਦੀ ਲੋੜ ਮਹਿਸੂਸ ਤਾਂ ਹੁੰਦੀ ਹੀ ਹੈ।
ਸਵਾਲ-ਖਿਡਾਰੀ ਜ਼ਖ਼ਮੀ ਹੋ ਰਹੇ ਹਨ, ਕੀ ਕਾਰਣ ਸਮਝਦੇ ਹੋ?
ਜਵਾਬ- ਜ਼ਖ਼ਮੀ ਖਿਡਾਰੀਆਂ ਵਿਚ ਜ਼ਿਆਦਾਤਰ ਆਲਰਾਊਂਡਰ ਹਨ। ਇਨ੍ਹਾਂ ਨੂੰ ਆਪਣੇ ਸਰੀਰ ਨੂੰ ਆਰਾਮ ਦੇਣਾ ਹੁੰਦਾ ਹੈ। ਮਿਸ਼ੇਲ ਇੰਗਲੈਂਡ ਵਿਚ ਖੇਡਿਆ ਹੈ। ਉਹ ਬੱਲੇ ਤੇ ਬਾਲ ਨਾਲ ਚੰਗਾ ਪ੍ਰਦਰਸ਼ਨ ਕਰਦਾ ਹੈ। ਵੈਸੇ ਵੀ ਦੁਬਈ ਦੇ ਮੌਸਮ ਵਿਚ ਖੁਦ ਨੂੰ ਢਾਲਣਾ ਆਸਾਨ ਨਹੀਂ ਹੁੰਦਾ। ਕੋਵਿਡ-19 ਦੇ ਕਾਰਣ ਪਹਿਲਾਂ ਤੋਂ ਖਿਡਾਰੀ ਘਰਾਂ ਵਿਚ ਰਹੇ ਹਨ। ਉਹ ਹੌਲੀ-ਹੌਲੀ ਵਾਪਸੀ ਕਰਨਗੇ।
ਸਵਾਲ- ਬੇਨ ਸਟੋਕਸ ਕਦੋਂ ਜੁੜੇਗਾ ਰਾਜਸਥਾਨ ਨਾਲ?
ਜਵਾਬ- ਨਹੀਂ, ਮੈਨੂੰ ਨਹੀਂ ਲੱਗਦਾ। ਉਸਦੇ ਪਿਤਾ ਠੀਕ ਨਹੀਂ ਹਨ। ਉਹ ਲਗਾਤਾਰ ਕ੍ਰਿਕਟ ਖੇਡ ਰਿਹਾ ਸੀ। ਉਸ ਨੂੰ ਆਰਾਮ ਦੀ ਲੋੜ ਹੈ।
ਸਵਾਲ-ਕਿਸ ਟੀਮ ਨਾਲ ਜੁੜਨਾ ਚਾਹੋਗੇ?
ਜਵਾਬ-ਕੋਈ ਵੀ ਟੀਮ। ਇਕ ਸਾਲ ਵੀ ਜੇਕਰ ਮੈਂ ਟੂਰਨਾਮੈਂਟ ਖੇਡਿਆ ਤਾਂ ਕਾਫੀ ਖੁਸ਼ੀ ਹੋਵੇਗੀ।
ਸਵਾਲ-ਕੇ. ਕੇ. ਆਰ. ਦੀ ਸੈਸ਼ਨ ਵਿਚ ਸਥਿਤੀ ਕਿਹੋ ਜਿਹੀ ਦੇਖਦੇ ਹੋ?
ਜਵਾਬ- ਕੇ. ਕੇ. ਆਰ. ਮੈਨੇਜਮੈਂਟ ਤੋਂ ਇਸ ਵਾਰ ਗਲਤੀ ਹੋਈ ਹੈ। ਦਿਨੇਸ਼ ਕਾਰਤਿਕ ਦੀ ਬਜਾਏ ਇਯੋਨ ਮੋਰਗਨ ਨੂੰ ਕਪਤਾਨ ਹੋਣਾ ਚਾਹੀਦਾ ਸੀ। ਮੋਰਗਨ ਵੱਡਾ ਖਿਡਾਰੀ ਹੈ। ਉਹ ਟੀਮ ਦੀ ਅਗਵਾਈ ਬਿਹਤਰ ਕਰ ਸਕਦਾ ਹੈ।
ਸਵਾਲ-ਧੋਨੀ ਦੀ ਪ੍ਰਫਾਰਮੈਂਸ ਕਿਉਂ ਡਿੱਗ ਰਹੀ ਹੈ?
ਜਵਾਬ- ਵੱਡੇ ਖਿਡਾਰੀਆਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਦੋਂ ਗੇਅਰ ਬਦਲਣਾ ਹੈ। ਧੋਨੀ ਚੰਗਾ ਕਪਤਾਨ ਹੈ। ਬਸ ਸਹੀ ਪਲੇਇੰਗ-11 ਸਾਹਮਣੇ ਨਹੀਂ ਆ ਰਹੀ। ਅੰਬਾਤੀ ਨੂੰ ਟੀਮ ਵਿਚ ਆਉਣਾ ਚਾਹੀਦਾ ਹੈ। ਇਸਦੇ ਨਾਲ ਇਮਰਾਨ ਤਾਹਿਰ ਦੀ ਵਾਪਸੀ ਹੋਣੀ ਚਾਹੀਦੀ ਹੈ। ਸੀਨੀਅਰ ਖਿਡਾਰੀ ਜਦੋਂ ਜੁੜਦੇ ਹਨ ਤਾਂ ਨੌਜਵਾਨ ਜੋਸ਼ ਦੇ ਨਾਲ ਟੀਮ ਦਾ ਪ੍ਰਦਰਸ਼ਨ ਆਪਣੇ-ਆਪ ਹੀ ਸੁਧਰ ਜਾਂਦਾ ਹੈ।