ਗੁਲਬਦੀਨ ਨੈਬ ’ਤੇ ਅਸਹਿਮਤੀ ਜਤਾਉਣ ਲਈ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲੱਗਾ
Sunday, Dec 15, 2024 - 02:26 PM (IST)
ਦੁਬਈ– ਅਫਗਾਨਿਸਤਾਨ ਦੇ ਆਲਰਾਊਂਡਰ ਗੁਲਬਦੀਨ ਨੈਬ ’ਤੇ ਸ਼ੁੱਕਰਵਾਰ ਨੂੰ ਹਰਾਰੇ ਵਿਚ ਜ਼ਿੰਬਾਬਵੇ ਵਿਰੁੱਧ ਦੂਜੇ ਟੀ-20 ਕੌਮਾਂਤਰੀ ਮੈਚ ਦੌਰਾਨ ਅੰਪਾਇਰ ਦੇ ਫੈਸਲੇ ’ਤੇ ਅਸਹਿਮਤੀ ਜਤਾਉਣ ’ਤੇ ਸ਼ਨੀਵਾਰ ਨੂੰ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਅਫਗਾਨਿਸਤਾਨ ਨੇ ਇਹ ਮੁਕਾਬਲਾ 50 ਦੌੜਾਂ ਨਾਲ ਜਿੱਤ ਕੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ।
ਇਹ ਘਟਨਾ ਜ਼ਿੰਬਾਬਵੇ ਦੀ ਪਾਰੀ ਦੇ 11ਵੇਂ ਓਵਰ ਦੌਰਾਨ ਹੋਈ ਜਦੋਂ ਕਪਤਾਨ ਸ਼ਾਹਿਦ ਖਾਨ ਦੀ ਗੇਂਦ ’ਤੇ ਤਾਸ਼ਿੰਗਾ ਮੁਸੇਕੀਵਾ ਵਿਰੁੱਧ ਐੱਲ. ਬੀ. ਡਬਲਯੂ. ਅਪੀਲ ਨੂੰ ਰੱਦ ਕਰ ਦਿੱਤਾ ਗਿਆ। ਜੁਰਮਾਨੇ ਤੋਂ ਇਲਾਵਾ ਸਾਬਕਾ ਅਫਗਾਨਿਸਤਾਨ ਕਪਤਾਨ ਦੇ ਅਨੁਸ਼ਾਸਨਾਤਮਕ ਰਿਕਾਰਡ ਵਿਚ ਇਕ ਡੀਮੈਰਿਟ ਅੰਕ ਵੀ ਜੋੜਿਆ ਗਿਆ ਹੈ ਜਿਹੜਾ 24 ਮਹੀਨਿਆਂ ਦੀ ਮਿਆਦ ਦੇ ਅੰਦਰ ਉਸਦਾ ਪਹਿਲਾ ਅਪਰਾਧ ਹੈ।