ਗੁਕੇਸ਼ ਤੇ ਪ੍ਰਗਿਆਨੰਦਾ 45ਵੇਂ ਸ਼ਤਰੰਜ ਓਲੰਪਿਆਡ ਲਈ ਭਾਰਤੀ ਟੀਮ ’ਚ
Sunday, Jul 14, 2024 - 10:15 AM (IST)
ਚੇਨਈ (ਨਿਕਲੇਸ਼ ਜੈਨ)–ਭਾਰਤ ਦੇ ਸਟਾਰ ਖਿਡਾਰੀ ਡੀ. ਗੁਕੇਸ਼ ਤੇ ਆਰ. ਪ੍ਰਗਿਆਨੰਦਾ ਹੰਗਰੀ ਦੇ ਬੁਡਾਪੇਸਟ ਵਿਚ ਸਤੰਬਰ ਵਿਚ ਹੋਣ ਵਾਲੇ ਆਗਾਮੀ ਸ਼ਤਰੰਜ ਓਲੰਪਿਆਡ ਵਿਚ ਹਿੱਸਾ ਲੈਣਗੇ। ਨਵੰਬਰ ਵਿਚ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿਚ ਚੀਨ ਦੇ ਮੌਜੂਦਾ ਵਿਸ਼ਵ ਚੈਂਪੀਅਨ ਡਿੰਗ ਲਿਰੇਨ ਨੂੰ ਚੁਣੌਤੀ ਦੇਣ ਵਾਲੇ ਗੁਕੇਸ਼ ਦੇ ਲਈ ਇਹ ਟੂਰਨਾਮੈਂਟ ‘ਡ੍ਰੈੱਸ ਰਿਹਰਸਲ’ ਦੀ ਤਰ੍ਹਾਂ ਹੋਵੇਗਾ। ਗੁਕੇਸ਼ (18 ਸਾਲ) ਨੇ ਇਸ ਸਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਅਪ੍ਰੈਲ ਵਿਚ ਟੋਰਾਂਟੋ ਵਿਚ ਕੈਂਡੀਡੇਟਸ ਟੂਰਨਾਮੈਂਟ ਜਿੱਤ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਸੀ।
ਅਖਿਲ ਭਾਰਤੀ ਸ਼ਤਰੰਜ ਸੰਘ ਦੇ ਮੁਖੀ ਨਿਤਿਨ ਨਾਰੰਗ ਨੇ ਦੱਸਿਆ ਕਿ ਟੀਮ ਵਿਚ ਅਰਜੁਨ ਐਰਗਾਸੀ, ਵਿਦਿਤ ਗੁਜਰਾਤੀ ਤੇ ਪੀ. ਹਰਿਕ੍ਰਿਸ਼ਣਾ ਵੀ ਸ਼ਾਮਲ ਹਨ। ਮਹਿਲਾ ਟੀਮ ਵਿਚ ਡੀ. ਹਰਿਕਾ, ਵੈਸ਼ਾਲੀ ਰਮੇਸ਼ਬਾਬੂ, ਦਿਵਿਆ ਦੇਸ਼ਮੁੱਖ, ਵੰਤਿਕਾ ਅਗਰਵਾਲ ਤੇ ਤਾਨੀਆ ਸਚਦੇਵਾ ਮੌਜੂਦ ਹਨ।