IPL 2022 : ਗੁਜਰਾਤ ਦਾ ਸਾਹਮਣਾ ਅੱਜ ਮੁੰਬਈ ਨਾਲ, ਮੈਚ ਤੋਂ ਪਹਿਲਾਂ ਇਕ ਝਾਤ ਇਨ੍ਹਾਂ ਕੁਝ ਖ਼ਾਸ ਗੱਲਾਂ ''ਤੇ

05/06/2022 11:56:44 AM

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦਾ 51ਵਾਂ ਮੈਚ ਅੱਜ ਗੁਜਰਾਤ ਟਾਈਟਨਜ਼ (ਜੀ. ਟੀ)  ਤੇ ਮੁੰਬਈ ਇੰਡੀਅਨਜ਼ (ਐੱਮ. ਆਈ.) ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ। ਅੰਕ ਸੂਚੀ ਵਿਚ ਚੋਟੀ ’ਤੇ ਚੱਲ ਰਹੀ ਗੁਜਰਾਤ ਟਾਈਟਨਜ਼ ਆਈ. ਪੀ. ਐੱਲ. ਦੀ ਪਲੇਅ ਆਫ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਪਣੇ ਸਿਖਰਲੇ ਬੱਲੇਬਾਜ਼ਾਂ ਦੀਆਂ ਕਮੀਆਂ ਨੂੰ ਦੂਰ ਕਰ ਕੇ ਤੇ ਜਿੱਤ ਦੀ ਲੈਅ ਵਾਪਸ ਹਾਸਲ ਕਰ ਕੇ ਪਲੇਆਫ ਵਿਚ ਥਾਂ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗੀ।

ਇਹ ਵੀ ਪੜ੍ਹੋ : ਯੁਵਰਾਜ ਸਿੰਘ ਦੇ ਪੁੱਤਰ ਦੀ ਪਹਿਲੀ ਝਲਕ ਆਈ ਸਾਹਮਣੇ, ਪਤਨੀ ਨੇ ਸਾਂਝੀ ਕੀਤੀ ਤਸਵੀਰ

ਗੁਜਰਾਤ ਟਾਈਟਨਜ਼ ਨੂੰ ਪਿਛਲੇ ਮੈਚ ਵਿਚ ਪੰਜਾਬ ਕਿੰਗਜ਼ ਹੱਥੋਂ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਸ ਦੀ ਪੰਜ ਮੈਚਾਂ ਦੀ ਜਿੱਤ ਦੀ ਲੈਅ ਟੁੱਟ ਗਈ। ਹੁਣ ਤਕ ਪੂਰੇ ਟੂਰਨਾਮੈਂਟ ਦੌਰਾਨ ਬੱਲੇਬਾਜ਼ੀ ਵਿਭਾਗ ਵਿਚ ਨਿਰੰਤਰਤਾ ਦੀ ਘਾਟ ਦਿਖਾਈ ਦਿੱਤੀ ਹੈ ਖ਼ਾਸ ਕਰ ਕੇ ਸਿਖਰਲੇ ਬੱਲੇਬਾਜ਼ ਉਸ ਲਈ ਪਰੇਸ਼ਾਨੀ ਦਾ ਸਬੱਬ ਰਹੇ ਹਨ ਤੇ ਹੁਣ ਸਮਾਂ ਆ ਗਿਆ ਹੈ ਕਿ ਆਈ. ਪੀ. ਐੱਲ. ਦੀ ਨਵੀਂ ਟੀਮ ਨੂੰ ਲੀਗ ਦੇ ਅੰਤ ਵੱਲ ਇਸ ਕਮੀ ਨੂੰ ਸੁਧਾਰਨਾ ਪਵੇਗਾ। ਹਾਰ ਦੇ ਬਾਵਜੂਦ ਗੁਜਰਾਤ 10 ਟੀਮਾਂ ਦੀ ਸੂਚੀ ਵਿਚ 10 ਮੈਚਾਂ ਵਿਚ 16 ਅੰਕ ਲੈ ਕੇ ਸਿਖਰ ’ਤੇ ਕਾਬਜ ਹੈ ਤੇ ਸ਼ੁੱਕਰਵਾਰ ਨੂੰ ਜਿੱਤ ਨਾਲ ਉਹ ਪਲੇਆਫ ਵਿਚ ਥਾਂ ਪੱਕੀ ਕਰਨ ਵਾਲੀ ਪਹਿਲੀ ਟੀਮ ਬਣ ਜਾਵੇਗੀ।

ਮੁੰਬਈ ਇੰਡੀਅਨਜ਼ ਦੀ ਗੱਲ ਕੀਤੀ ਜਾਵੇ ਤਾਂ ਉਹ ਸੂਚੀ ਵਿਚ ਆਖ਼ਰੀ ਸਥਾਨ ’ਤੇ ਹੈ ਤੇ ਲਗਾਤਾਰ ਅੱਠ ਹਾਰਾਂ ਤੋਂ ਬਾਅਦ ਪਹਿਲਾਂ ਹੀ ਪਲੇਅ ਆਫ ਦੀ ਦੌੜ ’ਚੋਂ ਬਾਹਰ ਹੋ ਚੁੱਕੀ ਹੈ ਪਰ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਰਾਜਸਥਾਨ ਰਾਇਲਜ਼ ’ਤੇ ਪੰਜ ਵਿਕਟਾਂ ਦੀ ਜਿੱਤ ਦਰਜ ਕਰ ਕੇ ਸੁੱਖ ਦਾ ਸਾਹ ਲਿਆ ਹੋਵੇਗਾ ਜੋ ਟੂਰਨਾਮੈਂਟ ਵਿਚ ਉਸ ਦੀ ਪਹਿਲੀ ਜਿੱਤ ਸੀ। ਸੂਰਯ ਕੁਮਾਰ ਯਾਦਵ ਬੱਲੇਬਾਜ਼ੀ ਵਿਭਾਗ ਵਿਚ ਮੁੰਬਈ ਦੇ ਸਟਾਰ ਰਹੇ ਹਨ ਵਰਨਾ ਬੱਲੇਬਾਜ਼ੀ ਇਕਾਈ ਵਿਚ ਇਕਜੁਟਤਾ ਦੀ ਘਾਟ ਦਿਖੀ ਹੈ। ਰੋਹਿਤ ਤੇ ਇਸ਼ਾਨ ਦੀ ਟੂਰਨਾਮੈਂਟ ਵਿਚ ਖ਼ਰਾਬ ਲੈਅ ਜਾਰੀ ਹੈ ਜਦਕਿ ਕਿਰੋਨ ਪੋਲਾਰਡ ਹੁਣ ਤਕ ਸੈਸ਼ਨ ਵਿਚ ਆਪਣੀ ਫਿਨਿਸ਼ਰ ਦੀ ਭੂਮਿਕਾ ਨਾਲ ਨਿਆਂ ਨਹੀਂ ਕਰ ਸਕੇ ਹਨ। ਗੇਂਦਬਾਜ਼ੀ ਵਿਭਾਗ ਵਿਚ ਮੁੰਬਈ ਦੀ ਟੀਮ ਆਪਣੇ ਸਰਬੋਤਮ ਦੇ ਨੇੜੇ ਨਹੀਂ ਦਿਖਾਈ ਦਿੱਤੀ। 

ਇਹ ਵੀ ਪੜ੍ਹੋ : ਧਨੁਸ਼ ਨੇ ਸਾਧਿਆ ਗੋਲਡ 'ਤੇ ਨਿਸ਼ਾਨਾ, ਸ਼ੌਰਿਆ ਨੇ ਜਿੱਤਿਆ ਕਾਂਸੀ, ਬੈਡਮਿੰਟਨ 'ਚ ਵੀ ਮਿਲਿਆ ਸੋਨ ਤਮਗਾ

ਸੰਭਾਵਿਤ ਪਲੇਇੰਗ ਇਲੈਵਨ :-
ਗੁਜਰਾਤ ਟਾਈਟਨਜ਼ : ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ, ਸਾਈ ਸੁਦਰਸ਼ਨ, ਡੇਵਿਡ ਮਿਲਰ, ਅਭਿਨਵ ਮਨੋਹਰ, ਹਾਰਦਿਕ ਪੰਡਯਾ (ਕਪਤਾਨ), ਰਾਹੁਲ ਤੇਵਤੀਆ, ਰਾਸ਼ਿਦ ਖ਼ਾਨ, ਅਲਜ਼ਾਰੀ ਜੋਸੇਫ, ਮੁਹੰਮਦ ਸ਼ੰਮੀ, ਲਾਕੀ ਫਰਗਿਊਸਨ।

ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਯਕੁਮਰ ਯਾਦਵ, ਡੇਵਾਲਡ ਬ੍ਰੇਵਿਸ, ਤਿਲਕ ਵਰਮਾ, ਕੀਰੋਨ ਪੋਲਾਰਡ, ਫੈਬੀਅਨ ਐਲਨ, ਮੁਰੂਗਨ ਅਸ਼ਵਿਨ, ਜਸਪ੍ਰੀਤ ਬੁਮਰਾਹ, ਟਾਈਮਲ ਮਿਲਸ, ਜੈਦੇਵ ਉਨਾਦਕਟ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News